ਸਾਲ 2018 ਵਿਚ 2 ਏਕੜ ਅਤੇ 2020-21 ਵਿਚ 16 ਏਕੜ ਵਿਚ ਕੀਤੀ ਝੋਨੇ ਦੀ ਸਿੱਧੀ ਬਿਜਾਈ-ਪ੍ਰਤੀ ਏਕੜ 29 ਕੁਇੰਟਲ ਪ੍ਰਾਪਤ ਕੀਤਾ ਝਾੜ
ਗੁਰਦਾਸਪੁਰ, 2 ਮਈ 2022
ਅਗਾਂਹਵਧੂ ਕਿਸਾਨ ਬਲਤੇਜ ਸਿੰਘ, ਪਿੰਡ ਖਹਿਰਾ ਕਲਾਂ, ਗੁਰਦਾਸਪੁਰ ਦਾ ਕਹਿਣਾ ਹੈ ਕਿ ਉਸ ਕੋਲ 16 ਏਕੜ ਵਾਹੀਯੋਗ ਜ਼ਮੀਨ ਹੈ ਤੇ ਖੇਤੀਬਾੜੀ ਵਿਭਾਗ ਫਤਹਿਗੜ੍ਹ ਚੂੜੀਆਂ ਦੇ ਦਿਸ਼ਾ-ਨਿਰਦੇਸ਼ਾਂ ਹੇਠ ਖੇਤੀ ਕਰ ਰਿਹਾ ਹੈ। ਕਿਸਾਨ ਨੇ ਅੱਗੇ ਦੱਸਿਆ ਕਿ ਪਿਛਲੇ 4 ਸਾਲ ਤੋ ਝੋਨੇ ਦੀ ਸਿੱਧੀ ਬਿਜਾਈ ਕਰ ਰਿਹਾ ਹੈ ਤੇ ਇਸ ਵਿਧੀ ਨਾਲ ਝੋਨੇ ਦੀ ਬਿਜਾਈ ਕਰਕੇ ਖੁਸ਼ ਹੈ।
ਹੋਰ ਪੜ੍ਹੋ :-ਸਰਕਾਰੀ ਸਕੂਲਾਂ ਵਿਚ ਦਾਖਲੇ ਵਧਾਉਣ ਲਈ ਪ੍ਰਚਾਰ ਵਾਹਨ ਰਵਾਨਾ ਕੀਤੇ
ਕਿਸਾਨ ਬਲਤੇਜ ਸਿੰਘ ਨੇ ਅੱਗੇ ਦੱਸਿਆ ਕਿ ਪਹਿਲੇ ਸਾਲ 2017-18 ਵਿਚ ਜਦੋਂ ਸਿੱਧੀ ਬਿਜਾਈ ਵਿਧੀ ਨਾਲ 2 ਏਕੜ ਰਕਬੇ ਵਿਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਸੀ। ਕੁਝ ਰਕਬੇ ਵਿਚ ਨਦੀਨਾਂ ਦੀ ਸਮੱਸਿਆ ਆਈ ਸੀ ਪਰ ਖੇਤੀਬਾੜੀ ਵਿਭਾਗ ਦੇ ਪੂਰਨ ਸਹਿਯੋਗ ਸਦਕਾ ਨਦੀਨਾਂ ਉੱਪਰ ਕਾਬੂ ਕਰਕੇ ਬਹੁਤ ਵਧੀਆ ਝਾੜ ਪ੍ਰਾਪਤ ਕੀਤਾ ਸੀ। ਉਸਨੇ ਦੱਸਿਆ ਕਿ 2 ਏਕੜ ਵਿਚ ਸਿੱਧੀ ਬਿਜਾਈ ਨਾਲ ਮੈਨੂੰ 8,000 ਰੁਪਏ ਦੀ ਬਚਤ ਹੋਈ।
ਕਿਸਾਨ ਨੇ ਅੱਗੇ ਦੱਸਿਆ ਕਿ ਸਾਲ 2018-19 ਵਿਚ 10 ਏਕੜ ਵਿਚ ਝੋਨੇ ਦੀ ਸਿੱਧੀ ਬਿਜਾਈ ਕੀਤੀ। ਇਸ ਦੌਰਾਨ ਮੈਂ ਬਾਸਮਤੀ 1121 ਦੀ ਕਾਸ਼ਤ ਕੀਤੀ ਤੇ 18 ਕੁਇੰਟਲ ਪ੍ਰਤੀ ਏਕੜ ਝਾੜ ਪ੍ਰਾਪਤ ਕੀਤਾ। ਇਸ ਵਿਧੀ ਨਾਲ ਜਿੱਥੇ ਪਾਣੀ ਦੀ ਬਚਤ ਹੁੰਦੀ ਹੈ, ਝਾੜ ਵਿਚ ਵੀ ਵਾਧਾ ਹੁੰਦਾ ਹੈ ਤੇ ਕੀੜੇ-ਮਕੋੜਿਆਂ ਦਾ ਹਮਲਾ ਘੱਟ ਹੁੰਦਾ ਹੈ।
