ਹੋਲੋਗ੍ਰਾਮ ਦੀ ਥਾਂ ਕਿਊ ਆਰ ਕੋਡ ਰਾਹੀਂ ਕੀਤੀ ਜਾ ਸਕੇਗੀ ਤਸਦੀਕ
ਫਾਜਿ਼ਲਕਾ 7 ਨਵੰਬਰ 2022
ਪੰਜਾਬ ਸਰਕਾਰ ਦੇ ਪ੍ਰਸ਼ਾਸਨਿਕ ਸੁਧਾਰ ਵਿਭਾਗ ਨੇ ਆਮ ਲੋਕਾਂ ਨੂੰ ਈ ਸੇਵਾ ਪੋਰਟਲ ਰਾਹੀਂ ਜਾਰੀ ਕੀਤੇ ਜਾਂਦੇ ਸਰਟੀਫ਼ਿਕੇਟਾਂ/ਦਸਤਾਵੇਜ਼ਾਂ ਦੀ ਪ੍ਰਾਪਤੀ ਲਈ ਸੇਵਾ ਕੇਂਦਰਾਂ ’ਚ ਵਾਰ-ਵਾਰ ਜਾਣ ਦੀ ਮੁਸ਼ਕਿਲ ਨੂੰ ਸੁਖਾਲਾ ਕਰਦਿਆਂ, ਹੁਣ ਤੋਂ ਇਹ ਸਰਟੀਫ਼ਿਕੇਟ/ਦਸਤਾਵੇਜ਼ ਉਨ੍ਹਾਂ ਦੇ ਮੋਬਾਇਲ/ਈ ਮੇਲ ’ਤੇ ਭੇਜੇ ਲਿੰਕ ਰਾਹੀਂ ਡਾਊਨਲੋਡ ਕਰਨ ਦੀ ਸਹੂਲਤ ਦੇ ਦਿੱਤੀ ਹੈ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ: ਹਿਮਾਂਸੂ ਅਗਰਵਾਲ ਨੇ ਦੱਸਿਆ ਕਿ ਪਹਿਲਾਂ ਸੇਵਾ ਕੇਂਦਰ ਜਾਂ ਈ ਸੇਵਾ ਪੋਰਟਲ ਰਾਹੀਂ ਮੰਗੀ ਗਈ ਸੇਵਾ ਨਾਲ ਸਬੰਧਤ ਦਸਤਾਵੇਜ਼ ਤਿਆਰ ਹੋਣ ’ਤੇ ਸੇਵਾ ਕੇਂਦਰ ਤੋਂ ਹੋਲੋਗ੍ਰਾਮ ਲਾ ਕੇ ਜਾਰੀ ਕੀਤਾ ਜਾਂਦਾ ਸੀ। ਹੁਣ ਸਰਕਾਰ ਨੇ ਲੋਕਾਂ ਦੀ ਵਾਰ-ਵਾਰ ਸੇਵਾ ਕੇਂਦਰ ਆਉਣ ਦੀ ਮੁਸ਼ਕਿਲ ਨੂੰ ਹੱਲ ਕਰਦਿਆਂ ਉਨ੍ਹਾਂ ਨੂੰ ਘਰ ਬੈਠਿਆਂ ਹੀ ਆਪਣੀ ਸੇਵਾ ਨਾਲ ਸਬੰਧਤ ਸਰਟੀਫ਼ਿਕੇਟ/ਦਸਤਾਵੇਜ਼ ਨੂੰ ਮੋਬਾਇਲ/ਕੰਪਿਊਟਰ ’ਤੇ ਡਾਊਨਲੋਡ ਕਰਨ ਦੀ ਸੁਵਿਧਾ ਦੇ ਦਿੱਤੀ ਹੈ।
ਹੋਰ ਪੜ੍ਹੋ – ਆਪਣੀਆਂ ਧੀਆਂ ਦੇ ਬੇਹਤਰ ਭਵਿੱਖ ਲਈ ਸੁਕੰਨਿਆ ਸਮਰਿਥੀ ਯੋਜਨਾ ਤਹਿਤ ਬਚਤ ਖਾਤਾ ਜਰੂਰ ਖੁਲਵਾਇਆ ਜਾਵੇ – ਡਿਪਟੀ ਕਮਿਸ਼ਨਰ
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਹੁਣ ਈ ਸੇਵਾ ਪੋਰਟਲ ਰਾਹੀਂ ਡਿਜੀਟਲ ਸਾਈਨ ਹੋਣ ਵਾਲੇ ਸਰਟੀਫ਼ਿਕੇਟਾਂ/ਦਸਤਾਵੇਜ਼ਾਂ ’ਤੇ ਕਿਸੇ ਵੀ ਤਰ੍ਹਾਂ ਦੇ ਭੌਤਿਕ ਦਸਤਖ਼ਤਾਂ, ਮੋਹਰ ਜਾਂ ਹੋਲੋਗ੍ਰਾਮ ਦੀ ਜ਼ਰੂਰਤ ਨਹੀਂ ਹੋਵੇਗੀ।
