ਅਟਾਰੀ, 10 ਫਰਵਰੀ 2022
ਸਿੱਖ ਕੌਮ ਦੇ ਮਹਾਨ ਜਰਨੈਲ ਸ਼ਾਮ ਸਿੰਘ ਅਟਾਰੀ ਵਾਲਾ ਦਾ 176ਵਾਂ ਸ਼ਹੀਦੀ ਦਿਹਾੜਾ ਪੂਰੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਮੌਕੇ ਮੇਜਰ ਜਨਰਲ ਰਾਜੇਸ਼ ਪੁਸ਼ਕਰ, ਜਿਲ੍ਹਾ ਪ੍ਰਸ਼ਾਸਨ ਵਲੋਂ ਲੋਕ ਸੰਪਰਕ ਅਫਸਰ ਸ: ਸ਼ੇਰਜੰਗ ਸਿੰਘ ਹੁੰਦਲ, ਕਰਨਲ ਹਰਿੰਦਰ ਸਿੰਘ ਅਟਾਰੀ ਅਤੇ ਹੋਰ ਅਧਿਕਾਰੀਆਂ ਨੇ ਸ਼ਹੀਦ ਸ਼ਾਮ ਸਿੰਘ ਅਟਾਰੀਵਾਲਾ ਦੀ ਸਮਾਧ ’ਤੇ ਫੁੱਲ ਮਲਾਵਾਂ ਚੜਾ ਕੇ ਸ਼ਰਧਾਂਜਲੀਆਂ ਭੇਟ ਕੀਤੀਆਂ। ਇਸ ਮੌਕੇ ਜਵਾਨਾਂ ਵੱਲੋਂ ਹਥਿਆਰ ਉਲਟੇ ਕਰਕੇ ਜਰਨਲ ਅਟਾਰੀਵਾਲਾ ਨੂੰ ਸਲਾਮੀ ਦਿੱਤੀ।
ਹੋਰ ਪੜ੍ਹੋ :-ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਗਣਿਤ, ਵਿਗਿਆਨ, ਅੰਗਰੇਜ਼ੀ ਅਤੇ ਐਸ ਐਸ ਟੀ ਵਿਸ਼ਿਆਂ ਦੇ ਬਲਾਕ ਪੱਧਰੀ ਕੁਇਜ਼ ਮੁਕਾਬਲੇ ਕਰਵਾਏ
ਇਸ ਮੌਕੇ ਜਰਨੈਲ ਸ਼ਾਮ ਸਿੰਘ ਅਟਾਰੀਵਾਲਾ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਸ੍ਰੀ ਰਾਜੇਸ ਪੁਸ਼ਕਰ ਨੇ ਕਿਹਾ ਕਿ ਸ. ਸ਼ਾਮ ਸਿੰਘ ਅਟਾਰੀਵਾਲਾ ਸਿੱਖ ਕੌਮ ਦੇ ਮਹਾਨ ਜਰਨੈਲ ਹਨ ਅਤੇ ਇੰਨਾਂ ਦੀ ਸ਼ਹਾਦਤ ਸਾਡੇ ਲਈ ਸਦਾ ਚਾਨਣ ਮੁਨਾਰਾ ਰਹੇਗੀ। ਉਨ੍ਹਾਂ ਕਿਹਾ ਕਿ ਸ਼ਹੀਦ ਇਕ ਪਰਿਵਾਰ ਨਾਲ ਸਬੰਧਤ ਨਹੀਂ ਹੁੰਦੇ ਉਹ ਕੌਮ ਦਾ ਸਰਮਾਇਆ ਹੁੁੰਦੇ ਹਨ। ਉਨ੍ਹਾਂ ਕਿਹਾ ਕਿ ਸ. ਸ਼ਾਮ ਸਿੰਘ ਅਟਾਰੀਵਾਲਾ ਨੇ 10 ਫਰਵਰੀ 1846 ਨੂੰ ਸਭਰਾਵਾਂ ਦੀ ਜੰਗ ਵਿਚ ਜਿਸ ਤਰਾਂ ਤੇ ਜਿੰਨਾ ਹਲਾਤਾਂ ਵਿਚ ਬਹਾਦਰੀ ਨਾਲ ਅੰਗਰੇਜ਼ੀ ਫੌਜਾਂ ਦਾ ਮੁਕਾਬਲਾ ਕਰਕੇ ਸ਼ਹਾਦਤ ਦਾ ਜਾਮ ਪੀਤਾ, ਉਹ ਆਪਣੇ ਆਪ ਵਿਚ ਮਿਸਾਲ ਹੈ।
ਸਮਾਗਮ ਨੂੰ ਸੰਬੋਧਨ ਕਰਦਿਆਂ ਸ: ਹਰਿੰਦਰ ਸਿੰਘ ਨੇ ਕਿਹਾ ਕਿ ਸਾਨੁੂੰ ਸਭ ਨੁੂੰ ਮਹਾਨ ਜਰਨੈਲ ਸ਼ਾਮ ਸਿੰਘ ਅਟਾਰੀ ਵਾਲਾ ਦੇ ਜੀਵਨ ਤੋਂ ਸੇਧ ਲੈਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਮਹਾਨ ਜਰਨੈਲ ਸ਼ਾਮ ਸਿੰਘ ਅਟਾਰੀਵਾਲਾ ਨੇ 18 ਸਾਲ ਦੀ ਉਮਰ ਵਿੱਚ ਯੁੱਧਾਂ ਵਿੱਚ ਭਾਗ ਲੈਣਾ ਸ਼ੁਰੂ ਕਰ ਦਿੱਤਾ ਸੀ ਅਤੇ ਆਪਣੀ ਉਮਰ ਦੇ ਆਖਰੀ ਪੜਾਅ ਵਿੱਚ ਵੀ ਸਿੱਟਿਆ ਦੇ ਅੰਜਾਮ ਦੀ ਪਰਵਾਹ ਕੀਤੇ ਬਿਨਾਂ ਖੁਦ ਆਖਰੀ ਹਮਲੇ ਦੀ ਅਗਵਾਈ ਕੀਤੀ ਅਤੇ ਆਖਰੀ ਸਾਹ ਤੱਕ ਲੜਦੇ ਰਹੇ।
ਇਸ ਦੌਰਾਨ ਧਾਰਮਿਕ ਦੀਵਾਨ ਵਿਚ ਅਟਾਰੀ ਵਾਲਾ ਦੇ ਪਰਿਵਾਰਕ ਮੈਂਬਰਾਂ ਨੂੰ ਸਿਰੋਪੇ ਨਾਲ ਸਨਮਾਨਿਤ ਕੀਤਾ ਗਿਆ। ਵੱਡੀ ਗਿਣਤੀ ’ਚ ਲੋਕਾਂ ਨੇ ਅਟਾਰੀ ਵਿਖੇ ਪਹੁੰਚ ਕੇ ਮਹਾਨ ਜਰਨੈਲ ਸ਼ਾਮ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।