ਮੁਹਾਲੀ ਦੇ ਤਿੰਨੋ ਵਿਧਾਨ ਸਭਾ ਹਲਕਿਆਂ ਦੇ ਨਵੇਂ ਚੁਣੇ ਵਿਧਾਇਕਾਂ ਵੱਲੋਂ ਜ਼ਿਲ੍ਹੇ ਦੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਨਾਲ ਪਲੇਠੀ ਮੀਟਿੰਗ

First meeting with administrative officers
ਮੁਹਾਲੀ ਦੇ ਤਿੰਨੋ ਵਿਧਾਨ ਸਭਾ ਹਲਕਿਆਂ ਦੇ ਨਵੇਂ ਚੁਣੇ ਵਿਧਾਇਕਾਂ ਵੱਲੋਂ ਜ਼ਿਲ੍ਹੇ ਦੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਨਾਲ ਪਲੇਠੀ ਮੀਟਿੰਗ

Sorry, this news is not available in your requested language. Please see here.

ਭ੍ਰਿਸ਼ਟਾਚਾਰ ਮੁਕਤ ਚੌਕਸ, ਪਾਰਦਰਸ਼ੀ ਅਤੇ ਜਵਾਬਦੇਹ ਪ੍ਰਸ਼ਾਸ਼ਨ ਦੇਣ ਲਈ ਅਧਿਕਾਰੀਆਂ ਦਾ ਮੰਗਿਆ ਸਹਿਯੋਗ
ਤਿੰਨੋ ਹਲਕਿਆਂ ਦੇ ਵਿਧਾਇਕ ਕੁਲਵੰਤ ਸਿੰਘ , ਅਨਮੋਲ ਗਗਨ ਮਾਨ ਅਤੇ ਕੁਲਜੀਤ ਸਿੰਘ ਰੰਧਾਵਾ ਵੱਲੋਂ ਅਧਿਕਾਰੀਆਂ ਨੂੰ ਸਮੇਂ ਦਾ ਪਾਬੰਦ ਹੋ ਕੇ ਮਿੱਥੇ ਸਮੇਂ ਵਿੱਚ ਲੋਕਾਂ ਦੀਆ ਮੁਸ਼ਕਿਲਾਂ ਹੱਲ ਕਰਨ ਦੀ ਕੀਤੀ ਅਪੀਲ
ਐਸ.ਏ.ਐਸ. ਨਗਰ 26 ਮਾਰਚ 2022
ਜ਼ਿਲ੍ਹਾ ਐਸ.ਏ.ਐਸ. ਨਗਰ ਦੇ ਤਿੰਨ ਵਿਧਾਨ ਸਭਾ ਹਲਕਿਆ ਤੋਂ ਚੁਣੇ ਗਏ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵੱਲੋਂ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹੇ ਦੇ ਸਮੂਹ ਸੀਨੀਅਰ ਅਫਸਰਾਂ ਨਾਲ ਉੱਚ ਪੱਧਰੀ ਮੀਟਿੰਗ ਕੀਤੀ ਗਈ। ਜਿਸ ਵਿੱਚ ਉਨ੍ਹਾਂ ਮੁਹਾਲੀ ਜ਼ਿਲ੍ਹੇ ਵਿੱਚ ਵੱਖ ਵੱਖ ਵਿਭਾਗਾਂ ਵੱਲੋਂ ਕਰਵਾਏ ਜਾ ਰਹੇ ਵਿਕਾਸ ਕੰਮਾਂ ਦੀ ਪ੍ਰਗਤੀ ਦਾ ਜ਼ਾਇਜ਼ਾ ਲਿਆ । ਇਸ ਮੀਟਿੰਗ ਦੀ ਸਮੂਹਿਕ ਤੌਰ ਤੇ ਪ੍ਰਧਾਨਗੀ ਕਰਦਿਆਂ ਹਲਕਾ ਐਸ.ਏ.ਐਸ. ਨਗਰ ਤੋਂ ਚੁਣੇ ਗਏ ਵਿਧਾਇਕ ਸ੍ਰੀ ਕੁਲਵੰਤ ਸਿੰਘ , ਹਲਕਾ ਖਰੜ ਤੋਂ ਸ੍ਰੀਮਤੀ ਅਨਮੋਲ ਗਗਨ ਮਾਨ ਅਤੇ ਡੇਰਾਬੱਸੀ ਹਲਕੇ ਤੋ ਚੁਣੇ ਗਏ ਵਿਧਾਇਕ ਸ੍ਰੀ ਕੁਲਜੀਤ ਸਿੰਘ ਰੰਧਾਵਾ ਵੱਲੋਂ ਸਾਂਝੇ ਤੌਰ ਤੇ ਅਧਿਕਾਰੀਆਂ ਨੂੰ ਇਹ ਨਿਰਦੇਸ਼ ਦਿੱਤੇ ਗਏ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਮੁੱਖ ਏਜੰਡਾ ਚੌਕਸ , ਪਾਰਦਰਸ਼ੀ ਅਤੇ ਜਵਾਬਦੇਹ ਪ੍ਰਸ਼ਾਸ਼ਨ ਦੇਣਾ ਹੈ ਜਿਸ ਵਿੱਚ ਭ੍ਰਿਸ਼ਟਾਚਾਰ ਲਈ ਕਿਸੇ ਵੀ ਕਿਸਮ ਦੀ ਸੰਭਾਵਨਾ ਨਹੀਂ ਹੈ। ਉਨ੍ਹਾਂ ਸਾਂਝੇ ਤੌਰ ਤੇ ਅਧਿਕਾਰੀਆਂ ਨੂੰ ਸਮੇਂ ਦੇ ਪਾਬੰਦ ਹੋਣ ਅਤੇ ਲੋਕਾਂ ਦੀਆ ਮੁਸ਼ਿਕਲਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਨ ਦੇ ਆਦੇਸ਼ ਜਾਰੀ ਕੀਤੇ ।

ਹੋਰ ਪੜ੍ਹੋ :-ਪੰਜਾਬ ਸਰਕਾਰ ਕਣਕ ਦੀ ਫਸਲ ਦਾ ਦਾਣਾ-ਦਾਣਾ ਖਰੀਦਿਆ ਜਾਵੇਗਾ- ਕੈਬਨਿਟ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ

 ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ੍ਰੀਮਤੀ ਈਸ਼ਾ ਕਾਲੀਆ ਡਿਪਟੀ ਕਮਿਸ਼ਨਰ ਐਸ.ਏ.ਐਸ. ਨਗਰ ਨੇ ਦੱਸਿਆ ਕਿ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਮਗਰੋਂ ਅੱਜ ਐਸ.ਏ.ਐਸ. ਨਗਰ ਦੇ ਤਿੰਨੋਂ ਵਿਧਾਨ ਸਭਾ ਹਲਕਿਆਂ ਤੋਂ ਆਮ ਆਦਮੀ ਪਾਰਟੀ ਦੇ ਚੁਣੇ ਗਏ ਵਿਧਾਇਕਾਂ ਵੱਲੋਂ ਜ਼ਿਲ੍ਹਾਂ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਨਾਲ ਪਲੇਠੀ ਮੀਟਿੰਗ ਕੀਤੀ ਗਈ ਹੈ । ਉਨ੍ਹਾਂ ਦੱਸਿਆ ਕਿ ਅੱਜ ਦੀ ਮੀਟਿੰਗ ਵਿੱਚ ਪੇਂਡੂ ਤੇ ਪੰਚਾਇਤ ਵਿਭਾਗ, ਸ਼ਹਿਰੀ ਵਿਕਾਸ ਵਿਭਾਗ , ਜਲ ਸਪਲਾਈ ਵਿਭਾਗ , ਬਿਜਲੀ ਵਿਭਾਗ , ਸਥਾਨਿਕ ਸਰਕਾਰਾਂ ਵਿਭਾਗ , ਸਿਹਤ ਵਿਭਾਗ , ਗਮਾਡਾ ਸਮੇਤ ਹੋਰਨਾਂ ਵਿਭਾਗਾਂ ਵੱਲੋਂ ਜ਼ਿਲ੍ਹੇ ਵਿੱਚ ਕਰਵਾਏ ਜਾ ਰਹੇ ਵਿਕਾਸ ਦੇ ਕੰਮਾਂ ਦੀ ਪ੍ਰਗਤੀ ਬਾਰੇ ਵਿਸਥਾਰਕ ਪੇਸ਼ਕਾਰੀਆਂ ਵਿਧਾਇਕਾਂ ਨੂੰ ਦਿੱਤੀਆਂ ਗਈਆਂ।  
 
ਮੀਟਿੰਗ ਵਿੱਚ ਸ਼ਾਮਲ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਐਸ.ਏ.ਐਸ. ਨਗਰ ਦੇ ਵਿਧਾਇਕ ਸ੍ਰੀ ਕੁਲਵੰਤ ਸਿੰਘ ਨੇ ਕਿਹਾ ਕਿ ਲੋਕਾਂ ਨੇ ਬਹੁਤ ਵੱਡੇ ਪੱਧਰ ਤੇ ਫਤਵਾ ਦੇ ਕੇ ਸੂਬੇ ਵਿੰਚ ਆਮ ਆਦਮੀ ਪਾਰਟੀ ਸਰਕਾਰ ਸਥਾਪਿਤ ਕੀਤੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਵਿੱਚ ਬਹੁਤ ਰੋਸ ਵੱਧ ਗਿਆ ਸੀ ਜਿਸ ਕਾਰਨ ਉਨ੍ਹਾਂ ਨੇ ਸਿਆਸੀ ਬਦਲਾਅ ਕਰਨ ਲਈ ਜਬਰਦਸਤ ਵੋਟਿੰਗ ਕੀਤੀ ਹੈ। ਜਿਸ ਵਿੱਚ ਆਮ ਲੋਕਾਂ ਦੇ ਨਾਲ ਨਾਲ ਸਰਕਾਰੀ ਅਹੁੱਦਿਆਂ ਤੇ ਬਿਰਾਜਮਾਨ ਆਈ.ਏ.ਐਸ. , ਪੀ.ਸੀ.ਐਸ. , ਡਾਕਟਰ , ਇੰਜੀਨੀਅਰ ਸਮੇਤ ਹੋਰਨਾਂ ਮੁਲਾਜ਼ਮਾਂ ਨੇ ਵੱਡੇ ਪੱਧਰ ਤੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਹਨ। ਉਨ੍ਹਾਂ ਕਿਹਾ ਕਿ ਜਿਸ ਪੱਧਰ ਦਾ ਫਤਵਾ ਸਾਡੀ ਸਰਕਾਰ ਨੂੰ ਮਿਲਿਆ ਹੈ ਉਸ ਨਾਲ ਸਾਡੀ ਜ਼ਿੰਮੇਵਾਰੀ ਹੋਰ ਵੀ ਜ਼ਿਆਦਾ ਵੱਧ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਕਿਸੇ ਵੀ ਕਿਸਮ ਦੀ ਕੋਈ ਕੁਤਾਹੀ ਜਾਂ ਲੋਕਾਂ ਦੇ ਮਸਲੇ ਹਲ ਕਰਨ ਵਿੱਚ ਢਿੱਲ ਮੱਠ ਦਿਖਾਈ ਤਾਂ ਲੋਕ ਸਾਨੂੰ ਮੁਆਫ ਨਹੀਂ ਕਰਨਗੇ। ਉਨ੍ਹਾਂ ਅਧਿਕਾਰੀਆਂ ਨੂੰ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਲਈ ਉਨ੍ਹਾਂ ਦਾ ਸਾਥ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਜਦੋਂ ਤੱਕ ਅਸੀਂ ਲੋਕਾਂ ਨੂੰ ਪਾਰਦਰਸ਼ੀ ਪ੍ਰਸ਼ਾਸ਼ਨ ਮੁਹੱਈਆ ਨਹੀਂ ਕਰਦੇ ਉਦੋਂ ਤੱਕ ਅਸੀਂ ਉਨ੍ਹਾਂ ਦਾ ਵਿਸ਼ਵਾਸ ਨਹੀਂ ਜਿੱਤ ਸਕਾਗੇਂ।
 
ਇਸੇ ਤਰ੍ਹਾਂ ਹਲਕਾ ਖਰੜ ਤੋਂ ਚੁਣੇ ਗਏ ਵਿਧਾਇਕ ਸ੍ਰੀਮਤੀ ਅਨਮੋਲ ਗਗਨ ਮਾਨ ਵੱਲੋਂ ਵੀ ਅਧਿਕਾਰੀਆਂ ਨੂੰ ਨਸ਼ਿਆਂ ਦੀ ਲਾਹਨਤ, ਜ਼ਮੀਨੀ ਮਸਲਿਆਂ ਨੂੰ ਹੱਲ ਕਰਨ ਦੀ ਅਪੀਲ  ਕਰਦਿਆਂ ਇਹ ਅਪੀਲ ਕੀਤੀ ਗਈ ਕਿ ਪ੍ਰਸ਼ਾਸ਼ਨਿਕ ਬਦਲਾਅ ਅਧਿਕਾਰੀਆਂ ਦੇ ਸਹਿਯੋਗ ਤੋਂ ਬਿਨ੍ਹਾਂ ਸੰਭਵ ਨਹੀਂ ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਦਾ ਖਾਤਮਾ ਸਾਡੀ ਸਰਕਾਰ ਦਾ ਮੁੱਖ ਏਜੰਡਾ ਹੈ। ਉਨ੍ਹਾਂ ਕਿਹਾ ਕਿ ਨਾ ਤਾਂ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਕਮਿਸ਼ਨ ਜਾਂ ਰਿਸ਼ਵਤ ਦੀ ਜ਼ਰੂਰਤ ਹੈ ਅਤੇ ਨਾ ਹੀ ਅਸੀਂ ਸਰਕਾਰੀ ਦਫਤਰਾਂ ਵਿੱਚ ਭ੍ਰਿਸ਼ਟਤੰਤਰ ਨੂੰ ਰਹਿਣ ਦੇਣਾ ਹੈ। ਇਸ ਕਾਰਜ ਵਿੱਚ ਸਾਨੂੰ ਸਮਾਜ ਦੇ ਨਾਲ ਨਾਲ ਸਰਕਾਰੀ ਅਧਿਕਾਰੀਆਂ ਦੇ ਸਹਿਯੋਗ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਿਸਟਮ ਵਿੰਚ ਕਈ ਕਮੀਆਂ ਹੋ ਸਕਦੀਆਂ ਹਨ, ਅਧਿਕਾਰੀ ਇਹ ਕਮੀਆਂ ਸਾਡੇ ਧਿਆਨ ਵਿੱਚ ਲੈ ਕੇ ਆਉਣ ਤਾਂ ਜੋ ਅਸੀਂ ਸਹੀ ਪਲੇਟਫਾਰਮ ਤੇ ਅਵਾਜ਼ ਉਠਾ ਕੇ ਇਨ੍ਹਾਂ ਕਮੀਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰ ਸਕੀਏ। ਉਨ੍ਹਾਂ ਕਿਹਾ ਕਿ ਸਾਡਾ ਇਹ ਮੰਤਵ ਹੈ ਕਿ ਅਸੀਂ ਪੰਜਾਬ ਨੂੰ ਨੰਬਰ ਇੱਕ ਸੂਬਾ ਬਣਾਉਣਾ ਹੈ।
ਹਲਕਾ ਡੇਰਾਬੱਸੀ ਤੋਂ ਚੁਣੇ ਗਏ ਵਿਧਾਇਕ ਸ੍ਰੀ ਕੁਲਜੀਤ ਸਿੰਘ ਰੰਧਾਵਾ ਨੇ ਅਧਿਕਾਰੀਆਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਸਰਕਾਰੀ ਮੁਲਜ਼ਮਾਂ ਤੇ ਬਦਲੀ ਹੋ ਜਾਣ ਦਾ ਡਰ ਹਰ ਸਮੇਂ ਬਣਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੂੰ ਇਹ ਡਰ ਆਪਣੇ ਮਨ ਤੋਂ ਲਾਹ ਦੇਣਾ ਚਾਹੀਦਾ ਹੈ, ਕਿਉਕਿ ਸਭ ਮੁਲਾਜ਼ਮ ਇਕੋਂ ਤਰ੍ਹਾਂ ਦੇ ਹੁੰਦੇ ਹਨ ਅਤੇ ਉਨ੍ਹਾਂ ਵਿੱਚ ਕੰਮ ਕਰਨ ਦੀ ਅਸੀਮ ਸਮਰੱਥਾ ਹੁੰਦੀ ਹੈ ਅਤੇ ਅਸੀਂ ਤੁਹਾਡੇ ਤੋਂ ਹੀ ਕੰਮ ਲੈਣਾ ਹੈ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਅਸਾਂ ਸਭ ਨੇ ਇੱਕ ਪਰਿਵਾਰ ਵਾਂਗ ਕੰਮ ਕਰਨਾ ਹੈ। ਦਫਤਰਾਂ ਵਿੱਚ ਸਮੇਂ ਦੇ ਪਾਬੰਦ ਰਹਿਣਾ ਹੈ ਅਤੇ ਲੋਕਾਂ ਦੀਆ ਮੁਸ਼ਿਕਲਾਂ ਨੂੰ ਹਮਦਰਦੀ ਨਾਲ ਵਿਚਾਂਰ ਕੇ ਮਿੱਥੇ ਸਮੇਂ ਵਿੱਚ ਉਨ੍ਹਾਂ ਦਾ ਹਲ ਕਰਨਾ ਹੈ।
ਇਸ ਮੀਟਿੰਗ ਵਿੱਚ ਹੋਰਨਾ ਤੋਂ ਇਲਾਵਾ ਸ੍ਰੀ ਵਿਪੁਲ ਉਜਵਲ ਮੁੱਖ ਪ੍ਰਸ਼ਾਸ਼ਕ ਗਮਾਡਾ, ਸ੍ਰੀਮਤੀ ਕੋਮਲ ਮਿੱਤਲ  ਵਧੀਕ ਡਿਪਟੀ ਕਮਿਸ਼ਨਰ (ਜ), ਸ੍ਰੀ ਹਿੰਮਾਸ਼ੂ ਅਗਰਵਾਲ ਵਧੀਕ ਡਿਪਟੀ ਕਮਿਸ਼ਨਰ (ਵ),ਸ੍ਰੀਮਤੀ ਪੂਜਾ ਸਿਆਲ ਵਧੀਕ ਡਿਪਟੀ ਕਮਿਸ਼ਨਰ (ਯੂ.ਡੀ),ਸ੍ਰੀ ਹਰਬੰਸ ਸਿੰਘ ਐਸ.ਡੀ.ਐਮ. ਮੋਹਾਲੀ, ਸ੍ਰੀ ਅਭਿਕੇਸ਼ ਗੁਪਤਾ ਐਸ.ਡੀ.ਐਮ. ਖਰੜ, ਸ੍ਰੀਮਤੀ ਸਵਾਤੀ ਟਿਵਾਣਾਂ ਐਸ.ਡੀ.ਐਮ.ਡੇਰਾਬੱਸੀ, ਸ੍ਰੀ ਕਮਲ ਕੁਮਾਰ ਗਰਗ ਕਮਿਸ਼ਨਰ ਮਿਊਂਸੀਪਲ ਕਾਰਪੋਰੇਸ਼ਨ ਮੁਹਾਲੀ ਅਤੇ ਸਮੂਹ ਕਾਰਜਸਾਧਕ ਅਫਸਰ ਅਤੇ ਵੱਖ ਵੱਖ ਵਿਭਾਗਾਂ ਦੇ ਜ਼ਿਲ੍ਹਾ ਪੱਧਰੀ ਅਧਿਕਾਰੀ ਮੌਜੂਦ ਸਨ।
Spread the love