ਰਾਜਪਾਲ ਬਨਵਾਰੀ ਲਾਲ ਪੁਰੋਹਿਤ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਦਾਸਤਾਨ-ਏ-ਸ਼ਹਾਦਤ ਵਿਸ਼ਾਲ ਮਿਊਜ਼ੀਅਮ 18 ਨਵੰਬਰ ਨੂੰ ਕੀਤਾ ਜਾਵੇਗਾ ਸੰਗਤ ਨੂੰ ਅਰਪਿਤ

BANWARILAL PUROHIT
BANWARILAL PUROHIT GREETS PEOPLE ON CHRISTMAS

Sorry, this news is not available in your requested language. Please see here.

ਸ੍ਰੀ ਚਮਕੌਰ ਸਾਹਿਬ ਦੀ ਹੈਰੀਟੇਜ ਸਟਰੀਟ ਵੀ ਕੀਤੀ ਜਾਵੇਗੀ ਲੋਕ ਅਰਪਿਤ
ਜਿ਼ਲ੍ਹਾ ਪ੍ਰਸ਼ਾਸਨ ਵੱਲੋਂ ਤਿਆਰੀਆਂ ਨੂੰ ਅੰਤਿਮ ਛੋਹਾਂ
ਸ੍ਰੀ ਚਮਕੌਰ ਸਾਹਿਬ, 18 ਨਵੰਬਰ 2021
ਸ਼ਹੀਦਾਂ ਦੀ ਧਰਤੀ ਸ੍ਰੀ ਚਮਕੌਰ ਸਾਹਿਬ ਵਿਖੇ ਸਿੱਖ ਇਤਿਹਾਸ ਨੂੰ ਦਰਸਾਉਂਦਾ ਵਿਸ਼ਾਲ ਮਿਊਜ਼ੀਅਮ, ਦਾਸਤਾਨ-ਏ-ਸ਼ਹਾਦਤ, ਮੁਕੰਮਲ ਕੀਤਾ ਗਿਆ ਹੈ ਅਤੇ ਇੱਥੇ ਬਣਾਈ ਹੈਰੀਟੇਜ ਸਟਰੀਟ ਦਾ ਨਿਰਮਾਣ ਵੀ ਪੂਰਾ ਕਰ ਲਿਆ ਗਿਆ ਹੈ, ਜਿਨ੍ਹਾਂ ਨੂੰ 18 ਨਵੰਬਰ ਨੂੰ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਅਤੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਵੱਲੋਂ ਸੰਗਤ ਨੂੰ ਸਮਰਪਿਤ ਕੀਤਾ ਜਾਵੇਗਾ। ਇਸ ਮੌਕੇ ਉਹ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਨਤਮਸਤਕ ਹੋਣਗੇ ਤੇ ਸਜਾਏ ਜਾਣ ਵਾਲੇ ਨਗਰ ਕੀਰਤਨ ਵਿੱਚ ਵੀ ਸ਼ਾਮਲ ਹੋਣਗੇ।
ਜਿ਼ਕਰਯੋਗ ਹੈ ਕਿ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਵਲੋਂ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਜੀ ਨੂੰ ਅਕੀਦਤ ਭੇਟ ਕਰਨ ਲਈ ਸ਼੍ਰੀ ਚਮਕੌਰ ਸਾਹਿਬ ਸ਼ਹਿਰ ਦੇ ਸੁੰਦਰੀਕਰਨ ਅਤੇ ਸ਼ਹੀਦੀ ਦੀ ਦਾਸਤਾਨ ਨੂੰ ਬਿਆਨ ਕਰਨ ਵਾਲਾ ਵਿਸ਼ਾਲ ਮਿਊਜ਼ੀਅਮ (ਥੀਮ ਪਾਰਕ)ਦੇ ਬਣਾਉਣ ਦਾ ਲਿਆ ਸੁਪਨਾ ਪੂਰਾ ਹੋ ਗਿਆ ਹੈ।
ਲਗਭਗ ਡੇਢ ਦਹਾਕੇ ਤੋਂ ਅੱਧ ਵਾਟੇ ਰੁਕੇ ਇਸ ਪ੍ਰੋਜੈਕਟ ਨੂੰ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲਿਆਂ ਦੇ ਮੰਤਰੀ ਬਣਦਿਆਂ ਸ੍ਰੀ ਚੰਨੀ ਨੇ ਪੂਰਾ ਕਰਨ ਦਾ ਬੀੜਾ ਚੁੱਕਿਆ ਸੀ ਪਰ ਇਹ ਬਜਟ ਅਤੇ ਹੋਰ ਕਈ ਤਕਨੀਕੀ ਮੁਸ਼ਕਲਾਂ ਕਾਰਨ ਇਸ ਪ੍ਰੋਜੈਕਟ ਦਾ ਕੰਮ ਰੁਕਿਆ ਰਿਹਾ। ਮੁੱਖ ਮੰਤਰੀ ਪੰਜਾਬ ਸ. ਚਰਨਜੀਤ ਸਿੰਘ ਚੰਨੀ ਜੀ ਦੇ ਨਿਰੰਤਰ ਯਤਨਾਂ ਨਾਲ ਇਹ ਸਿੱਖ ਇਤਿਹਾਸ  ਨੂੰ ਦਰਸਾਉਂਦਾ ਵਿਸ਼ਾਲ ਮਿਊਜ਼ੀਅਮ 55 ਕਰੋੜ ਰੁਪਏ ਦੀ ਲਾਗਤ ਨਾਲ ਮੁਕੰਮਲ ਕੀਤਾ ਗਿਆ ਹੈ। ਜਦਕਿ ਟੀ ਪੁਆਇੰਟ ਤੋਂ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਤੱਕ ਬਣਾਈ ਗਈ ਹੈਰੀਟੇਜ ਸਟਰੀਟ ਦਾ ਨਿਰਮਾਣ 06 ਕਰੋੜ ਰੁਪਏ ਦੀ ਲਾਗਤ ਨਾਲ ਪੂਰਾ ਕੀਤਾ ਗਿਆ ਹੈ।
ਪੰਜਾਬ ਸਰਕਾਰ ਵਲੋਂ ਥੀਮ ਪਾਰਕ ਦੇ ਨਾਲ ਆਲੇ ਦੁਆਲੇ ਦੀਆਂ ਸਾਰੀਆਂ ਸੜਕਾਂ ਨੂੰ ਚੌੜਾ ਅਤੇ ਮਜ਼ਬੂਤ ਕੀਤਾ ਜਾ ਰਿਹਾ ਹੈ। ਸ੍ਰੀ ਚਮਕੌਰ ਸਾਹਿਬ ਵਿਖੇ ਉਸਾਰਿਆ ਗਿਆ ਥੀਮ ਪਾਰਕ ਦੁਨੀਆਂ ਦੇ ਕਿਸੇ ਵੀ ਅਜੂਬੇ ਨਾਲੋਂ ਘੱਟ ਨਹੀਂ ਹੈ। ਉਹ ਸਮਾਂ ਦੂਰ ਨਹੀਂ ਹੈ ਜਦੋਂ ਦੇਸ਼ ਵਿਦੇਸ਼ ਤੋਂ ਲੋਕ ਆਕੇ ਇਥੇ ਸਿੱਖ ਇਤਿਹਾਸ ਨਾਲ ਜੁੜੇ ਅਹਿਮ ਪਹਿਲੂਆਂ ਨਾਲ ਰੂ-ਬ-ਰੂ ਹੋਣਗੇ।
ਪਹਿਲੀ ਪਾਤਸ਼ਾਹੀ ਤੋਂ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਤੱਕ ਦੇ ਗੌਰਵਮਈ ਸਿੱਖ ਇਤਿਹਾਸ ਨੂੰ ਰੂਪਮਾਨ ਕਰਨ ਵਾਸਤੇ ਇਸ ਵਿਸ਼ਾਲ ਮਿਊਜ਼ੀਅਮ ਦੀਆਂ ਵੱਖ-ਵੱਖ ਗੈਲਰੀਆਂ ਵਿਚ ਦਿਖਾਈਆਂ ਜਾਣ ਵਾਲੀਆਂ ਐਨੀਮੇਸ਼ਨ ਫਿਲਮਾਂ ਸੰਗਤਾਂ ਨੂੰ ਮਾਣ ਨਾਲ ਭਰ ਦੇਣਗੀਆਂ ਕਿ ਸਾਡਾ ਵਿਰਸਾ ਕੁਰਬਾਨੀਆਂ ਨਾਲ ਭਰਿਆ ਹੈ, ਜਿਥੇ ਬਹਾਦਰ ਯੋਧੇ ਧਰਮ ਦੀ ਖਾਤਰ ਪਿਛੇ ਨਹੀਂ ਹਟੇ।
