ਸਾਰੇ ਵਿਭਾਗ ਆਪਣੇ ਸਟਾਲ ਲਗਾ ਕੇ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਮੌਕੇ ਉਤੇ ਦੇਣ
ਰੂਪਨਗਰ , 26 ਅਕਤੂਬਰ 2021
ਡਿਪਟੀ ਕਮਿਸ਼ਨਰ ਸ਼੍ਰੀਮਤੀ ਸੋਨਾਲੀ ਗਿਰੀ ਨੇ ਜਿਲ੍ਹੇ ਦੇ ਲੋਕਾਂ ਨੂੰ ਸਰਕਾਰ ਦੁਆਰਾ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਅਤੇ ਵੱਖ-ਵੱਖ ਸਕੀਮਾਂ ਦਾ ਲਾਭ ਬਿਨਾਂ ਕਿਸੇ ਰੁਕਾਵਟ ਤੋਂ ਮੁਹੱਈਆ ਕਰਵਾਉਣ ਲਈ ਜਿਲ੍ਹੇ ਦੇ ਨਾਲ-ਨਾਲ ਤਹਿਸੀਲ ਪੱਧਰ ਉਤੇ ਸੁਵਿਧਾ ਕੈਂਪ ਲਗਾਉਣ ਦੀ ਹਦਾਇਤ ਅਧਿਕਾਰੀਆਂ ਨੂੰ ਕੀਤੀ ਹੈ।
ਹੋਰ ਪੜ੍ਹੋ :-ਗ਼ੈਰਕਾਨੂੰਨੀ ਤੌਰ ’ਤੇ ਪਟਾਖੇ ਵੇਚਣ ਵਾਲਿਆਂ ’ਤੇ ਹੋਵੇਗੀ ਸਖਤੀ: ਵਰਜੀਤ ਵਾਲੀਆ
ਉਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਦੀ ਇੱਛਾ ਹੈ ਕਿ ਕਿਸੇ ਵੀ ਜ਼ਰੂਰਤਮੰਦ ਨੂੰ ਬਿਨਾਂ ਕਿਸੇ ਜ਼ਰੂਰੀ ਕਾਰਨ ਦੇ ਸਰਕਾਰੀ ਦਫਤਰਾਂ ਦੇ ਚੱਕਰ ਨਾ ਮਾਰਨੇ ਪੈਣ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅਕਸਰ ਵੇਖਿਆ ਜਾਂਦਾ ਹੈ ਕਿ ਜ਼ਰੂਰਤਮੰਦ ਲੋਕ ਸਰਕਾਰ ਦੁਆਰਾ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਲਈ ਦਫਤਰਾਂ ਦੇ ਚੱਕਰ ਦਸਤਾਵੇਜ਼ ਪੂਰੇ ਕਰਨ ਲਈ ਲਗਾਉਂਦੇ ਹਨ ਜਿਸ ਲਈ ਉਨਾਂ ਨੂੰ ਕਈ ਵਾਰ ਤਹਿਸੀਲ ਜਾਂ ਜਿਲ੍ਹੇ ਪੱਧਰ ਦੇ ਦਫਤਰਾਂ ਵਿਚ ਆਉਣਾ ਪੈਂਦਾ ਹੈ, ਇਸ ਨਾਲ ਜਿੱਥੇ ਉਨਾਂ ਦਾ ਪੈਸਾ ਬਰਬਾਦ ਹੁੰਦਾ ਹੈ ਉਥੇ ਵਾਧੂ ਸਮਾਂ ਵੀ ਲੱਗਦਾ ਹੈ, ਇਸ ਲਈ ਜ਼ਰੂਰੀ ਹੈ ਕਿ ਉਨਾਂ ਦੀ ਰਿਹਾਇਸ਼ ਨੇੜੇ ਪ੍ਰਬੰਧ ਕਰਕੇ ਇਕ ਹੀ ਛੱਤ ਹੇਠ ਸਾਰੀਆਂ ਸਹੂਲਤਾਂ ਦਿੱਤੀਆਂ ਜਾਣ।
ਉਨ੍ਹਾਂ ਐਸ ਡੀ ਐਮਜ਼ ਨੂੰ ਹਦਾਇਤ ਕੀਤੀ ਕਿ ਉਹ 28 ਅਤੇ 29 ਅਕਤੂਬਰ ਨੂੰ ਆਪਣੀ-ਆਪਣੀ ਤਹਿਸੀਲ ਵਿਚ ਸੁਵਿਧਾ ਕੈਂਪ ਲਗਾ ਕੇ ਸਾਰੀਆਂ ਸਰਕਾਰੀ ਸਹੂਲਤਾਂ ਇਕ ਹੀ ਥਾਂ ਦੇਣ ਦਾ ਉਪਰਾਲਾ ਕਰਨ।
