ਪੁਰਸ਼ ਨਸਬੰਦੀ ਨੂੰ ਲੈ ਕੇ ਸਮਾਜ ਵਿੱਚ ਫੈਲੀਆਂ ਗਲਤ ਧਾਰਨਾਵਾਂ ਨੂੰ ਦੂਰ ਕਰਨ ਦੀ ਲੋੜ: ਡਾ ਰਾਕੇਸ਼ ਚੰਦਰ

INDERMOHAN CS
ਪੁਰਸ਼ ਨਸਬੰਦੀ ਨੂੰ ਲੈ ਕੇ ਸਮਾਜ ਵਿੱਚ ਫੈਲੀਆਂ ਗਲਤ ਧਾਰਨਾਵਾਂ ਨੂੰ ਦੂਰ ਕਰਨ ਦੀ ਲੋੜ: ਡਾ ਰਾਕੇਸ਼ ਚੰਦਰ

Sorry, this news is not available in your requested language. Please see here.

ਨਵਾਂਸ਼ਹਿਰ, 26 ਨਵੰਬਰ 2021
ਸਿਵਲ ਸਰਜਨ ਡਾ ਇੰਦਰਮੋਹਨ ਗੁਪਤਾ ਦੀ ਯੋਗ ਰਹਿਨੁਮਾਈ ਹੇਠ ਸਿਹਤ ਵਿਭਾਗ ਸ਼ਹੀਦ ਭਗਤ ਸਿੰਘ ਨਗਰ ਨੇ ਨਸਬੰਦੀ ਪੰਦਰਵਾੜੇ ਤਹਿਤ ਜ਼ਿਲ੍ਹੇ ਵਿਚ ਜਨ ਜਾਗਰੂਕਤਾ ਮੁਹਿੰਮ ਵਿੱਢੀ ਹੋਈ ਹੈ, ਜਿਸ ਦਾ ਮੁੱਖ ਉਦੇਸ਼ ਨਸਬੰਦੀ ਬਾਰੇ ਸਮਾਜ ਖ਼ਾਸ ਕਰਕੇ ਯੋਗ ਜੋੜਿਆ ਵਿੱਚ ਚੇਤਨਾ ਲਿਆਉਣਾ ਅਤੇ ਪੁਰਸ਼ਾਂ ਵੱਲੋਂ ਪੁਰਸ਼ ਨਸਬੰਦੀ ਨੂੰ ਸਵੀਕਾਰ ਕਰਨ ਲਈ ਪ੍ਰੇਰਿਤ ਕਰਨਾ ਹੈ। ਇਹ ਨਸਬੰਦੀ ਪੰਦਰਵਾੜਾ ਮੁਹਿੰਮ ਥੀਮ “ਪੁਰਸ਼ਾਂ ਨੇ ਪਰਿਵਾਰ ਨਿਯੋਜਨ ਅਪਣਾਇਆ, ਸੁੱਖੀ ਪਰਿਵਾਰ ਦਾ ਆਧਾਰ ਬਣਾਇਆ” ਦੇ ਨਾਲ ਚਲਾਈ ਜਾ ਰਹੀ ਹੈ।

ਹੋਰ ਪੜ੍ਹੋ :-ਮੁੱਖ ਮੰਤਰੀ ਵਲੋਂ ਰਮਾਇਣ, ਮਹਾਂਭਾਰਤ ਅਤੇ ਸ਼੍ਰੀਮਦ ਭਗਵਦ ਗੀਤਾ ’ਤੇ ਖੋਜ ਕੇਂਦਰ ਸਥਾਪਿਤ ਕਰਨ ਦਾ ਐਲਾਨ
ਇਸ ਸਬੰਧ ਵਿੱਚ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ ਰਾਕੇਸ਼ ਚੰਦਰ ਨੇ ਦੱਸਿਆ ਕਿ ਇਸ ਪੰਦਰਵਾੜੇ ਤਹਿਤ ਮਿਤੀ 28 ਨਵੰਬਰ ਤੋਂ 4 ਦਸੰਬਰ 2021 ਤੱਕ ਨਸਬੰਦੀ ਅਪ੍ਰੇਸ਼ਨ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਹ ਇੱਕ ਮਾਮੂਲੀ ਆਪ੍ਰੇਸ਼ਨ ਹੈ, ਜਿਸ ਦੌਰਾਨ ਕੋਈ ਚੀਰ ਫਾੜ ਨਹੀ ਕੀਤੀ ਜਾਂਦੀ ਅਤੇ ਨਾ ਹੀ ਕੋਈ ਟਾਂਕਾ ਲਗਾਇਆ ਜਾਂਦਾ ਹੈ। ਆਪ੍ਰੇਸ਼ਨ ਤੋਂ ਇੱਕ ਘੰਟੇ ਬਾਅਦ ਆਦਮੀ ਘਰ ਜਾ ਸਕਦਾ ਹੈ ਅਤੇ 72 ਘੰਟੇ ਬਾਅਦ ਵਿਅਕਤੀ ਆਪਣਾ ਰੋਜ਼ਾਨਾ ਦਾ ਕੰਮਕਾਜ ਆਮ ਵਾਂਗ ਕਰ ਸਕਦਾ ਹੈ। ਨਸਬੰਦੀ ਆਪ੍ਰੇਸ਼ਨ ਤੋਂ ਬਾਅਦ ਕਿਸੇ ਵੀ ਕਿਸਮ ਦੀ ਸਰੀਰਕ ਕਮਜ਼ੋਰੀ ਨਹੀ ਆਉਂਦੀ, ਇਹ ਸਿਰਫ ਵਹਿਮ-ਭਰਮ ਹਨ। ਇਹ ਔਰਤ ਦੇ ਨਲਬੰਦੀ ਆਪ੍ਰੇਸ਼ਨ ਮੁਕਾਬਲੇ ਹਰ ਪੱਖੋਂ ਅਪਣਾਉਣਾ ਅਸਾਨ ਹੈ। ਉਨ੍ਹਾਂ ਦੱਸਿਆ ਕਿ ਆਪ੍ਰੇਸ਼ਨ ਕਰਵਾਉਣ ਵਾਲੇ ਵਿਅਕਤੀ ਦੀ ਉਮਰ 60 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ। ਵਿਅਕਤੀ ਸ਼ਾਦੀਸ਼ੁਦਾ ਹੋਣਾ ਚਾਹੀਦਾ ਹੈ ਅਤੇ ਇੱਕ ਬੱਚਾ ਹੋਣਾ ਲਾਜ਼ਮੀ ਹੈ।
ਡਾ. ਚੰਦਰ ਨੇ ਕਿਹਾ ਕਿ ਪੁਰਸ਼ ਨਸਬੰਦੀ ਨੂੰ ਲੈ ਕੇ ਸਮਾਜ ਵਿੱਚ ਫੈਲੀਆਂ ਗਲਤ ਧਾਰਨਾਵਾਂ ਨੂੰ ਦੂਰ ਕਰਨ ਦੀ ਜ਼ਰੂਰਤ ਹੈ, ਇਸ ਲਈ ਛੋਟਾ ਪਰਿਵਾਰ ਸੁੱਖੀ ਪਰਿਵਾਰ ਦੀ ਧਾਰਨਾ ਨੂੰ ਸਾਕਾਰ ਕਰਨ ਲਈ ਪੁਰਸ਼ਾਂ ਨੂੰ ਅੱਗੇ ਵਧ ਕੇ ਜ਼ਿੰਮੇਵਾਰੀ ਉਠਾਉਣੀ ਚਾਹੀਦੀ ਹੈ। ਉਨ੍ਹਾਂ ਸਮੂਹ ਸਿਹਤ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਯੋਗ ਜੋੜਿਆਂ ਨੂੰ ਗਰੁੱਪ ਮੀਟਿੰਗਾਂ ਰਾਹੀਂ ਛੋਟਾ ਪਰਿਵਾਰ ਸੁੱਖੀ ਪਰਿਵਾਰ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਜਾਵੇ ਅਤੇ ਪਰਿਵਾਰ ਭਲਾਈ ਦੇ ਕੱਚੇ ਤੇ ਪੱਕੇ ਸਾਧਨਾਂ ਨੂੰ ਅਪਣਾਉਣ ਸਬੰਧੀ ਪ੍ਰੇਰਿਤ ਕੀਤਾ ਜਾਵੇ। ਉਨ੍ਹਾਂ ਨੂੰ ਚੀਰਾ ਰਹਿਤ ਨਸਬੰਦੀ ਕਰਵਾਉਣ ਲਈ ਮਰਦਾਂ ਦੀ ਭਾਗੀਦਾਰੀ ਯਕੀਨੀ ਬਣਾਉਣ ਲਈ ਪ੍ਰੇਰਨਾ ਵੀ ਦਿੱਤੀ ਜਾਵੇ।
ਉਨ੍ਹਾਂ ਨੇ ਇਹ ਵੀ ਦੱਸਿਆ ਕਿ ਨਸਬੰਦੀ ਆਪ੍ਰੇਸ਼ਨ ਕਰਵਾਉਣ ਵਾਲੇ ਵਿਅਕਤੀ ਨੂੰ 1100 ਰੁਪਏ ਵਿੱਤੀ ਸਹਾਇਤਾ ਅਤੇ ਆਪ੍ਰੇਸ਼ਨ ਲਈ ਪ੍ਰੇਰਿਤ ਕਰਨ ਵਾਲੇ ਵਿਅਕਤੀ ਨੂੰ 200 ਰੁਪਏ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪਰਿਵਾਰ ਨਿਯੋਜਨ ਵਿਚ ਮਰਦਾਂ ਦੀ ਭਾਗੀਦਾਰੀ ਬੜਾ ਅਹਿਮ ਰੋਲ ਅਦਾ ਕਰ ਸਕਦੀ ਹੈ।
Spread the love