ਮਾਪੇ-ਅਧਿਆਪਕ ਮਿਲਣੀ ਲਈ ਵਿਦਿਆਰਥੀਆਂ ਦੇ ਮਾਪਿਆਂ ਵਿੱਚ ਭਾਰੀ ਉਤਸ਼ਾਹ
ਗੁਰਦਾਸਪੁਰ 04 ਅਪ੍ਰੈਲ 2022
ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਅਗਵਾਈ ਵਿੱਚ ਸਿੱਖਿਆ ਸਕੱਤਰ ਅਜੋਏ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਤੇ ਅਤੇ ਪਰਦੀਪ ਅਗਰਵਾਲ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਦੀ ਦੇਖ-ਰੇਖ ਅਧੀਨ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਨੂੰ ਮਾਪਿਆਂ ਨਾਲ ਸਾਂਝਾ ਕਰਨ ਲਈ ਰਾਜ ਭਰ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਮਿਤੀ 5 ਅਪ੍ਰੈਲ ਦਿਨ ਮੰਗਲਵਾਰ ਨੂੰ ਮਾਪੇ-ਅਧਿਆਪਕ ਮਿਲਣੀ ਆਯੋਜਿਤ ਕੀਤੀ ਜਾ ਰਹੀ ਹੈ। ਗੈਰ ਬੋਰਡ ਜਮਾਤਾਂ ਵਿੱਚ ਸਿੱਖਿਆ ਲੈ ਰਹੇ ਵਿਦਿਆਰਥੀਆਂ ਦੇ ਨਤੀਜਿਆਂ , ਦਾਖ਼ਲਾ ਮੁਹਿੰਮ ,ਉੱਚ ਮਿਆਰੀ ਸਿੱਖਿਅਕ ਗਤੀਵਿਧੀਆਂ ਅਤੇ ਸਿੱਖਿਆ ਦੇ ਸਰਵਪੱਖੀ ਵਿਕਾਸ ਦੇ ਪਰਮ ਉਦੇਸ਼ ਤਹਿਤ ਵਿਦਿਆਰਥੀਆਂ ਨੂੰ ਸਹੀ ਸੇਧ ਦੇਣ ਲਈ ਅਧਿਆਪਕਾਂ ਦੇ ਨਾਲ-ਨਾਲ ਮਾਪਿਆਂ ਦਾ ਰੋਲ ਬਹੁਤ ਮਹੱਤਵਪੂਰਨ ਹੁੰਦਾ ਹੈ। ਇਸ ਅਹਿਮੀਅਤ ਨੂੰ ਮੁੱਖ ਰੱਖਦਿਆਂ ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਦੇ ਮਾਪਿਆਂ ਨਾਲ ਵਿਦਿਆਰਥੀਆਂ ਦੁਆਰਾ ਗੈਰ ਬੋਰਡ ਸਲਾਨਾ ਪ੍ਰੀਖਿਆਵਾਂ ਵਿੱਚ ਦਿਖਾਈ ਗਈ ਕਾਰਗੁਜ਼ਾਰੀ ਨੂੰ ਸਾਂਝਾ ਕਰਨ ਲਈ ਅਤੇ ਭਵਿੱਖ ਵਿੱਚ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਨੂੰ ਹੋਰ ਬਿਹਤਰ ਬਣਾਉਣ ਲਈ ਇਹ ਮਾਪੇ-ਅਧਿਆਪਕ ਮਿਲਣੀ ਆਯੋਜਿਤ ਕੀਤੀ ਜਾ ਰਹੀ ਹੈ।
ਹੋਰ ਪੜ੍ਹੋ :-ਵਿਧਾਇਕ ਸ੍ਰ. ਕੁਲਵੰਤ ਸਿੰਘ ਸਿੱਧੂ ਵੱਲੋਂ ਲੁਧਿਆਣਾ ਦੇ ਸੰਗੀਤ ਸਿਨੇਮਾ ਵਾਲੀ ਸੜਕ ਦੇ ਨਿਰਮਾਣ ਕਾਰਜ ਦਾ ਕੀਤਾ ਉਦਘਾਟਨ
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਹਰਪਾਲ ਸਿੰਘ ਸੰਧਾਵਾਲੀਆ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਮਦਨ ਲਾਲ ਸ਼ਰਮਾ ਨੇ ਦੱਸਿਆ ਕਿ ਵਿਭਾਗ ਵਿਦਿਆਰਥੀਆਂ ਦੀ ਭਲਾਈ ਲਈ ਮਾਪਿਆਂ ਨਾਲ ਲਗਾਤਾਰ ਰਾਬਤਾ ਬਣਾਈ ਰੱਖਣ ਲਈ ਹਮੇਸ਼ਾ ਯਤਨਸ਼ੀਲ ਰਹਿੰਦਾ ਹੈ। ਇਸ ਵਾਰ ਵੀ ਹਮੇਸ਼ਾ ਦੀ ਤਰ੍ਹਾਂ ਵਿਦਿਆਰਥੀਆਂ ਦੇ ਚੇਤੰਨ ਮਾਪਿਆਂ ਵੱਲੋਂ ਸਾਰੇ ਸਰਕਾਰੀ ਸਕੂਲਾਂ ਵਿੱਚ ਵਧ-ਚੜ੍ਹ ਕੇ ਸ਼ਿਰਕਤ ਕਰਨ ਲਈ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸਾਲਾਨਾ ਪ੍ਰੀਖਿਆਵਾਂ ਦੀ ਕਾਰਗੁਜ਼ਾਰੀ ਸਾਂਝਾ ਕਰਨ ਕਰਕੇ ਲਈ ਇਹ ਮਿਲਣੀ ਬਹੁਤ ਹੀ ਅਹਿਮ ਹੈ।