ਉਨਾਂ ਕਿਹਾ ਕਿ 28 ਅਕਤੂਬਰ ਨੂੰ ਨਹਿਰੂ ਸਟੇਡੀਅਮ ਨੇੜੇ ਨਵਾਂ ਬੱਸ ਸਟੈਂਡ, ਰੂਪਨਗਰ, ਸ੍ਰੀ ਚਮਕੌਰ ਸਾਹਿਬ ਅਮਰ ਸ਼ਹੀਦ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਕਾਲਜ, ਬੇਲਾ, ਕਮਿਊਨਿਟੀ ਸੈਂਟਰ ਇੰਦਰਾ ਨਗਰ ਨੇੜੇ ਖੁਵਾਜਾ ਪੀਰ ਮੰਦਿਰ ਨੰਗਲ ਵਿਚ ਸੁਵਿਧਾ ਕੈਂਪ ਲਗਾਏ ਜਾਣ।
ਇਸੇ ਤਰਾਂ 29 ਅਕਤੂਬਰ ਨੂੰ ਨਹਿਰੂ ਸਟੇਡੀਅਮ ਨੇੜੇ ਨਵਾਂ ਬੱਸ ਸਟੈਂਡ, ਰੂਪਨਗਰ, ਸ੍ਰੀ ਚਮਕੌਰ ਸਾਹਿਬ ਅਮਰ ਸ਼ਹੀਦ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਕਾਲਜ, ਬੇਲਾ, ਕਮਿਊਨਿਟੀ ਸੈਂਟਰ ਇੰਦਰਾ ਨਗਰ ਨੇੜੇ ਖੁਵਾਜਾ ਪੀਰ ਮੰਦਿਰ ਨੰਗਲ ਵਿਖੇ ਅਜਿਹੇ ਕੈਂਪ ਲਗਾ ਕੇ ਲੋਕਾਂ ਨੂੰ ਸਰਕਾਰੀ ਸੇਵਾਵਾਂ ਦਿੱਤੀਆਂ ਜਾਣ।
ਉਨਾਂ ਦੱਸਿਆ ਕਿ ਇਨਾਂ ਕੈਂਪਾਂ ਵਿਚ ਬੇਘਰੇ ਲੋਕਾਂ ਨੂੰ 5-5 ਮਰਲੇ ਦੇ ਪਲਾਟ, ਬਿਜਲੀ ਬਿਲਾਂ ਦੇ ਬਕਾਇਆ ਰਾਸ਼ੀ ਦੀ ਮਆਫ਼ੀ, ਬੁਢਾਪਾ, ਵਿਧਵਾ, ਅੰਗਹੀਣ ਤੇ ਆਸ਼ਿਰਤਾਂ ਨੂੰ ਪੈਨਸ਼ਨ, ਪ੍ਰਧਾਨ ਮੰਤਰੀ ਯੋਜਨਾ ਅਧੀਨ ਪੱਕਾ ਮਕਾਨ ਬਨਾਉਣ ਲਈ ਦਰਖਾਸਤ, ਬਿਜਲੀ ਕੁਨੈਕਸ਼ਨ, ਘਰਾਂ ਵਿਚ ਪਖਾਨੇ, ਐਲ ਪੀ ਜੀ ਗੈਸ ਕੁਨੈਕਸ਼ਨ, ਸਰਬੱਤ ਸਿਹਤ ਬੀਮਾ ਯੋਜਨਾ ਦੇ ਕਾਰਡ, ਸ਼ਗਨ ਸਕੀਮ, ਬੱਚਿਆਂ ਲਈ ਵਜੀਫੇ, ਬੇਰੁਜ਼ਗਾਰਾਂ ਲਈ ਨੌਕਰੀ ਦੇ ਪ੍ਰਸਤਾਵ ਤੇ ਕਰਜ਼ਾ ਸਹੂਲਤਾਂ, ਬੱਸ ਪਾਸ, ਜ਼ਮੀਨਾਂ ਤੇ ਪਲਾਟਾਂ ਦੇ ਇੰਤਕਾਲ, ਮਨਰੇਗਾ ਦੇ ਜਾਬ ਕਾਰਡ ਆਦਿ ਤੋਂ ਇਲਾਵਾ ਹੋਰ ਵੀ ਵਿਭਾਗਾਂ ਦੀਆਂ ਸਕੀਮਾਂ ਦੇ ਲਾਭ ਮੌਕੇ ਉਤੇ ਦਿੱਤੇ ਜਾਣਗੇ ਜਾਂ ਲਾਭ ਦੇਣ ਲਈ ਜ਼ਰੂਰੀ ਕਾਰਵਾਈ ਪੂਰੀ ਕੀਤੀ ਜਾਵੇਗੀ।
ਉਨਾਂ ਜਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ-ਆਪਣੇ ਇਲਾਕੇ ਵਿਚ ਲੱਗਣ ਵਾਲੇ ਇੰਨਾਂ ਕੈਂਪਾਂ ਦਾ ਲਾਹਾ ਜ਼ਰੂਰ ਲੈਣ।