ਸਿਹਤ ਵਿਭਾਗ ਸਣੇ ਸਾਰੇ ਵਿਭਾਗਾਂ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਹਦਾਇਤ
ਟੀਮਾਂ ਨੂੰ ਮਲੇਰੀਆ ਵਿਰੁੱਧ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ’ਤੇ ਜ਼ੋਰ
ਬਰਨਾਲਾ, 18 ਅਪ੍ਰੈਲ 2022
ਜ਼ਿਲਾ ਬਰਨਾਲਾ ਵਿੱਚ ਮਲੇਰੀਆ ਫੈਲਣ ਤੋਂ ਜਾਗਰੂਕਤਾ ਲਈ ਮਲੇਰੀਆ ਜਾਗਰੂਕਤਾ ਹਫਤੇ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ, ਜਿਸ ਬਾਬਤ ਸਾਰੇ ਵਿਭਾਗ ਬਣਦਾ ਸਹਿਯੋਗ ਦੇਣ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਹਰੀਸ਼ ਨਾਇਰ ਨੇ ਸਿਹਤ ਵਿਭਾਗ ਸਣੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਕੀਤਾ।
ਹੋਰ ਪੜ੍ਹੋ :-ਡੇਅਰੀ ਵਿਕਾਸ ਵਿਭਾਗ ਵੱਲੋ ਡੇਅਰੀ ਸਿਖਲਾਈ ਦਾ ਦੂਜਾ ਬੈਚ 25 ਅਪ੍ਰੈਲ 2022 ਤੋ
ਉਨਾਂ ਸਿਹਤ ਵਿਭਾਗ ਨੂੰ ਜਿੱਥੇ ਸਾਰੀਆਂ ਟੀਮਾਂ ਨੂੰ ਤਿਆਰ ਰੱਖਣ ਤੇ ਹੋਰ ਪ੍ਰਬੰਧਾਂ ਦੀ ਹਦਾਇਤ ਕੀਤੀ, ਉਥੇ ਸਿੱਖਿਆ ਵਿਭਾਗ ਨੂੰ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਵਾਸਤੇ ਆਖਿਆ। ਇਸ ਤੋੋੋ ਇਲਾਵਾ ਪੇਂਡੂ ਵਿਕਾਸ ਤੇ ਪੰਚਾਇਤੀ ਰਾਜ ਵਿਭਾਗ ਨੂੰ ਪਿੰਡਾਂ ਵਿਚ ਸਿਹਤ ਟੀਮਾਂ ਨਾਲ ਤਾਲਮੇਲ ਬਣਾਉਣ ਅਤੇ ਖੇਤੀਬਾੜੀ ਵਿਭਾਗ ਨੂੰ ਮੱਛਰਾਂ ਦੀ ਬਰੀਡਿੰਗ ਰੋਕਣ ਲਈ ਕਿਸਾਨਾਂ ਨੂੰ ਟ੍ਰੇਨਿੰਗ ਦੇਣ ਦੇ ਨਿਰਦੇਸ਼ ਦਿੱਤੇ। ਉਨਾਂ ਟਰਾਂਸਪੋਰਟ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਪੁਰਾਣੇ ਤੇ ਖਰਾਬ ਟਾਇਰਾਂ ਵਿਚ ਮੀਂਹ ਦਾ ਪਾਣੀ ਨਾ ਖੜਾ ਹੋਣ ਦਿੱਤਾ ਜਾਵੇ।
ਇਸ ਮੌਕੇ ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਮਲੇਰੀਆ ਵਿਰੁੱਧ ਜਾਗਰੂਕਤਾ ਹਫਤੇ ਤਹਿਤ 19 ਅਪ੍ਰੈਲ ਨੂੰ ਸਬ ਡਿਵੀਜ਼ਨ ਪੱਧਰ ’ਤੇ ਪੋਸਟਰ ਮੁਕਾਬਲੇ ਕਰਵਾਏ ਜਾਣਗੇ ਅਤੇ ਜ਼ਿਆਦਾ ਰਿਸਕ ਵਾਲੇ ਖੇਤਰਾਂ ਵਿਚ ਸਰਵੇਖਣ ਕਰਵਾਇਆ ਜਾਵੇਗਾ। 20 ਅਪ੍ਰੈਲ ਨੂੰ ਮਮਤਾ ਦਿਵਸ ਮੌਕੇ ਗਰਭਵਤੀ ਔਰਤਾਂ ਨੂੰ ਜਾਗਰੂਕ ਕੀਤਾ ਜਾਵੇਗਾ। 21 ਅਪ੍ਰੈਲ ਨੂੰ ਪਿੰਡ ਪੱਧਰ ’ਤੇ ਸਰਵੇਖਣ ਅਤੇ ਸਕਰੀਨਿੰਗ ਕੀਤੀ ਜਾਵੇਗੀ। 22 ਅਪ੍ਰੈਲ ਨੂੰ ਇੱਟਾਂ ਦੇ ਭੱਠਿਆਂ ’ਤੇ ਕੰਮ ਕਰਦੇ ਪਰਵਾਸੀ ਮਜ਼ਦੂਰਾਂ ਦੀ ਸਕਰੀਨਿੰਗ ਕੀਤੀ ਜਾਵੇਗੀ। 25 ਅਪ੍ਰੈਲ ਨੂੰ ਜ਼ਿਲਾ ਪੱਧਰ ’ਤੇ ਮਲੇਰੀਆ ਜਾਗਰੂਕਤਾ ਪ੍ਰੋਗਰਾਮ ਕਰਾਇਆ ਜਾਵੇਗਾ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀ ਅਮਿਤ ਬੈਂਬੀ, ਜ਼ਿਲਾ ਪਰਿਵਾਰ ਭਲਾਈ ਅਫਸਰ ਡਾ. ਪ੍ਰਵੇਸ਼ ਕੁਮਾਰ, ਜ਼ਿਲਾ ਐਪਡੀਮੋਲੋਜਿਸਟ ਡਾ. ਮੁਨੀਸ਼, ਐਸਐਮਓ ਧਨੌਲਾ ਡਾ. ਸਤਵੰਤ ਔਜਲਾ ਤੇ ਹੋਰ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।