ਕਿਸਾਨ ਸਕੀਮ ਦਾ ਲਾਭ ਲੈਣ-ਡਿਪਟੀ ਕਮਿਸ਼ਨਰ
ਫਾਜਿ਼ਲਕਾ, 11 ਅਕਤੂਬਰ 2021
ਮੁੱਖ ਮੰਤਰੀ ਸ: ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਕਿਸਾਨਾਂ ਨੂੰ ਪਾਣੀ ਦੀ ਬਚਤ ਵਾਲੀਆਂ ਤਕਨੀਕਾਂ ਜਿਵੇਂ ਫੁਹਾਰਾ ਜਾਂ ਤੁਪਕਾ ਸਿੰਚਾਈ ਪ੍ਰੋਜ਼ੈਕਟ ਲਗਾਉਣ ਲਈ ਸਬਸਿਡੀ ਦੀ ਪੇਸ਼ਕਸ ਕੀਤੀ ਗਈ ਹੈ।
ਜਿ਼ਲ੍ਹੇ ਦੀ ਡਿਪਟੀ ਕਮਿਸ਼ਨਰ ਸ੍ਰੀਮਤੀ ਬਬੀਤਾ ਕਲੇਰ ਆਈਏਐਸ ਨੇ ਇਸ ਸਕੀਮ ਦਾ ਲਾਭ ਲੈਣ ਦੀ ਕਿਸਾਨਾਂ ਨੂੰ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਤੁਪਕਾ ਸਿੰਚਾਈ ਪ੍ਰਣਾਲੀ ਬਾਗਾਂ ਲਈ ਵਰਦਾਨ ਹੈ ਜਦ ਕਿ ਮਾਇਕ੍ਰੋ ਇਰੀਗੇਸ਼ਨ ਤਕਨੀਕਾਂ ਨਾਲ ਪਾਣੀ ਦੀ ਵੱਡੇ ਪੱਧਰ ਤੇ ਬਚਤ ਹੁੰਦੀ ਹੈ ਅਤੇ ਫਸਲ ਦਾ ਉਤਪਾਦਨ ਵੀ ਚੰਗਾ ਹੁੰਦਾ ਹੈ।ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਸਬਸਿਡੀ ਪਹਿਲਾ ਆਓ ਪਹਿਲਾਂ ਪਾਓ ਦੇ ਅਧਾਰ ਤੇ ਮਿਲੇਗੀ ਅਤੇ ਇਹ ਸਬਸਿਡੀ ਭੂਮੀ ਅਤੇ ਜਲ ਸੰਭਾਲ ਵਿਭਾਗ ਦੇ ਮਾਰਫ਼ਤ ਦਿੱਤੀ ਜਾਵੇਗੀ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਮੰਡਲ ਭੂਮੀ ਰੱਖਿਆ ਅਫ਼ਸਰ ਸ੍ਰੀ ਵਿਜੈ ਕੁਮਾਰ ਸਿੰਗਲਾ ਨੇ ਦੱਸਿਆ ਕਿ ਫੁਹਾਰਾ ਅਤੇ ਤੁਪਕਾ ਸਿੰਚਾਈ ਸਿਸਟਮ ਲਗਾਉਣ ਲਈ ਆਮ ਕਿਸਾਨਾਂ ਨੂੰ 80 ਫੀਸਦੀ ਸਬਸਿਡੀ ਦਿੱਤੀ ਜਾਵੇਗੀ। ਜਦ ਕਿ ਅਨੂਸੁਚਿਤ ਜਾਤੀ, ਔਰਤਾਂ, ਛੋਟੇ ਤੇ ਸੀਮਾਂਤ ਕਿਸਾਨਾਂ ਨੂੰ 90 ਫੀਸਦੀ ਸਬਸਿਡੀ ਮਿਲੇਗੀ। ਇਕ ਕਿਸਾਨ ਨੂੰ ਵੱਧ ਤੋਂ ਵੱਧ 5 ਏਕੜ ਤੱਕ ਲਈ ਸਬਸਿਡੀ ਮਿਲੇਗੀ।