ਜੰਡਿਆਲਾ ਗੁਰੂ ਅਤੇ ਬੰਡਾਲਾ ਵਿਖੇ ਗਰਿਡ ਦੇ ਨਵੀਨੀਕਰਨ ਦਾ ਕੀਤਾ ਉਦਘਾਟਨ
ਜੰਡਿਆਲਾ ਗੁਰੂ, 14 ਮਈ 2022
ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਆ ਰਹੇ ਝੋਨੇ ਦੇ ਸੀਜ਼ਨ ਲਈ ਕਿਸਾਨਾਂ ਨੂੰ ਬਿਜਲੀ ਦੇਣ ਦੇ ਪੁਖ਼ਤਾ ਪ੍ਰਬੰਧ ਕੀਤੇ ਹੋਣ ਦਾ ਪ੍ਰਗਟਾਵਾ ਕਰਦੇ ਕਿਹਾ ਕਿ ਭਾਵੇਂ ਸਮੁੱਚਾ ਦੇਸ਼ ਬਿਜਲੀ ਦੀ ਗੰਭੀਰ ਕਿੱਲਤ ਦਾ ਸਾਹਮਣਾ ਕਰ ਰਿਹਾ ਹੈ, ਪਰ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਝੋਨੇ ਦੀ ਲਵਾਈ ਦੇ ਸੀਜ਼ਨ ਲਈ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਉਣ ਲਈ ਸਾਰੀ ਤਿਆਰੀ ਕੀਤੀ ਹੋਈ ਹੈ।
ਹੋਰ ਪੜ੍ਹੋ :-ਗੁਰੂ ਨਾਨਕ ਦੇਵ ਹਸਪਤਾਲ ਵਿਚ ਅੱਗ ਲੱਗਣ ਦੇ ਕਾਰਨਾਂ ਦੀ ਹੋਵੇਗੀ ਜਾਂਚ-ਈ ਟੀ ਓ
ਅੱਜ ਜੰਡਿਆਲਾ ਗੁਰੂ ਅਤੇ ਬੰਡਾਲਾ ਵਿਖੇ 55 ਲੱਖ ਰੁਪਏ ਦੀ ਲਾਗਤ ਨਾਲ ਲਗਾਏ ਗਏ ਨਵੇਂ ਬਰੇਕਰਾਂ ਦਾ ਉਦਘਾਟਨ ਕਰਨ ਮੌਕੇ ਪ੍ਰੈਸ ਨਾਲ ਗੱਲਬਾਤ ਕਰਦੇ ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਝੋਨੇ ਦੀ ਪੜਾਅਵਾਰ ਲਵਾਈ ਸਬੰਧੀ ਸੁਝਾਏ ਗਏ ਫਾਰਮੂਲੇ ਨੂੰ ਅਪਣਾਉਣ, ਤਾਂ ਜੋ ਧਰਤੀ ਹੇਠਲੇ ਪਾਣੀ ਬਚਾਉਣ ਦੇ ਨਾਲ-ਨਾਲ ਬਿਜਲੀ ਦੀ ਕਿੱਲਤ, ਮਜਦੂਰਾਂ ਅਤੇ ਖਾਦ ਦੀ ਘਾਟ ਵਰਗੇ ਹੋਰ ਸਾਰੇ ਮਸਲੇ ਆਪਣੇ ਆਪ ਹੱਲ ਹੋ ਜਾਣਗੇ।
ਉਨ੍ਹਾਂ ਅੱਗੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਸਾਰੇ ਖਪਤਕਾਰਾਂ ਨੂੰ ਜੋ 300 ਯੂਨਿਟ ਬਿਜਲੀ ਪ੍ਰਤੀ ਮਹੀਨਾ ਮੁਫਤ ਦੇਣ ਦਾ ਐਲਾਨ ਕੀਤਾ ਹੈ, ਉਹ ਸਹੂਲਤ 1 ਜੁਲਾਈ ਤੋਂ ਸ਼ੁਰੂ ਹੋ ਜਾਵੇਗੀ। ਉੁਨਾਂ ਕਿਹਾ ਕਿ ਗਰਮੀ ਤੇਜ਼ੀ ਨਾਲ ਵੱਧ ਜਾਣ ਕਾਰਨ ਬਿਜਲੀ ਦੀ ਮੰਗ ਵੀ ਲਗਾਤਾਰ ਵਧੀ ਹੈ ਅਤੇ ਅਸੀਂ ਅਪ੍ਰੈਲ ਮਹੀਨੇ ਦੌਰਾਨ ਹੀ ਔਸਤ ਮੰਗ 6822 ਮੈਗਾਵਾਟ ਦੀ ਸਪਲਾਈ ਕੀਤੀ ਹੈ, ਜੋ ਕਿ ਪਿਛਲੇ ਸਾਲ ਨਾਲੋਂ 32 ਫੀਸਦੀ ਵੱਧ ਹੈ। ਉਨਾਂ ਦੱਸਿਆ ਕਿ ਅੱਜ ਜੰਡਿਆਲਾ ਗੁਰੂ ਤੇ ਬੰਡਾਲਾ ਦੇ ਜਿਹੜੇ 5 ਨਵੇਂ ਬਰੇਕਰਾਂ ਤੇ ਲਾਇਨਾਂ ਦੀ ਸ਼ੁਰੂਆਤ ਕੀਤੀ ਗਈ ਹੈ, ਉਸ ਨਾਲ ਗੁਨੋਵਾਲ, ਜੰਡਿਆਲਾ ਗੁਰੂ ਦਾ ਕੁੱਝ ਹਿੱਸਾ, ਭੰਗਵਾਂ, ਗਦਲੀ, ਜਾਣੀਆਂ, ਨੰਗਲ ਗੁਰੂ, ਠੱਠੀਆਂ, ਸਫੀਪੁਰ ਅਤੇ ਬੰਡਾਲਾ ਪਿੰਡਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਮਿਲੇਗੀ। ਉਨਾਂ ਕਿਹਾ ਕਿ ਵਿਭਾਗ ਵੱਲੋਂ ਸਪਲਾਈ ਵਿਚ ਸੁਧਾਰ ਕਰਨ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਰਹਿਣਗੀਆਂ। ਇਸ ਮੌਕੇ ਵਿਭਾਗ ਦੇ ਚੀਫ ਬਾਰਡਰ ਜੋਨ ਸ੍ਰੀ ਬਾਲ ਕ੍ਰਿਸ਼ਨ, ਨਿਗਰਾਨ ਇੰਜੀਨੀਅਰ ਸ. ਜਤਿੰਦਰ ਸਿੰਘ, ਐਕਸੀਅਨ ਮਨਿੰਦਰ ਸਿੰਘ, ਸ੍ਰੀ ਨਰੇਸ਼ ਪਾਠਕ ਅਤੇ ਹੋਰ ਮੋਹਤਬਰ ਹਾਜ਼ਰ ਸਨ।
ਜੰਡਿਆਲਾ ਗੁਰੂ ਵਿਖੇ ਬਿਜਲੀ ਵਿਭਾਗ ਵੱਲੋਂ ਲਗਾਏ ਨਵੇਂ ਬਰੇਕਰਾਂ ਦਾ ਉਦਘਾਟਨ ਕਰਦੇ ਸ੍ਰੀ ਹਰਭਜਨ ਸਿੰਘ ਈ ਟੀ ਓ।