ਝੋਨੇ ਦੀ ਸਿੱਧੀ ਬਿਜਾਈ ਕਰਨ ਨਾਲ ਪਾਣੀ ਦੀ ਖਪਤ ਤੇ ਹੋਰ ਖਰਚੇ ਅੱਧੇ ਹੋਏ : ਹਰਿੰਦਰ ਸਿੰਘ
ਪਟਿਆਲਾ, 17 ਮਈ 2022
ਪਟਿਆਲਾ ਦੀ ਸਬ-ਡਵੀਜ਼ਨ ਰਾਜਪੁਰਾ ਦੇ ਪਿੰਡ ਨਲਾਸ ਖੁਰਦ ਦਾ ਨੌਜਵਾਨ ਅਗਾਂਹਵਧੂ ਕਿਸਾਨ ਹਰਿੰਦਰ ਸਿੰਘ ਪਿਛਲੇ ਤਿੰਨ ਸਾਲਾਂ ਤੋਂ ਆਪਣੀ 7 ਏਕੜ ਜ਼ਮੀਨ ‘ਚ ਝੋਨੇ ਦੀ ਸਿੱਧੀ ਬਿਜਾਈ ਕਰਕੇ ਹੋਰਨਾਂ ਕਿਸਾਨਾਂ ਲਈ ਰਾਹ ਦਸੇਰਾ ਬਣ ਰਿਹਾ ਹੈ। ਝੋਨੇ ਦੀ ਸਿੱਧੀ ਬਿਜਾਈ ਦੇ ਆਪਣੇ ਤਜਰਬੇ ਸਾਂਝੇ ਕਰਦਿਆ ਹਰਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੀ 9 ਏਕੜ ਜ਼ਮੀਨ ‘ਚੋਂ 7 ਏਕੜ ‘ਚ ਸਿੱਧੀ ਬਿਜਾਈ ਤੇ ਹੋਰ ਜ਼ਮੀਨ ‘ਚ ਸਬਜ਼ੀ, ਮੱਕੀ ਤੇ ਹਰਾ ਚਾਰਾ ਬੀਜਦਾ ਹੈ।
ਹੋਰ ਪੜ੍ਹੋ :-17 ਮਈ 2022 ਵਿਸ਼ਵ ਹਾਈਪਰਟੈਨਸ਼ਨ ਦਿਵਸ ਵਜੋ ਮਨਾਇਆ
29 ਸਾਲਾਂ ਅਗਾਂਹਵਧੂ ਕਿਸਾਨ ਨੇ ਦੱਸਿਆ ਕਿ ਸਿੱਧੀ ਬਿਜਾਈ ਨਾਲ ਜਿਥੇ ਪਾਣੀ ਦੀ ਖਪਤ ਅੱਧੀ ਹੋਈ ਹੈ, ਉਥੇ ਹੀ ਖੇਤੀ ਖਰਚੇ ਵੀ ਘਟੇ ਹਨ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਪਾਣੀ ਰਵਾਇਤੀ ਝੋਨਾ ਲਗਾਉਣ ਸਮੇਂ ਲੱਗਦਾ ਸੀ ਹੁਣ ਉਸ ਤੋਂ ਅੱਧੇ ਪਾਣੀ ਨਾਲ ਸਰ ਜਾਂਦਾ ਹੈ ਤੇ ਅਗਲੀ ਕਣਕ ਦੀ ਫਸਲ ਦੇ ਝਾੜ ਵਿਚ ਵੀ ਵਾਧਾ ਹੁੰਦਾ ਹੈ।
ਹਰਿੰਦਰ ਸਿੰਘ ਨੇ ਦੱਸਿਆ ਕਿ ਤਜਰਬੇ ਅਨੁਸਾਰ ਇਸ ਵਿਧੀ ਨਾਲ ਮੀਂਹ ਦਾ ਪਾਣੀ ਭੂਮੀਗਤ ਜ਼ਿਆਦਾ ਹੁੰਦਾ ਹੈ, ਫ਼ਸਲ ਨੂੰ ਬਿਮਾਰੀਆਂ ਘੱਟ ਲਗਦੀਆਂ ਹਨ ਅਤੇ ਭੂਮੀ ਦੀ ਤਾਕਤ ਵਿੱਚ ਵੀ ਵਾਧਾ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਇਸ ਵਿਧੀ ਨਾਲ ਝੋਨੇ ਦੀ ਬਿਜਾਈ ਕਰਨ ਨਾਲ ਕੱਦੂ ਵਾਲੇ ਝੋਨੇ ਦੇ ਬਰਾਬਰ ਹੀ ਫ਼ਸਲ ਦਾ ਝਾੜ ਰਹਿੰਦਾ ਹੈ ਪ੍ਰੰਤੂ ਫ਼ਸਲ ਤੇ ਆਉਣ ਵਾਲਾ ਖਰਚਾ ਅੱਧਾ ਘੱਟ ਗਿਆ ਹੈ ਤੇ ਕਣਕ ਦੀ ਫ਼ਸਲ ਵਿੱਚ ਡੀ.ਏ.ਪੀ ਖਾਦ ਦੀ ਵਰਤੋ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਹੈ।
ਉਨ੍ਹਾਂ ਦੱਸਿਆ ਕਿ ਆਪਣੇ ਤਜਰਬੇ ਅਤੇ ਸਰਕਾਰ ਵੱਲੋਂ ਸਿੱਧੀ ਬਿਜਾਈ ਵਾਲੇ ਕਿਸਾਨਾਂ ਨੂੰ ਦਿੱਤੇ ਜਾ ਰਹੇ ਲਾਭ ਨੂੰ ਦੇਖਦਿਆਂ ਇਸ ਸਾਲ ਵੀ ਝੋਨੇ ਦੀ ਕਿਸਮਾਂ 126, 128, 129 ਅਤੇ 131 ਦੀ ਸਿੱਧੀ ਬਿਜਾਈ ਕਰਨਗੇ। ਉਸ ਨੇ ਕਿਸਾਨਾਂ ਨੂੰ ਸੁਨੇਹਾ ਦਿੰਦਿਆਂ ਆਖਿਆ ਕਿ ਸਿੱਧੀ ਬਿਜਾਈ ਕਰਨ ਨਾਲ ਸਾਡਾ ਆਪਣਾ ਫ਼ਾਇਦਾ ਹੁੰਦਾ ਹੈ ਅਤੇ ਅਸੀਂ ਆਉਣ ਵਾਲੀਆਂ ਸਾਡੀਆਂ ਪੀੜੀਆਂ ਵਾਸਤੇ ਧਰਤੀ ਹੇਠਲੇ ਪਾਣੀ ਦੀ ਬੱਚਤ ਕਰ ਸਕਦੇ ਹਾਂ ਜੋ ਕਿ ਦਿਨ ਪ੍ਰਤੀ ਦਿਨ ਘਟਦਾ ਹੀ ਜਾ ਰਿਹਾ ਹੈ।
ਅਗਾਂਹਵਧੂ ਕਿਸਾਨ ਹਰਿੰਦਰ ਸਿੰਘ ਝੋਨੇ ਦੀ ਸਿੱਧੀ ਬਿਜਾਈ ਸਬੰਧੀ ਜਾਣਕਾਰੀ ਦਿੰਦੇ ਹੋਏ।