ਡੀ ਸੀ ਡਾ: ਹਿਮਾਂਸ਼ੂ ਅਗਰਵਾਲ ਆਈਏਐਸ ਨੇ ਦੱਸਿਆ ਕਿ ਈ ਸੇਵਾ ਪੋਰਟਲ ਰਾਹੀਂ ਡਿਜੀਟਲ ਦਸਤਖ਼ਤ ਕੀਤੇ ਗਏ ਸਰਟੀਫ਼ਿਕੇਟਾਂ/ਦਸਤਾਵੇਜ਼ਾਂ ਦੀ ਵੈਰੀਫ਼ਿਕੇਸ਼ਨ ਜਾਂ ਪ੍ਰਮਾਣਿਕਤਾ ਵੈਬ ਲਿੰਕ esewa.punjab.gov.in /ਸਰਟੀਫ਼ਿਕੇਟ ਵੈਰੀਫ਼ਿਕੇਸ਼ਨ ’ਤੇ ਦਸਤਾਵੇਜ਼ ਦਾ ਸੀਰੀਅਲ ਨੰਬਰ ਦਰਜ ਕਰਕੇ ਜਾਂ ਸਰਟੀਫ਼ਿਕੇਟ/ਦਸਤਾਵੇਜ਼ ’ਤੇ ਮੌਜੂਦ ਕਿਊ ਆਰ ਕੋਡ ਨੂੰ ਸਕੈਨ ਕਰਕੇ ਕੀਤੀ ਜਾ ਸਕਦੀ ਹੈ। ਉਕਤ ਵੈਰੀਫ਼ਿਕੇਸ਼ਨ ਵੈਬ ਲਿੰਕ ’ਤੇ ਉਪਲਬਧ ਵੇਰਵਿਆਂ ਅਤੇ ਸਰਟੀਫ਼ਿਕੇਟ/ਦਸਤਾਵੇਜ਼ ’ਤੇ ਦਰਜ ਵੇਰਵਿਆਂ ਦੀ ਤੁਲਨਾ ਵਿੱਚ ਜੇਕਰ ਕੋਈ ਵੀ ਅੰਤਰ ਪਾਇਆ ਜਾਂਦਾ ਹੈ ਤਾਂ ਉਸ ਸਰਟੀਫ਼ਿਕੇਟ/ਦਸਤਾਵੇਜ਼ ਨੂੰ ਅਯੋਗ ਸਮਝਿਆ ਜਾਵੇ।
ਉਨ੍ਹਾਂ ਦੱਸਿਆ ਕਿ ਸੇਵਾ ਕੇਂਦਰਾਂ ’ਚ ਆਪਣੀ ਸੇਵਾ ਲਈ ਬਿਨੇ ਕਰਨ ਵਾਲਾ ਕੋਈ ਵੀ ਪ੍ਰਾਰਥੀ ਆਪਣੇ ਸਰਟੀਫ਼ਿਕੇਟ/ਦਸਤਾਵੇਜ਼ ਦੇ ਡਿਜੀਟਲੀ ਸਾਈਨ ਹੋਣ ਬਾਅਦ ਅਰਜੀ ’ਚ ਦਿੱਤੇ ਗਏ ਮੋਬਾਇਲ ਨੰਬਰ ਅਤੇ ਈ ਮੇਲ ’ਤੇ ਇੱਕ ਵੈਬ ਲਿੰਕ ਪ੍ਰਾਪਤ ਕਰੇਗਾ। ਜਿਸ ਤੋਂ ਸਿੱਧੇ ਤੌਰ ’ਤੇ ਸਰਟੀਫ਼ਿਕੇਟ/ਦਸਤਾਵੇਜ਼ ਨੂੰ ਡਾਊਨਲੋਡ ਕੀਤਾ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਉਕਤ ਤੋਂ ਇਲਾਵਾ ਪ੍ਰਾਰਥੀ ਆਪਣੇ ਨਜ਼ਦੀਕੀ ਸੇਵਾ ਕੇਂਦਰ ਤੋਂ ਵੀ ਰਸੀਦ ਦਿਖਾ ਕੇ ਸਰਟੀਫ਼ਿਕੇਟ/ਦਸਤਾਵੇਜ਼ ਦਾ ਪ੍ਰਿੰਟ ਲੈ ਸਕਦਾ ਹੈ।
