ਗੁਰਦਾਸਪੁਰ, 15 ਫਰਵਰੀ 2022
ਜਨਾਬ ਮੁਹੰਮਦ ਇਸ਼ਫਾਕ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਨੇ ਵਿਧਾਨ ਸਭਾ ਚੋਣਾਂ 2022 ਦੇ ਮੱਦੇਨਜ਼ਰ 20 ਫਰਵਰੀ ਨੂੰ ਪੋਲਿੰਗ ਡੇਅ ਦੇ ਸਬੰਧ ਵਿਚ ਸਮੂਹ ਰਿਟਰਨਿੰਗ ਅਫ਼ਸਰਾਂ, ਐਸ.ਐਸ.ਪੀਜ਼ ਅਤੇ ਸਬੰਧਤ ਚੋਣ ਅਧਿਕਾਰੀਆਂ ਨਾਲ ਆਨਲਾਈਨ ਜੂਮ ਮੀਟਿੰਗ ਕੀਤੀ ਅਤੇ ਉਨ੍ਹਾਂ ਪਾਸੋਂ ਚੋਣ ਤਿਆਰੀਆਂ ਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ।
ਹੋਰ ਪੜ੍ਹੋ :- ਐਮਪੀ ਅਸ਼ੋਕ ਨੇਤੇ ਪਹੁੰਚੇ ਫਗਵਾੜਾ, ਵਾਰਡ ਨੰਬਰ 6 ਵਿਚ ਸਾਂਪਲਾ ਦੇ ਹੱਕ ਵਿਚ ਕੀਤਾ ਪ੍ਰਚਾਰ
ਜ਼ਿਲ੍ਹਾ ਚੋਣ ਅਫਸਰ ਗੁਰਦਾਸਪੁਰ ਨੇ ਦੱਸਿਆ ਕਿ ਹਰੇਕ ਸੈਕਟਰ ਅਫਸਰ ਨੂੰ ਕਮਿਊਨੀਕੇਸ਼ਨ ਪਲਾਨ ਦਿੱਤਾ ਜਾਵੇ। ਸਾਰੇ ਪ੍ਰੀਜ਼ਾਇਡਿੰਗ ਅਫਸਰਾਂ, ਪੁਲਿਸ ਪਾਰਟੀਆਂ ਦੇ ਇੰਚਾਰਜ ਤੇ ਪਾਵਰਕਾਮ ਆਦਿ ਦੇ ਫੋਨ ਨੰਬਰ ਮੁਹੱਈਆ ਕਰਵਾਏ ਜਾਣ। ਪੋਲਿੰਗ ਪਾਰਟੀਆਂ ਦੇ ਖਾਣੇ, ਮੰਜੇ ਤੇ ਬਿਸਤਰਿਆਂ ਦਾ ਵਧੀਆ ਪ੍ਰਬੰਧ ਕੀਤਾ ਜਾਵੇ। ਨਾਲ ਹੀ ਉਨਾਂ ਦੱਸਿਆ ਕਿ ਮਾਣਯੋਗ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਕਿ ਕਿਸੇ ਗੈਰ ਸਰਕਾਰੀ ਜਾਂ ਰਾਜਨੀਤਿਕ ਪਾਰਟੀਆਂ ਦੇ ਵਿਅਕਤੀ ਕੋਲੋਂ ਪੋਲਿੰਗ ਸਟਾਫ ਨੂੰ ਖਾਣਾ ਆਦਿ ਮੁਹੱਈਆ ਕਰਵਾਉਣ ਦੀ ਮਨਾਹੀ ਹੈ। ਪੋਲਿੰਗ ਪਾਰਟੀਆਂ ਲਈ ਮਿੱਡ ਡੇਅ ਮੀਲ ਵਲੋਂ ਖਾਣਾ ਤਿਆਰ ਕੀਤਾ ਜਾਵੇਗਾ।
