ਚੋਣ ਜ਼ਾਬਤੇ ਸਬੰਧੀ ਐਸ.ਐਸ.ਪੀ ਵੱਲੋਂ ਸਮੀਖਿਆ ਤੇ ਹਦਾਇਤਾਂ ਜਾਰੀ

Sandeep Kumar Garg
ਚੋਣ ਜ਼ਾਬਤੇ ਸਬੰਧੀ ਐਸ.ਐਸ.ਪੀ ਵੱਲੋਂ ਸਮੀਖਿਆ ਤੇ ਹਦਾਇਤਾਂ ਜਾਰੀ

Sorry, this news is not available in your requested language. Please see here.

ਆਦਰਸ਼ ਚੋਣ ਜ਼ਾਬਤੇ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇ : ਐਸ.ਐਸ.ਪੀ.
ਅੰਤਰਰਾਜੀ ਨਾਕਾਬੰਦੀ ਨੂੰ ਹੋਰ ਮਜ਼ਬੂਤ ਕਰਨ ਲਈ ਹਦਾਇਤਾਂ ਜਾਰੀ
ਵੋਟਰਾਂ ਨੂੰ ਲਾਲਚ ਦੇਣ ਵਾਲਿਆਂ ‘ਤੇ ਜ਼ਾਬਤੇ ਅਨੁਸਾਰ ਕੀਤੀ ਜਾਵੇਗੀ ਕਾਰਵਾਈ

ਪਟਿਆਲਾ, 9 ਜਨਵਰੀ 2022

ਐਸ.ਐਸ.ਪੀ ਪਟਿਆਲਾ ਡਾ. ਸੰਦੀਪ ਕੁਮਾਰ ਗਰਗ ਨੇ ਜ਼ਿਲ੍ਹੇ ‘ਚ ਆਦਰਸ਼ ਚੋਣ ਜ਼ਾਬਤੇ ਦੀ ਸਖਤੀ ਤੇ ਪ੍ਰਭਾਵਸ਼ਾਲੀ ਢੰਗ ਨਾਲ ਪਾਲਣਾ ਕਰਵਾਉਣ ਲਈ ਜ਼ਿਲ੍ਹੇ ਦੇ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਹਦਾਇਤਾਂ ਜਾਰੀ ਕੀਤੀਆਂ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ‘ਚ ਆਦਰਸ਼ ਚੋਣ ਜ਼ਾਬਤਾ ਪੂਰਨ ਤੌਰ ‘ਤੇ ਲਾਗੂ ਹੋ ਚੁੱਕਾ ਹੈ, ਇਸ ਲਈ ਚੋਣਾਂ ਸਬੰਧੀ ਸਮੇਂ-ਸਮੇਂ ‘ਤੇ ਆਉਂਦੀਆਂ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ।

ਹੋਰ ਪੜ੍ਹੋ :-ਪੰਜਾਬ ਦਾ ਹਰ ਨਾਗਰਿਕ ਵੱਡੇ ਪਰਿਵਰਤਨ ਲਈ ਚੋਣ ਪ੍ਰਚਾਰ ਕਰੇ: ਕੇਜਰੀਵਾਲ

ਮੀਟਿੰਗ ਦੌਰਾਨ ਉਨ੍ਹਾਂ ਐਸ.ਪੀਜ਼, ਡੀ.ਐਸ.ਪੀਜ਼, ਥਾਣਾ ਮੁਖੀ, ਚੌਕੀ ਇੰਚਾਰਜ ਤੇ ਵੱਖ-ਵੱਖ ਯੂਨਿਟਾਂ ਦੇ ਇੰਚਾਰਜਾਂ ਨੂੰ ਮੁੱਖ ਚੋਣ ਕਮਿਸ਼ਨਰ ਦੀਆਂ ਹਦਾਇਤਾਂ ਤੋਂ ਜਾਣੂ ਕਰਵਾਉਂਦਿਆਂ ਕਿਹਾ ਕਿ ਹਰੇਕ ਅਧਿਕਾਰੀ ਤੇ ਕਰਮਚਾਰੀ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਵੇ। ਉਨ੍ਹਾਂ ਸਰਕਲ ਅਫ਼ਸਰਾਂ ਤੇ ਥਾਣਾ ਮੁਖੀਆਂ ਨੂੰ ਹਦਾਇਤ ਕੀਤੀ ਕਿ ਅਸਲਾ ਲਾਇਸੰਸ ਧਾਰਕਾਂ ਨੂੰ ਅਪੀਲ ਕੀਤੀ ਜਾਵੇ ਕਿ ਉਹ ਆਪਣਾ-ਆਪਣਾ ਅਸਲਾ ਸਬੰਧਤ ਥਾਣਾ/ਗੰਨ ਹਾਊਸਾਂ ਵਿੱਚ ਜਮ੍ਹਾ ਕਰਵਾਉਣ।