ਇਸ ਮੌਕੇ ਇਕ ਸਾਂਝੇ ਬਿਆਨ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਹਰਪਾਲ ਸਿੰਘ ਸੰਧਾਵਾਲੀਆ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਮਦਨ ਲਾਲ ਸ਼ਰਮਾ ਨੇ ਕਿਹਾ ਕਿ ਅਧਿਆਪਕ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਲਗਾਤਾਰ ਯਤਨਸ਼ੀਲ ਹਨ ਅਤੇ ਮਾਪੇ- ਅਧਿਆਪਕ ਮਿਲਣੀ ਦੌਰਾਨ ਮਾਪਿਆਂ ਵੱਲੋਂ ਵਿਦਿਆਰਥੀਆਂ ਦੀ ਭਲਾਈ ਲਈ ਦਿੱਤੇ ਗਏ ਉਸਾਰੂ ਸੁਝਾਵਾਂ ਤੇ ਵਿਭਾਗ ਵੱਲੋਂ ਪੂਰਾ ਧਿਆਨ ਦਿੱਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਸਾਰੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਵਿਭਾਗ ਵੱਲੋਂ 5 ਅਪ੍ਰੈਲ ਨੂੰ ਮਾਪੇ- ਅਧਿਆਪਕ ਮਿਲਣੀ ਕਰਵਾਉਣ ਲਈ ਵਿਭਾਗੀ ਮੀਟਿੰਗਾਂ ਕਰਦੇ ਹੋਏ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਸ ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਲਖਵਿੰਦਰ ਸਿੰਘ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਬਲਬੀਰ ਸਿੰਘ ਨੇ ਦੱਸਿਆ ਕਿ ਇਸ ਮਾਪੇ ਅਧਿਆਪਕ ਮਿਲਣੀ ਨੂੰ ਮੁੱਖ ਰੱਖਦਿਆਂ ਸਾਰੇ ਸਕੂਲਾਂ ਵੱਲੋਂ ਮਾਪਿਆਂ ਨੂੰ ਸ਼ਮੂਲੀਅਤ ਕਰਨ ਲਈ ਫੋਨ ਅਤੇ ਸੋਸ਼ਲ ਮੀਡੀਆ ਰਾਹੀਂ ਵਿਸ਼ੇਸ਼ ਸੱਦਾ ਭੇਜਿਆ ਜਾ ਰਿਹਾ ਹੈ। ਇਸ ਮੰਤਵ ਲਈ ਆਕਰਸ਼ਕ ਪੋਸਟਰ ਬੈਨਰ ਪੈਂਫਲਿਟ ਅਤੇ ਇਨਵੀਟੇਸ਼ਨ ਕਾਰਡ ਤਿਆਰ ਕੀਤੇ ਜਾ ਰਹੇ ਹਨ। ਮਾਪਿਆਂ ਦੇ ਸਵਾਗਤ ਲਈ ਉਚੇਚੇ ਪ੍ਰਬੰਧ ਕੀਤੇ ਗਏ ਸਨ , ਸੈਲਫੀ ਪੁਆਇੰਟ ਬਣਾਏ ਜਾ ਰਹੇ ਹਨ ।
ਇਸ ਮੌਕੇ ਜ਼ਿਲ੍ਹਾ ਪ੍ਰਿੰਟ ਅਤੇ ਸੋਸ਼ਲ ਮੀਡੀਆ ਕੋਆਡੀਨੇਟਰ ਗਗਨਦੀਪ ਸਿੰਘ ਅਤੇ ਉਨ੍ਹਾਂ ਦੀ ਮੀਡੀਆ ਟੀਮ ਵੱਲੋਂ ਮਾਪਿਆਂ ਨੂੰ ਵਿਦਿਆਰਥੀਆਂ ਦੀ ਪੜ੍ਹਾਈ ਦੇ ਨਾਲ-ਨਾਲ ਸਕੂਲਾਂ ਵਿੱਚ ਆਧੁਨਿਕ ਤਕਨੀਕਾਂ ਨਾਲ ਦਿੱਤੀ ਜਾ ਰਹੀ ਮਿਆਰੀ ਸਿੱਖਿਆ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ ।ਇਸ ਮੌਕੇ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਸੈਕੰਡਰੀ ਅਤੇ ਪ੍ਰਾਇਮਰੀ ਪੱਧਰ ਤੇ ਬਲਾਕ ਨੋਡਲ ਅਫਸਰ , ਬਲਾਕ ਪ੍ਰਾਇਮਰੀ ਸਿੱਖਿਆ ਅਫਸਰ , ਪਡ਼੍ਹੋ ਪੰਜਾਬ ਪਡ਼੍ਹਾਓ ਪੰਜਾਬ ਦੀ ਸਮੁੱਚੀ ਟੀਮ , ਸਕੂਲ ਪ੍ਰਿੰਸੀਪਲ, ਹੈੱਡਮਾਸਟਰ , ਲੈਕਚਰਰ, ਸੈਂਟਰ ਹੈੱਡ ਟੀਚਰ , ਹੈੱਡ ਟੀਚਰ ਅਤੇ ਸਕੂਲ ਅਧਿਆਪਕ ਵਿਭਾਗੀ ਅਮਲੇ ਦੀ ਸਹਾਇਤਾ ਨਾਲ ਇਸ ਮਾਪੇ ਅਧਿਆਪਕ ਮਿਲਣੀ ਨੂੰ ਯਾਦਗਾਰ ਬਣਾਉਣ ਲਈ ਹਰ ਸੰਭਵ ਯਤਨ ਕਰ ਰਹੇ ਹਨ ।*