ਮੀਟਿੰਗ ਦੌਰਾਨ ਉਨਾਂ ਦੱਸਿਆ ਕਿ ਸੈਕਟਰ ਅਫਸਰ/ਪੀ.ਆਰ.ਓਜ਼ ਇਹ ਯਕੀਨੀ ਬਣਾਉਣ ਕਿ 20 ਫਰਵਰੀ ਨੂੰ ਵੋਟਾਂ ਵਾਲੇ ਦਿਨ ਸਵੇਰੇ 7 ਵਜੇ ਮੋਕ ਪੋਲ ਜਰੂਰ ਕਰਵਾਉਣਗੇ। ਇਸ ਲਈ ਮੋਕ ਪੋਲ ਲਈ ਪੋਲਿੰਗ ਏਜੰਟ ਸਵੇਰੇ 6.30 ਵਜੇ ਤਕ ਪੋਲਿੰਗ ਸਟੇਸ਼ਨ ’ਤੇ ਪਹੁੰਚ ਜਾਣ। ਮੀਟਿੰਗ ਦੌਰਾਨ ਅਖੀਰਲੇ 72, 48 ਤੇ 24 ਘੰਟਿਆਂ ਵਿੱਚ ਰੱਖੀ ਜਾਣ ਵਾਲੀ ਚੌਕਸੀ ਸਬੰਧੀ ਵੀ ਚਰਚਾ ਕੀਤੀ ਗਈ।
ਜ਼ਿਲ੍ਹਾ ਚੋਣ ਅਫਸਰ ਗੁਰਦਾਸਪੁਰ ਨੇ ਜ਼ਿਲਾ ਪ੍ਰੋਗਰਾਮ ਅਫਸਰ ਤੇ ਜ਼ਿਲ੍ਹਾ ਸਿੱਖਿਆ ਅਫਸਰ (ਸ) ਨੂੰ ਕਿਹਾ ਕਿ ਉਹ ਦਿਵਿਆਂਗ ਵੋਟਰਾਂ ਨੂੰ ਬੂਥਾਂ ’ਤੇ ਕੀਤੇ ਗਏ ਪ੍ਰਬੰਧ ਜਿਵੇਂ ਵੀਲ੍ਹ ਚੇਅਰ ਆਦਿ ਚੈੱਕ ਕਰਨ ਤਾਂ ਜੋ ਵੋਟਾਂ ਵਾਲੇ ਦਿਨ ਵੋਟਰਾਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਉਨਾਂ ਅੱਗੇ ਕਿਹਾ ਕਿ ਸਰਕਾਰੀ ਵਹੀਕਲਾਂ ’ਤੇ ਈ.ਵੀ.ਐਮਜ਼ ਮਸ਼ੀਨਾਂ ਆਉਣਗੀਆਂ, ਉਨਾਂ ’ਤੇ ਜੀ.ਪੀ.ਐਸ ਲੱਗੇ ਹੋਣਗੇ ਅਤੇ ਵੋਟਾਂ ਤੋਂ ਬਾਅਦ ਉਮੀਦਵਾਰ ਵੀ ਸਟਰਾਂਗ ਰੂਮ ਤੱਕ ਆ ਸਕਦੇ ਹਨ। ਉਮੀਦਵਾਰਾਂ ਜਾਂ ਨੁਮਾਇੰਦਿਆਂ ਦੀ ਸਹੂਲਤ ਲਈ ਕੁਲੈਕਟਿੰਗ ਸੈਂਟਰ ਤੋਂ ਸਟਰਾਂਗ ਰੂਮ ਤਕ ਈ.ਵੀ.ਐਮਜ਼ ਲਿਆਉਣ ਲਈ ਬੱਸਾਂ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਉਨਾਂ ਸਮੂਹ ਰਿਟਰਨਿੰਗ ਅਫਸਰਾਂ ਨੂੰ ਪੋਲਿੰਗ ਬੂਥਾਂ ’ਤੇ ਟੈਂਟ, ਕੁਰਸੀਆਂ ਤੇ ਸ਼ੇਰਾ ਮਸਕਟ ਲਗਾਉਣ ਦੀ ਹਦਾਇਤ ਕੀਤੀ।