ਇਸ ਪ੍ਰੋਜੈਕਟ ਨੂੰ ਵਿਸ਼ਵ ਪ੍ਰਸਿੱਧ ਵਿਰਾਸਤ-ਏ-ਖਾਲਸਾ ਨੂੰ ਤਿਆਰ ਕਰਨ ਵਾਲੇ ਤਕਨੀਕੀ ਮਾਹਰਾਂ ਦੀ ਟੀਮ, ਡਿਜ਼ਾਈਨਰਾਂ ਦੀ ਟੀਮ ਵਲੋਂ ਮੁਕੰਮਲ ਕੀਤਾ ਗਿਆ ਹੈ। ਪਹਿਲੀ ਗੈਲਰੀ ਵਿੱਚ ਗੁਰੂ ਸਹਿਬਾਨ ਦੇ ਜੀਵਨ ਤੋਂ ਜਾਣੂੰ ਕਰਵਾਇਆ ਜਾਵੇਗਾ ਉੱਥੇ ਹੀ ਦੂਸਰੀ ਗੈਲਰੀ ਵਿੱਚ ਭਾਈ ਜੈਤਾ ਜੀ ਵੱਲੋਂ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੇ ਸੀਸ ਨੂੰ ਲਿਆਉਣ ਦਾ ਸਾਰਾ ਇਤਿਹਾਸ ਵਿਖਾਇਆ ਜਾਵੇਗਾ।
ਤੀਸਰੀ ਗੈਲਰੀ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਤੇ ਇਤਿਹਾਸ ਨਾਲ ਸੰਗਤਾਂ ਨੂੰ ਜਾਣੂੰ ਕਰਵਾਇਆ ਜਾਵੇਗਾ। ਜਦਕਿ ਟਰਨ ਟੇਬਲ ‘ਤੇ ਬੈਠ ਕੇ 360 ਡਿਗਰੀ ਸਕਰੀਨ ਸੰਗਤਾਂ ਵੱਲੋਂ ਵੇਖੀ ਜਾਣ ਵਾਲੀ ਚੌਥੀ ਗੈਲਰੀ ਵਿੱਚ ਚਮਕੌਰ ਦੀ ਲੜਾਈ ਨੂੰ ਬਾਖੂਬੀ ਰੂਪਮਾਨ ਕੀਤਾ ਜਾਵੇਗਾ। ਜਦਕਿ ਪੰਜਵੀਂ ਗੈਲਰੀ ਵਿੱਚ ਛੋਟੇ ਸਾਹਿਬਜ਼ਾਦਿਆਂ ਦੇ ਨਾਲ ਸਬੰਧਿਤ ਇਤਿਹਾਸ ਤੇ ਸਰਸਾ ਨਦੀ ਦੇ ਵਿਛੋੜੇ ਦੇ ਪਲਾਂ ਨੂੰ ਸ਼ਿੱਦਤ ਦੇ ਨਾਲ ਦਰਸਾਇਆ ਜਾਵੇਗਾ। ਛੇਵੀਂ ਗੈਲਰੀ ਵਿੱਚ ਪ੍ਰੋਜੈਕਸ਼ਨ ਮੈਪਿੰਗ ਦੇ ਨਾਲ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਦ੍ਰਿਸ਼ ਨੂੰ ਬਿਆਨ ਕਰਨ ਲਈ ਪੂਰੀ ਤਨਦੇਹੀ ਦੇ ਨਾਲ ਕੰਮ ਕੀਤਾ ਗਿਆ ਹੈ।