ਇਸ ਤੋਂ ਇਲਾਵਾ ਈ ਸੇਵਾ ਪੋਰਟਲ ’ਤੇ ਉਪਲਬਧ ‘ਡਾਊਨਲੋਡ ਯੋਅਰ ਸਰਟੀਫ਼ਿਕੇਟ’ ਆਪਸ਼ਨ ਰਾਹੀਂ ਵੀ ਪ੍ਰਾਰਥੀ ਆਪਣੇ ਸਰਟੀਫ਼ਿਕੇਟ/ਦਸਤਾਵੇਜ਼ ਨੂੰ ਡਾਊਨਲੋਡ ਅਤੇ ਪ੍ਰਿੰਟ ਕਰ ਸਕਦਾ ਹੈ।
ਉਨ੍ਹਾਂ ਸਪੱਸ਼ਟ ਕੀਤਾ ਕਿ ਬਿਨਾਂ ਹੋਲੋਗ੍ਰਾਮ ਵਾਲੇ ਇਸ ਡਿਜੀਟਲ ਸਾਈਨਡ ਸਰਟੀਫ਼ਿਕੇਟ/ਦਸਤਾਵੇਜ਼ ਨੂੰ ਕਿਸੇ ਵੀ ਸਰਕਾਰੀ ਦਫ਼ਤਰ ’ਚ ਪੇਸ਼ ਕੀਤੇ ਜਾਣ ’ਤੇ ਸਬੰਧਤ ਅਧਿਕਾਰੀ/ਕਰਮਚਾਰੀ ਭੌਤਿਕ ਹਸਤਾਖਰਾਂ ਵਾਲੇ ਦਸਤਾਵੇਜ਼ ਜਾਂ ਹੋਲੋਗ੍ਰਾਮ ਜਾਂ ਸਟੈਂਪ ਦੀ ਮੰਗ ਨਹੀਂ ਕਰ ਸਕਦੇ। ਉਹ ਕਿਊ ਆਰ ਕੋਡ ਨੂੰ ਸਕੈਨ ਕਰ ਕੇ ਜਾਂ ਈ ਸੇਵਾ ਪੋਰਟਲ ’ਤੇ ਉਪਲਬਧ ਸਰਟੀਫ਼ਿਕੇਟ ਵੈਰੀਫ਼ਿਕੇਸ਼ਨ ਲਿੰਕ ਰਾਹੀਂ ਇਸ ਦੀ ਪ੍ਰਮਾਣਿਕਤਾ ਨੂੰ ਤਸਦੀਕ ਕਰ ਸਕਦੇ ਹਨ।
ਬਹੁਤ ਸਾਰੀਆਂ ਸੇਵਾਵਾਂ ਆਨਲਾਈਨ ਹਨ ਉਪਲਬੱਧ
ਡਿਪਟੀ ਕਮਿਸ਼ਨਰ ਡਾ: ਹਿਮਾਂਸੂ ਅਗਰਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੇਵਾ ਕੇਂਦਰਾਂ ਤੋਂ ਮਿਲਣ ਵਾਲੀਆਂ ਬਹੁਤ ਸਾਰੀਆਂ ਸੇਵਾਵਾਂ ਆਨਲਾਈਨ ਉਪਲਬੱਧ ਹਨ, ਭਾਵ ਲੋਕ ਆਪਣੇ ਘਰਾਂ ਤੋਂ ਹੀ ਇੰਨ੍ਹਾਂ ਲਈ ਅਪਲਾਈ ਕਰ ਸਕਦੇ ਹਨ ਅਤੇ ਕਿਸੇ ਵੀ ਦਫ਼ਤਰ ਜਾਣ ਦੀ ਜਰੂਰਤ ਨਹੀਂ ਹੈ। ਇਸ ਲਈ ਲੋਕ ਵੇਬਪੋਰਟਲ connect.punjab.gov.in ਤੇ ਆਪਣਾ ਅਕਾਉਂਟ ਬਣਾ ਕੇ ਇੰਨ੍ਹਾਂ ਸੇਵਾਵਾਂ ਲਈ ਅਪਲਾਈ ਕਰ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਤਰੀਕੇ ਨਾਲ ਅਪਲਾਈ ਕਰਨ ਸਮੇਂ ਆਪਣਾ ਯੂਜਰ ਨੇਮ ਅਤੇ ਪਾਸਵਰਡ ਯਾਦ ਰੱਖੋ ਅਤੇ ਸਾਰੇ ਵੇਰਵੇ ਸਹੀ ਸਹੀ ਭਰਦੇ ਹੋਏ ਸਾਰੇ ਲੋੜੀਂਦੇ ਵੇਰਵੇ ਦਰਜ ਜਰੂਰ ਕਰੋ।