ਉਨਾਂ ਅੱਗੇ ਦੱਸਿਆ ਕਿ ਸਾਲ 2021-20 ਅਤੇ 2020-21 ਵਿਚ ਸਾਰਾ ਰਕਬਾ ਭਾਵ 16 ਏਕੜ ਵਿਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਅਤੇ ਪੀ.ਆਰ-121 ਦਾ ਝਾੜ 29 ਕੁਇੰਟਲ ਅਤੇ ਪੁਸਾ 1718 ਦਾ 21 ਕੁਇੰਟਲ ਝਾੜ ਪ੍ਰਾਪਤ ਕੀਤਾ। ਇਸ ਵਿਧੀ ਨਾਲ ਪ੍ਰਤੀ ਏਕੜ 5-6 ਹਜ਼ਾਰ ਰੁਪਏ ਦੀ ਬਚਤ ਹੁੰਦੀ ਹੈ ਅਤੇ ਕਿਸਾਨੀ ਲਈ ਬਹੁਤ ਲਾਹੇਵੰਦ ਹੈ। ਉਸਨੇ ਕਿਹਾ ਕਿ ਖੇਤੀਬਾੜੀ ਵਿਭਾਗ ਦੇ ਸਹਿਯੋਗ ਸਦਕਾ, ਉਸਨੂੰ ਜੋ ਵੀ ਸਮੱਸਿਆ ਪੇਸ਼ ਆਈ, ਉਸਦਾ ਨਿਪਟਾਰਾ ਕੀਤਾ ਗਿਆ।
ਕਿਸਾਨ ਬਲਤੇਜ ਸਿੰਘ ਨੇ ਜਿਲੇ ਦੇ ਸਾਰੇ ਕਿਸਾਨ ਸਾਥੀਆਂ ਨੂੰ ਅਪੀਲ ਕੀਤੀ ਕਿ ਉਹ ਇੱਕ ਵਾਰ ਜਰੂਰ ਝੋਨੇ ਦੀ ਸਿੱਧੀ ਬਿਜਾਈ ਦੀ ਸ਼ੁਰੂਆਤ ਕਰਨ ਅਤੇ ਜੇਕਰ ਕਿਸੇ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਨੇੜਲੇ ਖੇਤੀਬਾੜੀ ਵਿਭਾਗ ਦੇ ਮਾਹਿਰਾਂ ਦੀ ਸਲਾਹ ਲੈ ਸਕਦੇ ਹਨ।
ਇਸ ਮੌਕੇ ਖੇਤੀਬਾੜੀ ਅਫਸਰ ਗੁਰਦਾਸਪੁਰ ਰਣਧੀਰ ਠਾਕੁਰ ਕਿਹਾ ਕਿ ਪਾਣੀ ਦੇ ਡਿੱਗਦੇ ਪੱਧਰ ਨੂੰ ਦੇਖਦਿਆਂ ਸਾਰੇ ਕਿਸਾਨ ਵੀਲ ਝੋਨੇ ਦੀ ਸਿੱਧੀ ਬਿਜਾਈ ਨੂੰ ਜਰੂਰ ਤਰਜੀਹ ਦੇਣ। ਉਨਾਂ ਕਿਹਾ ਕਿ ਕਿਸਾਨ ਵੀਰ ਝੋਨੇ ਦੀ ਸਿੱਧੀ ਬਿਜਾਈ ਸਬੰਧੀ ਜਾਣਕਾਰੀ ਲੈਣ ਲਈ ਆਪਣੇ ਨੇੜਲੇ ਖੇਤੀਬਾੜੀ ਵਿਭਾਗ ਦੇ ਦਫਤਰ ਜਾਂ ਮੁੱਖ ਖੇਤੀਬਾੜੀ ਦਫਤਰ ਗੁਰਦਾਸਪੁਰ ਵਿਖੇ ਸੰਪਰਕ ਕਰ ਸਕਦੇ ਹਨ।