ਇਸੇ ਤਰ੍ਹਾਂ ਸੱਤਵੀਂ ਗੈਲਰੀ ਵਿੱਚ ਮਾਛੀਵਾੜੇ ਦੇ ਨਾਲ ਸਬੰਧਿਤ ਗੁਰੂ ਸਾਹਿਬ ਦਾ ਇਤਿਹਾਸ ਵਰਨਣ ਕੀਤਾ ਗਿਆ ਹੈ। ਜਦਕਿ ਅੱਠਵੀਂ ਗੈਲਰੀ ਵਿੱਚ ਮੁਕਤਸਰ ਦੀ ਜੰਗ ਅਤੇ ਦਸਮ ਪਾਤਸ਼ਾਹ ਵੱਲੋਂ ਲਿਖੇ ਜ਼ਫਰਨਾਮੇ ਨਾਲ ਸਬੰਧਿਤ ਤੱਥਾਂ ਨੂੰ ਸੰਗਤ ਦੇ ਸਨਮੁੱਖ ਆਧੁਨਿਕ ਤਕਨੀਕ ਦੇ ਨਾਲ  ਰੱਖਿਆ ਗਿਆ ਹੈ। ਨੌਵੀਂ ਗੈਲਰੀ ਵਿੱਚ ਗੁਰੂ ਸਾਹਿਬ ਦੀ ਬੰਦਾ ਸਿੰਘ ਬਹਾਦਰ ਦੇ ਨਾਲ ਮੁਲਾਕਾਤ ਨੂੰ ਦਰਸਾਇਆ ਗਿਆ ਹੈ। ਦਸਵੀਂ ਗੈਲਰੀ ਵਿੱਚ ਬੰਦਾ ਸਿੰਘ ਬਹਾਦਰ ਦੇ ਨੰਦੇੜ ਤੋਂ ਪੰਜਾਬ ਆਉਣ ਦੇ ਤੱਕ ਦੇ ਸਫਰ ਨੂੰ ਦਰਸਾਉਣ ਤੋਂ ਬਾਅਦ ਅਖੀਰੀ ਤੇ ਗਿਆਰਵੀਂ ਗੈਲਰੀ ਵਿੱਚ ਜ਼ਾਲਮ ਰਾਜ ਦੀ ਇੱਟ ਨਾਲ ਇੱਟ ਖੜਕਾਉਣ ਅਤੇ ਸਿੱਖ ਰਾਜ ਨੂੰ ਸਥਾਪਿਤ ਕਰਨ ਦੇ ਦੌਰ ਨੂੰ ਪੇਸ਼ ਕੀਤਾ ਜਾਵੇਗਾ।
ਇਸ ਤੋਂ ਇਲਾਵਾ ਵਿਸ਼ਾਲ ਮਿਊਜ਼ੀਅਮ ਵਿਚ ਦੋ ਦਸ-ਦਸ ਮੀਟਰ ਉੱਚੀਆਂ ਤਲਵਾਰਾਂ, ਸਿੱਖ ਖੰਡੇ ਨਾਲ ਵਾਟਰ ਸ਼ੋਅ ਬਨਾਉਣ ਤੋਂ ਇਲਾਵਾ 5 ਤਾਂਬੇ ਦੇ ਘੌੜੇ ਵੀ ਲਗਾਏ ਗਏ ਹਨ। ਦੋ ਸਟੇਨਲੈੱਸ ਸਟੀਲ ਦੀਆਂ 10-10 ਮੀਟਰ ਉੱਚੀਆਂ ਤਲਵਾਰਾਂ ਅਤੇ ਇੱਕ ਖੰਡੇ ਦੀ ਸਥਾਪਨਾ ਕੀਤੀ ਗਈ ਹੈ। ਇਨ੍ਹਾਂ ਤਲਵਾਰਾਂ ਦੇ ਮੁੱਠੇ ਜਿੱਥੇ ਤਾਂਬੇ ਦੇ ਉੱਥੇ ਹੀ ਇਨ੍ਹਾਂ ਦਾ ਸਮੁੱਚਾ ਢਾਂਚਾ ਸਟੇਨਲੈਸ ਸਟੀਲ ਦਾ ਹੈ। 10 ਮੀਟਰ ਉੱਚੇ ਖੰਡੇ ਤੇ ਅਧਾਰਤ ਇੱਕ ਆਲਾ ਦਰਜੇ ਦਾ ਵਾਟਰ ਸ਼ੋਅ ਪੇਸ਼ ਕੀਤਾ ਗਿਆ ਹੈ, ਜੋ ਇੱਕ ਗੀਤ ’ਤੇ ਅਧਾਰਤ ਹੈ। ਜਿ਼ਲ੍ਹਾ ਪ੍ਰਸ਼ਾਸਨ ਵੱਲੋਂ ਇਨ੍ਹਾਂ ਇਤਿਹਾਸਕ ਪ੍ਰੋਜੈਕਟਾਂ ਦੇ ਲੋਕ ਅਰਪਣ ਲਈ ਤਿਆਰੀਆਂ ਨੂੰ ਅੰਤਿਮ ਛੋਹਾਂ ਦੇਣ ਲਈ ਮਿਊਜ਼ੀਅਮ ਵਿਖੇ ਮੀਟਿੰਗ ਵੀ ਕੀਤੀ ਗਈ। ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਸੋਨਾਲੀ ਗਿਰੀ ਵੱਲੋਂ ਸਬੰਧਤ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ ਨਿਰਦੇਸ਼ ਦਿੱਤੇ ਗਏ।
Spread the love