ਝੋਨੇ ਦੀ ਸਿੱਧੀ ਬਿਜਾਈ ਕਰਨ ਨਾਲ ਪਾਣੀ ਦੀ ਬਚਤ ਤੇ ਫਸਲ ਦਾ ਝਾੜ ਵੱਧਦਾ ਹੈ-ਅਗਾਂਹਵਧੂ ਕਿਸਾਨ ਗੁਰਜੋਤ ਸਿੰਘ

Progressive farmer Gurjot Singh
ਝੋਨੇ ਦੀ ਸਿੱਧੀ ਬਿਜਾਈ ਕਰਨ ਨਾਲ ਪਾਣੀ ਦੀ ਬਚਤ ਤੇ ਫਸਲ ਦਾ ਝਾੜ ਵੱਧਦਾ ਹੈ-ਅਗਾਂਹਵਧੂ ਕਿਸਾਨ ਗੁਰਜੋਤ ਸਿੰਘ

Sorry, this news is not available in your requested language. Please see here.

ਪੰਜਾਬ ਸਰਕਾਰ ਵਲੋਂ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨ ਨੂੰ 1500 ਰੁਪਏ ਪ੍ਰਤੀ ਏਕੜ ਦਿੱਤੀ ਜਾ ਰਹੀ ਹੈ ਵਿੱਤੀ ਸਹਾਇਤਾ

ਗੁਰਦਾਸਪੁਰ, 9 ਮਈ 2222

ਝੋਨੇ ਦੀ ਸਿੱਧੀ ਬਿਜਾਈ ਕਰਨ ਨਾਲ ਜਿਥੇ ਪਾਣੀ ਦੀ ਬੱਚਤ ਹੁੰਦੀ ਹੈ, ਜ਼ਮੀਨ ਦੀ ਉਪਜਾਊ ਸ਼ਕਤੀ ਬਰਕਰਾਰ ਰਹਿੰਦੀ ਹੈ ਅਤੇ ਝੋਨੇ ਦੇ ਝਾੜ ਵਿਚ ਵੀ ਚੋਖਾ ਵਾਧਾ ਹੁੰਦਾ ਹੈ। ਇਹ ਕਹਿਣਾ ਹੈ ਅਗਾਂਹਵਧੂ ਕਿਸਾਨ ਗੁਰਜੋਤ ਸਿੰਘ, ਵਾਸੀ ਪਿੰਡ ਗੁਰਮੱਖ ਸਿੰਘ ਨਗਰ, ਗੁਰਦਾਸਪੁਰ ਦਾ।

ਹੋਰ ਪੜ੍ਹੋ :-ਵੇਰਕਾ ਦਾ ਅਕਸ ਖ਼ਰਾਬ ਕਰਨ ਦੀਆਂ ਕੋਝੀਆਂ ਹਰਕਤਾਂ ਦੀ ਕੀਤੀ ਕਰੜੀ ਨਿਖੇਧੀ

ਕਿਸਾਨ ਗੁਰਜੋਤ ਸਿੰਘ ਨੇ ਦੱਸਿਆ ਕਿ ਉਹ 8 ਏਕੜ ਵਿਚ ਖੇਤੀ ਕਰਦਾ ਹੈ ਅਤੇ ਖੇਤੀਬਾੜੀ ਵਿਭਾਗ ਗੁਰਦਾਸਪੁਰ ਦੇ ਆਤਮਾ ਵਿੰਗ ਦੇ ਸਹਿਯੋਗ ਅਤੇ ਜਾਣਕਾਰੀ ਮੁਹੱਈਆ ਕਰਵਾਉਣ ਉਪਰੰਤ ਉਸ ਵਲੋਂ ਝੋਨੇ ਦੀ ਸਿੱਧੀ ਬਿਜਾਈ ਕਰਨੀ ਸ਼ੁਰੂ ਕੀਤੀ ਗਈ। ਉਨਾਂ ਦੱਸਿਆ ਕਿ ਇੱਕ ਏਕੜ ਵਿਚ 8 ਕਿਲੋ ਬੀਜ, ਕਿਸਮ ਪੀ.ਆਰ-121 ਬੀਜੀ ਤੇ ਇੱਕ ਏਕੜ ਵਿਚੋਂ 28 ਕੁਇੰਟਲ ਝਾੜ ਪ੍ਰਾਪਤ ਕੀਤਾ। ਉਸਨੇ ਅੱਗੇ ਦੱਸਿਆ ਕਿ ਜਦੋਂ ਅਸੀ ਝੋਨੇ ਦੀ ਸਿੱਧੀ ਬਿਜਾਈ ਕਰਦੇ ਹਾਂ ਤਾਂ ਕਣਕ ਦੀ ਫਸਲ ਦੀ ਬੀਜਣ ਉਪਰੰਤ ਵੀ ਕਣਕ ਦੀ ਫਸਲ ਨੂੰ ਬਹੁਤ ਲਾਭ ਮਿਲਦਾ ਹੈ।

