
ਮੁੱਖ ਮੰਤਰੀ ਵੱਲੋਂ ਜਾਰੀ ਐਂਟੀ ਕੁਰਪਸ਼ਨ ਐਕਸ਼ਨ ਲਾਇਨ ਤੇ ਕੀਤੀ ਸੀ ਸਿ਼ਕਾਇਤ
ਫਾਜਿ਼ਲਕਾ, 5 ਅਪ੍ਰੈਲ 2022
ਵਿਜੀਲੈਂਸ ਬਿਓਰੋ ਵੱਲੋਂ ਫਾਜਿ਼ਲਕਾ ਜਿ਼ਲ੍ਹੇ ਦੇ ਇਕ ਪਟਵਾਰੀ ਦੇ ਕਰਿੰਦੇ ਨੂੰ 1 ਹਜਾਰ ਰੁਪਏ ਦੀ ਰਿਸਵਤ ਲੈਣ ਦੇ ਦੋਸ਼ ਵਿਚ ਕਾਬੂ ਕਰਕੇ ਉਸ ਖਿਲਾਫ ਮਾਮਲਾ ਦਰਜ ਕੀਤਾ ਹੈ। ਇਹ ਕਾਰਵਾਈ ਪੰਜਾਬ ਦੇ ਮੁੱਖ ਮੰਤਰੀ ਸ: ਭਗਵੰਤ ਮਾਨ ਵੱਲੋਂ ਜਾਰੀ ਕੀਤੇ ਐਂਟੀ ਕੁਰਪਸ਼ਨ ਐਕਸਨ ਲਾਇਨ ਤੇ ਪ੍ਰਾਪਤ ਸਿ਼ਕਾਇਤ ਦੇ ਅਧਾਰ ਤੇ ਕੀਤੀ ਗਈ ਹੈ।
ਹੋਰ ਪੜ੍ਹੋ :-ਵਿਧਾਇਕ ਦਲਜੀਤ ਸਿੰਘ ਗਰੇਵਾਲ ਵਲੋਂ ਹਲਕਾ ਪੂਰਬੀ ‘ਚ ਚੱਲ ਰਹੇ ਵਿਕਾਸ ਕਾਰਜ਼ਾਂ ਦੀ ਸਮੀਖਿਆ
ਐਸਐਸਪੀ ਵਿਜੀਲੈਂਸ ਬਿਓਰੋ ਫਿਰੋਜ਼ਪੁਰ ਸ: ਲਖਵੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਫਾਜਿ਼ਲਕਾ ਦੇ ਵਿਜੀਲੈਂਸ ਵਿਭਾਗ ਦੇ ਡੀਐਸਪੀ ਸ: ਗੁਰਿੰਦਰਜੀਤ ਸਿੰਘ ਸੰਧੂ ਦੀ ਅਗਵਾਈ ਵਿਚ ਟੀਮ ਨੇ ਜਾਂਚ ਉਪਰੰਤ ਪਰਚਾ ਦਰਜ ਕੀਤਾ ਹੈ।
ਡੀਐਸਪੀ ਸ: ਗੁਰਿੰਦਰਜੀਤ ਸਿੰਘ ਸੰਧੂ ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਸ਼ੋਕ ਕੁਮਾਰ ਵਾਸੀ ਜਲਾਲਾਬਾਦ ਨੇ ਇਸ ਸੰਬੰਧੀ ਐਂਟੀ ਕੁਰੱਪਸ਼ਨ ਐਕਸ਼ਨ ਲਾਈਨ 9501200200 ਤੇ ਪਟਵਾਰੀ ਦੇ ਕਰਿੰਦੇ ਦੀ ਰਿਸਵਤ ਲੈਣ ਦੀ ਵੀਡੀਓ ਬਣਾ ਕੇ ਭੇਜੀ ਸੀ। ਇਸ ਸਬੰਧ ਵਿਚ ਵਿਜੀਲੈਂਸ ਨੇ ਜਾਂਚ ਉਪਰੰਤ ਸਤਨਾਮ ਚੰਦ ਦੇ ਬਿਆਨਾਂ ਤੇ ਦੋਸ਼ੀ ਦੇ ਖਿਲਾਫ ਮਕੱਦਮਾ ਨੰਬਰ 1 ਮਿਤੀ 5 ਅਪ੍ਰੈਲ 2022 ਅਧੀਨ ਧਾਰਾ 7ਏ, ਪੀਸੀ ਐਕਟ ਐਮੇਨਡਡ ਐਕਟ 2018 ਤਹਿਤ ਦਰਜ ਕਰਕੇ ਦੋਸ਼ੀ ਕੁਲਵੰਤ ਸਿੰਘ ਨੂੰ ਗਿਰਫਤਾਰ ਕਰ ਲਿਆ ਹੈ।
ਸਿ਼ਕਾਇਤਕਰਤਾ ਨੇ ਦੱਸਿਆ ਸੀ ਕਿ ਉਸਨੇ 2018 ਵਿਚ 5 ਸਰਸਾਈਆਂ ਜਮੀਨ ਖਰੀਦੀ ਸੀ ਜਿਸਦੇ ਇੰਤਕਾਲ ਲਈ ਪਟਵਾਰੀ ਵੱਲੋਂ ਰਿਸਵਤ ਦੀ ਮੰਗ ਕੀਤੀ ਗਈ ਸੀ। ਜਿਸ ਤੋਂ ਉਸਨੇ ਆਪਣੇ ਭਤੀਜੇ ਅਸੋ਼ਕ ਕੁਮਾਰ ਨਾਲ ਜਾਣਕਾਰੀ ਸਾਂਝੀ ਕੀਤੀ। ਜਿਸ ਨੇ ਉਸਨੂੰ ਜਾਗਰੂਕ ਕੀਤਾ ਅਤੇ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਸ਼ੁਰੂ ਕੀਤੇ ਉਪਰਾਲੇ ਦੀ ਜਾਣਕਾਰੀ ਦਿੱਤੀ। ਜਿਸ ਅਨੁਸਾਰ ਉਸਨੇ ਪਟਵਾਰੀ ਦੇ ਦਫ਼ਤਰ ਵਿਚ ਜਾ ਕੇ ਇੰਤਕਾਲ ਦੀ ਅਰਜੀ ਦਿੱਤੀ ਅਤੇ ਨਾਲ ਹੀ ਕਰਿੰਦੇ ਨੇ 1000 ਰੁਪਏ ਲਏ ਜਿਸ ਤੇ ਅਸ਼ੋਕ ਕੁਮਾਰ ਵੀ ਮੌਕੇ ਤੇ ਪਹੁੰਚ ਗਿਆ ਅਤੇ ਉਸਨੇ ਉਨ੍ਹਾਂ ਨੋਟਾਂ ਦੀ ਕਰਿੰਦੇ ਤੋਂ ਬਰਾਮਦਗੀ ਦੀ ਵੀਡੀਓ ਬਣਾ ਕੇ ਐਕਸ਼ਨ ਲਾਇਨ ਤੇ ਭੇਜੀ। ਜਿਥੋ ਇਹ ਮਾਮਲਾ ਜਾਂਚ ਲਈ ਵਿਜੀਲੈਂਸ ਬਿਓਰੋ ਫਾਜਿ਼ਲਕਾ ਦਫ਼ਤਰ ਨੂੰ ਪ੍ਰਾਪਤ ਹੋਇਆ ਅਤੇ ਜਾਂਚ ਤੋਂ ਬਾਅਦ ਕਰਿੰਦੇ ਕੁਲਵੰਤ ਸਿੰਘ ਨੂੰ ਗਿਰਫਤਾਰ ਕਰ ਲਿਆ ਗਿਆ ਹੈ। ਅਗਲੇਰੀ ਜਾਂਚ ਜਾਰੀ ਹੈ।
ਦੂਜ਼ੇ ਪਾਸੇ ਐਸਐਸਪੀ ਵਿਜੀਲੈਂਸ ਸ: ਲਖਵੀਰ ਸਿੰਘ ਤੇ ਡੀਐਸਪੀ ਸ: ਗੁਰਿੰਦਰਜੀਤ ਸਿੰਘ ਸੰਧੂ ਨੇ ਜਿ਼ਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਜਿੱਥੇ ਕਿਤੇ ਵੀ ਕੋਈ ਅਧਿਕਾਰੀ ਜਾਂ ਕਰਮਚਾਰੀ ਰਿਸਵਤ ਦੀ ਮੰਗ ਕਰੇ ਉਸਦੀ ਸੂਚਨਾ ਵਿਜੀਲੈਂਸ ਬਿਓਰੋ ਨੂੰ ਦਿਓ ਤਾਂ ਜ਼ੋ ਅਜਿਹੇ ਅਨਸਰਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾ ਸਕੇ।