ਬਰਨਾਲਾ, 13 ਦਸੰਬਰ :-
ਮਿਸ਼ਨ ਮੈਰਿਟ ਅਤੇ ਸਤ ਪ੍ਰਤੀਸ਼ਤ ਦਾ ਟੀਚਾ ਹਾਸਲ ਕਰਨ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ ਮੈਡਮ ਰੇਨੂੰ ਬਾਲਾ ਵੱਲੋਂ ਸਕੂਲ ਮੁਖੀਆਂ ਨਾਲ ਵੀਡੀਓ ਕਾਨਫਰੰਸ ਰਾਹੀਂ ਮੀਟਿੰਗ ਕੀਤੀ ਗਈ।
ਸਕੂਲ ਮੁਖੀਆਂ ਨਾਲ ਗੱਲਬਾਤ ਕਰਦੇ ਹੋਏ ਡੀਈਓ ਰੇਨੂੰ ਬਾਲਾ ਨੇ ਕਿਹਾ ਕਿ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਮਿਸ਼ਨ ਸਤ ਪ੍ਰਤੀਸ਼ਤ ਦਾ ਟੀਚਾ ਹਾਸਲ ਕਰਨ ਦੇ ਨਾਲ ਨਾਲ ਸਾਨੂੰ ਮਿਸ਼ਨ ਮੈਰਿਟ ਲਈ ਵੀ ਮਿਹਨਤ ਕਰਨੀ ਹੋਵੇਗੀ। ਇਸ ਲਈ ਸਮੂਹ ਸਕੂਲ ਮੁਖੀਆਂ ਅਤੇ ਅਧਿਆਪਕਾਂ ਨੂੰ ਸਾਂਝੇ ਤੌਰ ‘ਤੇ ਮਿਲ-ਜੁਲ ਕੇ ਫਾਈਨਲ ਪ੍ਰੀਖਿਆ ਲਈ ਬੱਚਿਆਂ ਨੂੰ ਤਿਆਰੀ ਕਰਵਾਉਣੀ ਪਵੇਗੀ ਤਾਂ ਜੋ ਸਾਡੇ ਜ਼ਿਲ੍ਹੇ ਦੇ ਵੱਧ ਤੋਂ ਵੱਧ ਵਿਦਿਆਰਥੀ ਮੈਰਿਟ ਵਿੱਚ ਆਪਣਾ ਸਥਾਨ ਬਣਾ ਸਕਣ। ਇਸ ਤੋਂ ਇਲਾਵਾ ਉਨ੍ਹਾਂ ਨੇ ਸਵੇਰ ਦੀ ਸਭਾ ਦੌਰਾਨ ਰੋਜ਼ਾਨਾ ਪ੍ਰਣ ਕਰਨ, ਵਿਦਿਆਰਥੀਆਂ ਦੁਆਰਾ ਅਕਤੂਬਰ ਪ੍ਰੀਖਿਆ ਵਿੱਚ ਪ੍ਰਾਪਤ ਕੀਤੇ ਅੰਕਾਂ ਦੇ ਆਧਾਰ ‘ਤੇ ਤਿੰਨ ਐਲਬਰਟ ਆਈਨਸਟਾਈਨ, ਡਾ. ਹਰਗੋਬਿੰਦ ਖੁਰਾਣਾ ਅਤੇ ਡਾ. ਏਪੀਜੇ ਅਬਦੁਲ ਕਲਾਮ ਗਰੁੱਪ ਬਣਾਉਣ, ਵਿਦਿਆਰਥੀਆਂ ਦੇ ਬਡੀ ਗਰੁੱਪ ਬਣਾਉਣ ਅਤੇ ਵੱਖ ਵੱਖ ਵਿਸ਼ਿਆਂ ਦੀਆਂ ਚੱਲ ਰਹੀਆਂ ਗਤੀਵਿਧੀਆਂ ਨੂੰ ਲਗਨ ਨਾਲ ਕਰਵਾਉਣ ਲਈ ਪ੍ਰੇਰਿਤ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਸਕੂਲ ਮੁਖੀਆਂ ਅਤੇ ਅਧਿਆਪਕਾਂ ਦੀ ਕਾਰਜ ਕੁਸ਼ਲਤਾ ਅਤੇ ਮਿਹਨਤ ਉੱਤੇ ਉਨ੍ਹਾਂ ਨੂੰ ਪੂਰਾ ਮਾਣ ਹੈ। ਸਾਡੇ ਅਧਿਆਪਕਾਂ ਦੀ ਸੇਧ ਨਾਲ ਪਹਿਲਾਂ ਦੀ ਤਰ੍ਹਾਂ ਇਸ ਵਾਰ ਵੀ ਸਿੱਖਿਆ ਦੇ ਖੇਤਰ ਵਿੱਚ ਵਿਦਿਆਰਥੀ ਜ਼ਿਲ੍ਹੇ ਦਾ ਨਾਮ ਰੌਸ਼ਨ ਕਰਨਗੇ। ਜ਼ਿਲ੍ਹਾ ਸਿੱਖਿਆ ਸੁਧਾਰ ਟੀਮ ਇੰਚਾਰਜ ਪ੍ਰਿੰਸੀਪਲ ਬਰਜਿੰਦਰਪਾਲ ਸਿੰਘ, ਡੀਐਮ ਸਾਇੰਸ ਪ੍ਰਿੰਸੀਪਲ ਹਰੀਸ਼ ਬਾਂਸਲ, ਜ਼ਿਲ੍ਹਾ ਸਮਾਰਟ ਸਕੂਲ ਮੈਂਟੋਰ ਹੈਡਮਾਸਟਰ ਰਾਜੇਸ਼ ਗੋਇਲ ਵੱਲੋਂ ਸਿੱਖਿਆ ਵਿਭਾਗ ਦੀਆਂ ਹਦਾਇਤਾਂ, ਗ੍ਰਾਂਟਾਂ ਆਦਿ ਬਾਰੇ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਡੀਐਮ ਗਣਿਤ ਕਮਲਦੀਪ, ਡੀਐਮ ਅਮਨਿੰਦਰ ਸਿੰਘ ਕੁਠਾਲਾ, ਸਟੈਨੋ ਮਨਜੀਤ ਕੌਰ, ਜ਼ਿਲ੍ਹਾ ਐਮਆਈਐਸ ਕੋਆਰਡੀਨੇਟਰ ਕੀਰਤੀ ਦੇਵ ਸ਼ਰਮਾ ਤੇ ਮੀਡੀਆ ਕੋਆਰਡੀਨੇਟਰ ਹਰਵਿੰਦਰ ਰੋਮੀ ਹਾਜ਼ਰ ਰਹੇ।