ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਕਿਸਾਨਾਂ ਨੂੰ ਉੱਚ ਮਿਆਰ ਦੇ ਖੇਤੀ ਸਮੱਗਰੀ ਮੁੱਹਇਆ ਕਰਵਾਉਣ ਲਈ ਯਤਨਸ਼ੀਲ
ਖੇਤੀ ਸਮੱਗਰੀ ਦੀ ਖਰੀਦ ਕਰਨ ਸਮੇਂ ਡੀਲਰ ਪਾਸੋਂ ਪੱਕਾ ਬਿੱਲ ਜ਼ਰੂਰ ਲਿਆ ਜਾਵੇ
ਫਿਰੋਜ਼ਪੁਰ, 16 ਜਨਵਰੀ 2023
ਕੁਆਲਟੀ ਕੰਟਰੋਲ ਅਧੀਨ ਡਾ. ਚਰਨਜੀਤ ਸਿੰਘ ਇੰਸੈਕਟੀਸਾਈਡ ਇੰਸਪੈਕਟਰ, ਬਲਾਕ ਫਿਰੋਜ਼ਪੁਰ ਵੱਲੋਂ ਵੱਖ-ਵੱਖ ਸਮੇਂ ‘ਤੇ ਭਰੇ ਗਏ ਸੈਂਪਲਾਂ ਵਿੱਚੋਂ ਕੁਝ ਸੈਂਪਲ ਗੈਰ-ਮਿਆਰੀ ਪਾਏ ਗਏ ਅਤੇ ਗੈਰ-ਮਿਆਰੀ ਪਾਏ ਗਏ ਸੈਂਪਲਾਂ ਨਾਲ ਸਬੰਧਤ ਡੀਲਰ ਫਰਮਾਂ ਅਤੇ ਕੰਪਨੀ ਦੇ ਜ਼ਿੰਮੇਵਾਰ ਵਿਅਕਤੀਆਂ ਵਿਰੁੱਧ ਅਦਾਲਤ ਵਿੱਚ ਕੇਸ ਦਰਜ ਕਰਵਾਏ ਗਏ। ਜਿਨ੍ਹਾਂ ਵਿੱਚੋਂ ਚਾਰ ਕੇਸਾਂ ਵਿੱਚ ਸੀ.ਜੇ.ਐਮ. ਫਿਰੋਜ਼ਪੁਰ ਵੱਲੋਂ ਡੀਲਰ ਫਰਮਾਂ ਜਿਵੇਂ ਕਿ ਮੈਸ: ਦਲੀਪ ਸਿੰਘ ਐਂਡ ਸੰਨਜ਼ ਅੱਡਾ ਖਾਈ ਵਾਲਾ ਫਿਰੋਜ਼ਪੁਰ ਸ਼ਹਿਰ, ਮੈਸ: ਐਸ.ਬੀ. ਪੈਸਟੀਸਾਈਡਜ਼, ਪਿੰਡ ਪਿਆਰੇਆਣਾ, ਮੈਸ: ਐਸ.ਵੀ. ਖੇਤੀ ਸਟੋਰ ਪਿੰਡ ਕੁਤਬੇਵਾਲਾ ਅਤੇ ਮੈਸ: ਪੈਰਾਮਾਂਉਂਟ ਪੈਸਟੀਸਾਈਡਜ਼ ਲਿਮਟਡ ਅਤੇ ਕੰਪਨੀਆਂ ਜਿਵੇਂ ਕਿ ਮੈਸ: ਕੋਰੋਮੰਡਲ ਇੰਟਰਨੈਸ਼ਨਲ ਲਿਮਟਡ, ਮੈਸ: ਐਚ.ਪੀ.ਐਮ. ਕੈਮੀਕਲ ਐਂਡ ਫਰਟੀਲਾਈਜ਼ਰ ਲਿਮਟਡ, ਮੈਸ: ਹਡੰਬਾ ਇੰਡਸਟ੍ਰੀਜ਼ ਲਿਮਟਡ ਅਤੇ ਮੈਸ: ਪੈਰਾਮਾਂਉਂਟ ਪੈਸਟੀਸਾਈਡਜ਼ ਲਿਮਟਡ ਦੇ ਜ਼ਿੰਮੇਵਾਰ ਵਿਅਕਤੀਆਂ ਨੂੰ 1.50 ਲੱਖ ਰੁਪਏ ਹਰੇਕ ਕੇਸ ਵਿੱਚ ਜੁਰਮਾਨਾ ਕੀਤਾ ਗਿਆ ਹੈ। ਇਹ ਜਾਣਕਾਰੀ ਮੁੱਖ ਖੇਤੀਬਾੜੀ ਅਫ਼ਸਰ ਡਾ. ਤੇਜਪਾਲ ਨੇ ਸਾਂਝੀ ਕੀਤੀ।
ਹੋਰ ਪੜ੍ਹੋ – ਡਿਪਟੀ ਕਮਿਸ਼ਨਰ ਵੱਲੋਂ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਪੇਂਡੂ ਵਿਕਾਸ ਕਾਰਜਾਂ ਸਬੰਧੀ ਮੀਟਿੰਗ
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਅਤੇ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਿਸਾਨਾਂ ਨੂੰ ਉੱਚ ਮਿਆਰੀ ਕੀਟਨਾਸ਼ਕ/ਖਾਦਾਂ/ਬੀਜ ਮੁਹੱਇਆ ਕਰਵਾਉਣ ਲਈ ਖੇਤੀਬਾੜੀ ਵਿਭਾਗ ਫਿਰੋਜ਼ਪੁਰ ਵੱਲੋਂ ਹਰ ਸਾਲ ਨਿਰਧਾਰਤ ਟੀਚੇ ਅਨੁਸਾਰ ਕੁਆਲਟੀ ਕੰਟਰੋਲ ਅਧੀਨ ਜ਼ਿਲ੍ਹੇ ਵਿੱਚ ਖੇਤੀ ਸਮੱਗਰੀ ਦਾ ਕਾਰੋਬਾਰ ਕਰਨ ਵਾਲੇ ਡੀਲਰਾਂ ਦੀ ਚੈਕਿੰਗ ਕੀਤੀ ਜਾਂਦੀ ਹੈ। ਚੈਕਿੰਗ ਦੌਰਾਨ ਕੀਟਨਾਸ਼ਕ ਦਵਾਈਆਂ, ਖਾਦਾਂ ਅਤੇ ਬੀਜਾਂ ਆਦਿ ਦੇ ਸੈਂਪਲ ਭਰੇ ਜਾਂਦੇ ਹਨ ਅਤੇ ਸਬੰਧਤ ਇੰਸੈਕਟੀਸਾਈਡ/ਫਰਟੀਲਾਈਜ਼ਰ/ਸੀਡ ਇੰਸਪੈਕਟਰ ਵੱਲੋਂ ਟੈਸਟਿੰਗ ਉਪਰੰਤ ਗੈਰ-ਮਿਆਰੀ ਸੈਂਪਲ ਪਾਏ ਜਾਣ ‘ਤੇ ਕਾਰਵਾਈ ਕਰਦੇ ਹੋਏ ਡੀਲਰ ਫਰਮ, ਖੇਤੀ ਸਮੱਗਰੀ ਤਿਆਰ ਕਰਨ ਵਾਲੀ ਅਤੇ ਵੇਚਣ ਵਾਲੀ ਕੰਪਨੀ ਦੇ ਜ਼ਿੰਮੇਵਾਰ ਵਿਅਕਤੀਆਂ ਵਿਰੁੱਧ ਅਦਾਲਤ ਵਿੱਚ ਕੇਸ ਦਰਜ ਕਰਵਾਇਆ ਜਾਂਦਾ ਹੈ।
ਮੁੱਖ ਖੇਤੀਬਾੜੀ ਅਫਸਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਹਮੇਸ਼ਾ ਹੀ ਕਿਸਾਨਾਂ ਨੂੰ ਉੱਚ ਮਿਆਰ ਦੀ ਖੇਤੀ ਸਮੱਗਰੀ ਮੁੱਹਈਆ ਕਰਵਾਉਣ ਲਈ ਯਤਨਸ਼ੀਲ ਹੈ ਅਤੇ ਗੈਰ-ਮਿਆਰੀ ਖੇਤੀ ਸਮੱਗਰੀ ਦੀ ਵਿਕਰੀ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਿਸਾਨ ਵੀਰ ਖੇਤੀਬਾੜੀ ਵਿਭਾਗ ਅਤੇ ਪੰਜਾਬ ਖੇਤੀਬਾੜੀ ਯੁਨੀਵਰਸਿਟੀ, ਲੁਧਿਆਣਾ ਦੇ ਮਾਹਰਾਂ ਵੱਲੋਂ ਸਿਫਾਰਸ਼ ਕੀਤੀਆਂ ਮੁੱਖ ਫਸਲਾਂ ਦੀਆਂ ਕਿਸਮਾਂ ਅਤੇ ਖੇਤੀ ਸਮੱਗਰੀ ਦੀ ਵਰਤੋਂ ਕਰਨ ਅਤੇ ਖੇਤੀ ਸਮੱਗਰੀ ਦੀ ਖਰੀਦ ਕਰਨ ਸਮੇਂ ਡੀਲਰ ਪਾਸੋਂ ਪੱਕਾ ਬਿੱਲ ਜ਼ਰੂਰ ਲੈਣ।