ਬਰਨਾਲਾ, 20 ਅਪ੍ਰੈਲ 2022
ਸੂਬੇ ਦੇ ਭਾਸ਼ਾ ਵਿਭਾਗ ਵੱਲੋਂ ਸਕੂਲ ਸਿੱਖਿਆ, ਖੇਡਾਂ, ਉਚੇਰੀ ਸਿੱਖਿਆ ਤੇ ਭਾਸ਼ਾਵਾਂ ਬਾਰੇ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਰਹਿਨੁਮਾਈ ਅਤੇ ਪ੍ਰਮੁੱਖ ਸਕੱਤਰ ਸ੍ਰੀਮਤੀ ਜਸਪ੍ਰੀਤ ਤਲਵਾਰ ਆਈ.ਏ.ਐੱਸ ਦੀ ਅਗਵਾਈ ਹੇਠ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਨੂੰ ਮਾਤ ਭਾਸ਼ਾ ਅਤੇ ਸਾਹਿਤ ਨਾਲ ਜੋੜਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ।
ਹੋਰ ਪੜ੍ਹੋ :-ਜ਼ਿਲ੍ਹਾ ਕਾਨੂੰਨੀ ਅਥਾਰਿਟੀ ਫਿਰੋਜ਼ਪੁਰ ਵੱਲੋਂ ਪੈਰਾਡਾਈਜ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਸੈਮੀਨਾਰ ਦਾ ਆਯੋਜਨ
ਜ਼ਿਲਾ ਭਾਸ਼ਾ ਅਫਸਰ ਸੁਖਵਿੰਦਰ ਸਿੰਘ ਗੁਰਮ ਅਤੇ ਖੋਜ ਅਫਸਰ ਬਿੰਦਰ ਸਿੰਘ ਖੁੱਡੀ ਕਲਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨਾਂ ਉਪਰਾਲਿਆਂ ਤਹਿਤ ਪਿ੍ਰੰਸੀਪਲ ਬਰਜਿੰਦਰਪਾਲ ਸਿੰਘ ਨੈਸ਼ਨਲ ਅਵਾਰਡੀ ਦੇ ਪ੍ਰਬੰਧਾਂ ਹੇਠ ਲੋਕ ਕਵੀ ਸੰਤ ਰਾਮ ਉਦਾਸੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਏਸਰ ਵਿਖੇ ਸਮਾਗਮ ਕਰਵਾ ਕੇ ਲੋਕ ਕਵੀ ਸੰਤ ਰਾਮ ਉਦਾਸੀ ਦਾ ਜਨਮ ਦਿਨ ਮਨਾਇਆ ਗਿਆ। ਇਸ ਮੌਕੇ ਸੰਤ ਰਾਮ ਉਦਾਸੀ ਦੀ ਧੀ ਪਿ੍ਰੰਸੀਪਲ ਇਕਾਬਲ ਕੌਰ ਉਦਾਸੀ ਵੱਲੋਂ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਗਈ।
ਸਮਾਗਮ ਦੀ ਸ਼ੁਰੂਆਤ ਲੋਕ ਕਵੀ ਸੰਤ ਰਾਮ ਉਦਾਸੀ ਦੀ ਤਸਵੀਰ ਸਾਹਮਣੇ ਸ਼ਮਾ ਰੌਸ਼ਨ ਕਰਕੇ ਕੀਤੀ ਗਈ। ਲੈਕਚਰਾਰ ਮਨਜੀਤ ਕੌਰ ਨੇ ਵਿਸਥਾਰ ਵਿੱਚ ਸੰਤ ਰਾਮ ਉਦਾਸੀ ਦੇ ਜੀਵਨ ਅਤੇ ਸਾਹਿਤ ਰਚਨਾ ਬਾਰੇ ਵਿਦਿਅਰਥੀਆਂ ਨਾਲ ਜਾਣਕਾਰੀ ਸਾਂਝੀ ਕੀਤੀ। ਲੋਕ ਕਵੀ ਸੰਤ ਰਾਮ ਉਦਾਸੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਏਸਰ ਅਤੇ ਸ਼ਹੀਦ ਬੁੱਧੂ ਖਾਂ ਸ਼ੌਰਿਆ ਚੱਕਰਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ਹਿਣਾ ਦੇ ਵਿਦਿਆਰਥੀਆਂ ਵੱਲੋਂ ਗੀਤ ਗਾਇਨ ਅਤੇ ਕਵਿਤਾ ਉਚਾਰਨ ਮੁਕਾਬਲਿਆਂ ਵਿੱਚ ਭਾਗ ਲਿਆ ਗਿਆ। ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਗੀਤਾਂ ਅਤੇ ਕਵਿਤਾਵਾਂ ਰਾਹੀਂ ਲੋਕ ਕਵੀ ਸੰਤ ਰਾਮ ਉਦਾਸੀ ਨੂੰ ਯਾਦ ਕੀਤਾ ਗਿਆ। ਪਿ੍ਰੰਸੀਪਲ ਇਕਬਾਲ ਕੌਰ ਉਦਾਸੀ ਨੇ ਆਪਣੇ ਸੰਬੋਧਨ ’ਚ ਆਪਣੇ ਪਿਤਾ ਲੋਕ ਕਵੀ ਸੰਤ ਰਾਮ ਉਦਾਸੀ ਦੀ ਕ੍ਰਾਂਤੀਕਾਰੀ ਜੀਵਨ ਘਾਲਣਾ ਬਾਰੇ ਵਿਚਾਰ ਸਾਂਝੇ ਕੀਤੇ।
ਜ਼ਿਲਾ ਭਾਸ਼ਾ ਦਫਤਰ ਵੱਲੋਂ ਗੀਤ ਗਾਇਨ ਅਤੇ ਕਵਿਤਾ ਉਚਾਰਨ ਮੁਕਾਬਲਿਆਂ ’ਚ ਭਾਗ ਲੈਣ ਵਾਲੇ ਵਿਦਿਆਰਥਆਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕਰਨ ਦੇ ਨਾਲ ਨਾਲ ਪਿ੍ਰੰਸੀਪਲ ਇਕਬਾਲ ਕੌਰ ਉਦਾਸੀ ਅਤੇ ਲੋਕ ਕਵੀ ਸੰਤ ਰਾਮ ਉਦਾਸੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਏਸਰ ਦੇ ਪਿ੍ਰੰਸੀਪਲ ਅਤੇ ਸਮੂਹ ਸਟਾਫ ਦਾ ਸਨਮਾਨ ਕੀਤਾ ਗਿਆ। ਸਕੂਲ ਵੱਲੋਂ ਵੀ ਪਿ੍ਰੰਸੀਪਲ ਇਕਬਾਲ ਕੌਰ ਉਦਾਸੀ ਅਤੇ ਡਾ. ਗੁਬਿੰਦਰ ਸਿੰਘ ਐਨ.ਆਰ.ਆਈ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਟੇਜ ਸੰਚਾਲਨ ਮਾਸਟਰ ਜਗਤਾਰ ਸਿੰਘ ਅਤੇ ਮਨਜੀਤ ਕੌਰ ਲੈਕਚਰਾਰ ਵੱਲੋਂ ਸਾਂਝੇ ਤੌਰ ’ਤੇ ਕੀਤਾ ਗਿਆ। ਇਸ ਮੌਕੇ ਗੁਰਪ੍ਰੀਤ ਸਿੰਘ ਸਰਪੰਚ, ਸਕੂਲ ਮੈਨੇਜਮੈਂਟ ਕਮੇਟੀ ਚੇਅਰਮੈਨ ਬਲਦੇਵ ਸਿੰਘ ਅਤੇ ਗੁਰਪ੍ਰੀਤ ਸਿੰਘ ਗੋਪੀ ਸਮੇਤ ਸਕੂਲ ਦਾ ਸਮੁੱਚਾ ਸਟਾਫ ਹਾਜ਼ਰ ਸੀ।
ਲੋਕ ਕਵੀ ਸੰਤ ਰਾਮ ਉਦਾਸੀ ਦੀ ਤਸਵੀਰ ਸਾਹਮਣੇ ਸ਼ਮਾ ਰੌਸ਼ਨ ਕਰਦੇ ਹਾਜ਼ਰੀਨ।