ਇਸ ਤੋਂ ਬਿਨ੍ਹਾਂ ਡਿੱਗੀ ਬਣਾਉਣ ਤੇ ਵੀ 50 ਫੀਸਦੀ ਜਾਂ ਵੱਧ ਤੋਂ ਵੱਧ 75000 ਰੁਪਏ ਤੱਕ ਦੀ ਸਬਸਿਡੀ ਕਿਸਾਨਾਂ ਨੂੰ ਸਰਕਾਰ ਵੱਲੋਂ ਦਿੱਤੀ ਜਾ ਰਹੀ ਹੈ।
ਇਸ ਸਬੰਧੀ ਫਾਜਿ਼ਲਕਾ ਦੇ ਭੁਮੀ ਰੱਖਿਆ ਵਿਭਾਗ ਦੇ ਅਧਿਕਾਰੀ ਸ: ਹਰਮਨਦੀਪ ਸਿੰਘ ਨੇ ਦੱਸਿਆ ਕਿ ਇੱਛੁਕ ਕਿਸਾਨ ਆਪਣੀਆਂ ਅਰਜੀਆਂ ਡਿਪਟੀ ਕਮਿਸ਼ਨਰ ਦਫ਼ਤਰ ਜਾਂ ਭੂਮੀ ਰੱਖਿਆ ਅਫ਼ਸਰ ਦੇ ਦਫ਼ਤਰ ਵਿਖੇ ਜਮਾਂ ਕਰਵਾ ਸਕਦੇ ਹਨ। ਉਨ੍ਹਾਂ ਨੇ ਦੱਸਿਆ ਕਿ ਕਿਸਾਨ ਸਧਾਰਨ ਕਾਗਜ ਦੇ ਆਪਣੀ ਜਮੀਨ, ਫਸਲ ਆਦਿ ਦਾ ਵੇਰਵਾ ਦੱਸਦੇ ਹੋਏ ਅਰਜੀ ਦੇ ਸਕਦੇ ਹਨ। ਜਿਸ ਤੋਂ ਬਾਅਦ ਜਿ਼ਲ੍ਹਾ ਪੱਧਰ ਤੇ ਬਣੀ ਕਮੇਟੀ ਵੱਲੋਂ ਇੰਨ੍ਹਾਂ ਅਰਜੀਆਂ ਦਾ ਨੀਰਿਖਣ ਕੀਤਾ ਜਾਵੇਗਾ ਅਤੇ ਜ਼ੋ ਅਰਜੀਆਂ ਜਿ਼ਲ੍ਹਾ ਪੱਧਰੀ ਕਮੇਟੀ ਵੱਲੋਂ ਯੋਗ ਪਾਈਆਂ ਜਾਣਗੀਆਂ ਉਨ੍ਹਾਂ ਦੀ ਪ੍ਰੋਜ਼ੈਕਟ ਰਿਪੋਰਟ ਵਿਭਾਗ ਤਿਆਰ ਕਰਕੇ ਕਿਸਾਨ ਨੂੰ ਸਬਸਿਡੀ ਦੇਵੇਗਾ।
ਉਨ੍ਹਾਂ ਦੱਸਿਆ ਕਿ ਇਸ ਸਬੰਧੀ ਹੋਰ ਜਾਣਕਾਰੀ ਲਈ ਫਾਜਿ਼ਲਕਾ ਜਿ਼ਲ੍ਹੇ ਦੇ ਕਿਸਾਨ 01632-244425 ਨੰਬਰ ਤੇ ਮੰਡਲ ਭੂਮੀ ਰੱਖਿਆ ਅਫ਼ਸਰ ਦੇ ਫਿਰੋਜਪੁਰ ਸਥਿਤ ਦਫ਼ਤਰ ਨਾਲ ਵੀ ਰਾਬਤਾ ਕਰ ਸਕਦੇ ਹਨ ਜਾਂ ਮੁੱਖ ਭੂਮੀ ਪਾਲ ਪੰਜਾਬ ਦੇ ਦਫ਼ਤਰ ਨਾਲ ਫੋਨ ਨੰਬਰ 0172-2716158, 2704857 ਤੇ ਵੀ ਸੰਪਰਕ ਕਰ ਸਕਦੇ ਹਨ।