ਉਨਾਂ ਅੱਗੇ ਦੱਸਿਆ ਕਿ ਕਿਸਾਨ ਵੀਰ ਝੋਨੇ ਦੀ ਸਿੱਧੀ ਬਿਜਾਈ ਕਰਨ ਤੋਂ ਪਹਿਲਾਂ ਕਣਕ ਦੇ ਵਾਹਣ ਨੂੰ 2 ਜਾਂ 3 ਵਾਰੀ ਭਰਵੇਂ ਪਾਣੀ ਲਗਾਉਣ ਤੇ ਦੂਜੇ ਵੱਤਰ ’ਤੇ ਬਿਜਾਈ ਕਰਨ, ਕਿਉਂਕਿ ਇਸ ਨਾਲ ਲੰਮੇ ਸਮੇਂ ਤੱਕ ਜ਼ਮੀਨਾਂ ਠੰਡੀਆਂ ਰਹਿੰਦੀਆਂ ਹਨ, ਜੇਕਰ ਅਸੀ ਪਹਿਲੇ ਵੱਤਰ ਨਾਲ ਬਿਜਾਈ ਕਰਦੇ ਹਾਂ ਤਾਂ ਖੇਤ ਨੂੰ ਸੋਕਾ ਵੀ ਜਲਦ ਲੱਗੇਗਾ। ਸਿੱਧੀ ਬਿਜਾਈ ਨੂੰ ਪਾਣੀ ਲਗਾਉਣ ਬਾਰੇ ਉਨਾਂ ਦੱਸਿਆ ਕਿ ਪਹਿਲਾ ਪਾਣੀ 20 ਦਿਨਾਂ ਬਾਅਦ ਤੇ ਦੂਜੇ 4-5 ਦਿਨਾਂ ਬਾਅਦ ਖਾਸਕਰਕੇ ਵੱਤਰ ਤੇ ਮੌਸਮ ਦੇ ਹਿਸਾਬ ਨਾਲ ਲਗਾਇਆ ਗਿਆ।

ਕਿਸਾਨ ਗੁਰਜੋਤ ਸਿੰਘ ਨੇ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਵੱਧ ਤੋਂ ਵੱਧ ਝੋਨੇ ਦੀ ਸਿੱਧੀ ਬਿਜਾਈ ਨੂੰ ਉਤਸ਼ਾਹਤ ਕਰਨ ਲਈ ਝੋਨੇ ਦੀ ਸਿੱਧੀ ਬਿਜਾਈ ਲਈ ਡਰਿੱਲਾਂ ਸਬਸਿਡੀ ਤੇ ਪਿੰਡਾਂ ਵਿਚ ਕਿਸਾਨਾਂ ਨੂੰ ਦੇਣ ਤੇ ਲੋਕਾਂ ਨੂੰ ਵੱਧ ਤੋਂ ਜਾਗਰੂਕ ਕੀਤਾ ਜਾਵੇ।

ਇਸ ਮੌਕੇ ਖੇਤੀਬਾੜੀ ਅਫਸਰ ਗੁਰਦਾਸਪੁਰ ਡਾ. ਰਣਧੀਰ ਠਾਕੁਰ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਵੀ ਝੋਨੇ ਦੀ ਸਿੱਧੀ ਬਿਜਾਈ ਨੂੰ ਉਤਸ਼ਾਹਤ ਕੀਤਾ ਜਾ ਰਿਹਾ ਹੈ, ਜਿਸ ਦੇ ਚੱਲਦਿਆਂ ਪੰਜਾਬ ਸਰਕਾਰ ਵਲੋਂ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਪ੍ਰਤੀ ਏਕੜ 1500 ਰੁਪਏ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਗਿਆ ਹੈ।

ਉਨਾਂ ਅੱਗੇ ਦੱਸਿਆ ਕਿ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜਿਲੇ ਅੰਦਰ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਵੱਲ ਉਤਸ਼ਾਹਤ ਕਰਨ ਦੇ ਮੰਤਵ ਨਾਲ ਜਾਗਰੂਕਤਾ ਮੁਹਿੰਮ ਵਿੱਢੀ ਗਈ ਹੈ ਅਤੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਦੇ ਲਾਭ ਤੇ ਸਰਕਾਰ ਵਲੋਂ ਦਿੱਤੀ ਜਾ ਰਹੀ 1500 ਰੁਪਏ ਪ੍ਰਤੀ ਏਕੜ ਵਿੱਤੀ ਸਹਾਇਤਾ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ।

ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਧਰਤੀ ਹੇਠਲੇ ਡਿੱਗਦੇ ਪਾਣੀ ਦੇ ਪੱਧਰ ਨੂੰ ਬਚਾਉਣਾ ਅੱਜ ਸਮੇਂ ਦੀ ਮੁੱਖ ਲੋੜ ਹੈ ਤੇ ਵਾਤਾਵਰਣ ਨੂੰ ਸ਼ੁੱਧ ਰੱਖਣ ਤੇ ਸਿਹਤਮੰਦ ਭਵਿੱਖ ਨੂੰ ਮੁੱਖ ਰੱਖਦਿਆਂ ਝੋਨੇ ਦੀ ਸਿੱਧੀ ਬਿਜਾਈ ਨੂੰ ਤਰਜੀਹ ਦਿੱਤੀ ਜਾਵੇ।

ਅਗਾਂਹਵਧੂ ਕਿਸਾਨ ਗੁਰਜੋਤ ਸਿੰਘ, ਵਾਸੀ ਪਿੰਡ ਗੁਰਮੱਖ ਸਿੰਘ ਨਗਰ, ਗੁਰਦਾਸਪੁਰ।