ਡਾ. ਗਰਗ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਦਿਨ ਅਤੇ ਰਾਤ ਸਮੇਂ ਜੋ ਗਸ਼ਤਾਂ ਲਗਾਈਆਂ ਜਾ ਰਹੀਆਂ ਹਨ, ਉਨ੍ਹਾਂ ਨੂੰ ਹੋਰ ਪ੍ਰਭਾਵੀ ਤਰੀਕੇ ਨਾਲ ਲਾਗੂ ਕਰਕੇ ਸ਼ੱਕੀ ਵਾਹਨਾਂ ਤੇ ਵਿਅਕਤੀਆਂ ਦੀ ਚੈਕਿੰਗ ਕੀਤੀ ਜਾਵੇ। ਗੁਆਂਢੀ ਰਾਜ ਹਰਿਆਣਾ ਨਾਲ ਲਗਦੇ ਥਾਣਿਆਂ ਦੇ ਹਲਕਾ ਅਫ਼ਸਰਾਂ ਤੇ ਥਾਣਾ ਮੁਖੀਆਂ ਨੂੰ ਦਿਸ਼ਾ ਨਿਰਦੇਸ਼ ਦਿੰਦਿਆ ਉਨ੍ਹਾਂ ਕਿਹਾ ਕਿ ਗੁਆਂਢੀ ਰਾਜ ਦੇ ਥਾਣਿਆਂ ਦੇ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਅੰਤਰਰਾਜੀ ਨਾਕਾਬੰਦੀਆਂ ਨੂੰ ਮਜ਼ਬੂਤ ਕੀਤਾ ਜਾਵੇ ਤਾਂ ਜੋ ਕਿਸੇ ਵੀ ਕਿਸਮ ਦੀ ਨਸ਼ਾ ਤਸਕਰੀ/ਸ਼ਰਾਬ ਤਸਕਰੀ ਕਰਨ ਵਾਲਿਆਂ ਅਤੇ ਹੋਰ ਮਾੜੇ ਅਨਸਰਾਂ ‘ਤੇ ਕਾਬੂ ਰੱਖਿਆ ਜਾ ਸਕੇ। ਇਸ ਤੋ ਇਲਾਵਾ ਜਿੰਨੇ ਵੀ ਭਗੌੜੇ/ਪੈਰੋਲ ਜੰਪਰ ਹਨ, ਉਨ੍ਹਾਂ ਨੂੰ ਸੋਰਸ ਲਗਾਕੇ ਟਰੇਸ ਕੀਤਾ ਜਾਵੇ ਅਤੇ ਗੈਰ ਜ਼ਮਾਨਤੀ ਵਾਰੰਟਾ ਦੀ ਤਮੀਲ ਕਰਵਾਈ ਜਾਵੇ।

ਉਨ੍ਹਾਂ ਹਦਾਇਤ ਕੀਤੀ ਕਿ ਇਹ ਵੀ ਯਕੀਨੀ ਬਣਾਇਆ ਜਾਵੇ ਕਿ ਕਿਸੇ ਵੀ ਪਾਰਟੀ ਦਾ ਕੋਈ ਵੀ ਉਮੀਦਵਾਰ ਕਿਸੇ ਵੀ ਵੋਟਰ ਨੂੰ ਕਿਸੇ ਕਿਸਮ ਦਾ ਲਾਲਚ ਜਿਵੇਂ ਕਿ ਨਸ਼ਾ, ਸ਼ਰਾਬ ਆਦਿ ਦਾ ਲਾਲਚ ਦੇ ਕੇ ਭਰਮਾ ਨਾ ਸਕੇ। ਜੇਕਰ ਅਜਿਹੀ ਕੋਈ ਗੱਲ ਸਾਹਮਣੇ ਆਉਂਦੀ ਹੈ ਜਾਂ ਕੋਈ ਸ਼ਿਕਾਇਤ ਮਿਲਦੀ ਹੈ ਤਾਂ ਉਸ ਖ਼ਿਲਾਫ਼ ਤੁਰੰਤ ਸਖ਼ਤੀ ਨਾਲ ਜ਼ਾਬਤੇ ਅਨੁਸਾਰ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।

ਇਸ ਮੌਕੇ ਉਨ੍ਹਾਂ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਕੋਵਿਡ ਤੋਂ ਬਚਾਅ ਲਈ ਸਿਹਤ ਵਿਭਾਗ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਵੀ ਹਦਾਇਤ ਕੀਤੀ ਅਤੇ ਸਮੂਹ ਕਰਮਚਾਰੀਆਂ ਨੂੰ ਇਸ ਸਬੰਧੀ ਜਾਣਕਾਰੀ ਦੇਣ ਲਈ ਵੀ ਕਿਹਾ। ਇਸ ਦੇ ਨਾਲ ਹੀ ਆਮ ਪਬਲਿਕ ਨੂੰ ਵੀ ਅਪੀਲ ਕੀਤੀ ਕਿ ਕੋਵਿਡ-19 ਦੀ ਮਹਾਂ ਮਾਰੀ ਤੋ ਬਚਣ ਲਈ ਪ੍ਰਸ਼ਾਸਨ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸਮਾਜਿਕ ਦੂਰੀ ਰੱਖੀ ਜਾਵੇ। ਕਿਸੇ ਵੀ ਜਗ੍ਹਾ ‘ਤੇ ਜ਼ਿਆਦਾ ਭੀੜ ਇਕੱਠੀ ਨਾ ਹੋਵੇ। ਰਾਤ ਸਮੇਂ ਜੋ ਲਾਕਡਾਊਨ ਚੱਲ ਰਿਹਾ ਹੈ ਉਸ ਦੀ ਪਾਲਣਾ ਕੀਤੀ ਜਾਵੇ।