ਬੱਕਰੀਆਂ ਦਾ ਮੱਲ ਮੂਤਰ ਮੱਛੀਆਂ ਵਾਲੇ ਛੱਪੜਾਂ ਚ ਜਾਂਦਾ ਹੈ ਰਲਾਇਆ
ਪਿਛਲੇ 17 ਸਾਲਾਂ ਤੋਂ ਕਰ ਰਿਹਾ ਹੈ ਸੁਚੱਜਾ ਪਰਾਲੀ ਪ੍ਰਬੰਧਨ
ਰੂੜੇਕੇ ਕਲਾਂ/ਤਪਾ, 17 ਅਕਤੂਬਰ 2021
ਪਿੰਡ ਰੂੜੇਕੇ ਕਲਾਂ ਦਾ ਅਗਾਂਹਵਧੂ ਕਿਸਾਨ ਜਗਸੀਰ ਸਿੰਘ ਖੇਤੀ ਦੇ ਨਾਲ-ਨਾਲ ਪਸ਼ੂ ਪਾਲਣ ਵਰਗੇ ਸਹਾਇਕ ਧੰਦੇ ਅਪਣਾ ਕੇ ਜਿੱਥੇ ਚੋਖਾ ਮੁਨਾਫ਼ਾ ਕਮਾ ਰਿਹਾ ਹੈ, ਓਥੇ ਨਾਲ ਹੀ ਪਿਛਲੇ 16 ਸਾਲਾਂ ਤੋਂ ਝੋਨੇ ਦੀ ਪਰਾਲੀ ਜਲਾਏ ਬਗੈਰ ਉਸ ਦਾ ਸੁਚੱਜਾ ਪ੍ਰਬੰਧਨ ਕਰ ਰਿਹਾ ਹੈ।
ਜਗਸੀਰ ਦਾ ਪੁੱਤਰ ਵਤਨਦੀਪ ਸਿੰਘ ਦੱਸਦਾ ਹੈ ਕਿ ਉਸ ਦਾ ਪੂਰਾ ਪਰਿਵਾਰ ਹੀ ਖੇਤੀ ਚ ਰੁੱਝਿਆ ਹੋਇਆ ਹੈ। ਪਰਿਵਾਰ ਵੱਲੋਂ 9 ਕਿੱਲੇ ਜ਼ਮੀਨ ਚ ਖੇਤੀ ਜਾਂਦੀ ਹੈ ਅਤੇ 3 ਕਿੱਲੇ ਚ ਛੱਪੜ ਪੁੱਟ ਕੇ ਮੱਛੀ ਪਾਲਣ ਕੀਤਾ ਜਾਂਦਾ ਹੈ। ਉਨ੍ਹਾਂ 50 ਬੱਕਰੇ ਅਤੇ ਬੱਕਰੀਆਂ ਵੀ ਰੱਖੀਆਂ ਗਈਆਂ ਹਨ, ਜਿਨ੍ਹਾਂ ਦਾ ਮੱਲ ਮੂਤਰ ਇੱਕ ਕੱਚੀ ਥਾਂ ਚ ਇੱਕਠਾ ਕਰਕੇ, ਸਾਫ਼ ਕਰਕੇ ਮੱਛੀਆਂ ਵਾਲੇ ਛੱਪੜ ਚ ਛੱਡਿਆ ਜਾਂਦਾ ਹੈ।
ਵਤਨਦੀਪ ਸਿੰਘ ਦੱਸਦੇ ਹਨ ਕਿ ਛੱਪੜ ਚ ਰੋਹੂ, ਕਤਲਾ, ਮੁਰਾਕ, ਸਿਲਵਰ ਕਾਰਪ ਆਦਿ ਮੱਛੀਆਂ ਪਾਲੀਆਂ ਜਾਂਦੀਆਂ ਹਨ, ਜਿਨ੍ਹਾਂ ਦੀ ਖ਼ਰੀਦ ਆਪਣੇ-ਆਪ ਮੱਛੀ ਦੇ ਕਾਰੋਬਾਰੀਆਂ ਵੱਲੋਂ ਕੀਤੀ ਜਾਂਦੀ ਹੈ ਮੱਛੀ ਦਾ ਪੁੰਗ ਸਰਕਾਰੀ ਰੇਟਾਂ ਉੱਤੇ ਸਰਕਾਰੀ ਹੈਚਰੀ ਤੋਂ ਮਿਲਦਾ ਹੈ।
ਜਗਸੀਰ ਸਿੰਘ ਨੇ ਦੱਸਿਆ ਕਿ ਪਿਛਲੇ 17 ਸਾਲਾਂ ਤੋਂ ਉਸ ਨੇ ਝੋਨੇ ਦੀ ਪਰਾਲੀ ਨੂੰ ਅੱਗ ਨਹੀਂ ਲਾਈ ਹੈ। ਫ਼ਸਲੀ ਰਹਿੰਦ-ਖੂੰਹਦ ਦਾ ਕੁਤਰਾ ਕਰ ਕੇ ਉਹ ਬੱਕਰੀਆਂ ਦੇ ਬਾੜੇ ਚ ਸਰਦ ਰੁੱਤ ਦੌਰਾਨ ਜਾਨਵਰਾਂ ਨੂੰ ਠੰਡ ਤੋਂ ਬਚਾਉਣ ਲਈ ਵਰਤਦਾ ਹੈ। ਉਸ ਦੇ ਜਾਨਵਰ ਬੱਕਰੀਆਂ ਦੀ ਨਸਲ ਸੁਧਾਰਨ ਲਈ ਵਰਤੇ ਜਾਂਦੇ ਹਨ।
ਜਗਸੀਰ ਸਿੰਘ ਦੇ ਮਾਡਲ ਫਾਰਮ ਚ ਉਹ ਇੱਕ ਏਕੜ ਵਿੱਚ ਬੇਰੀਆਂ ਦਾ ਬਾਗ, ਬੱਕਰੀ ਪਾਲਣ ਦਾ ਧੰਦਾ, ਬੱਤਖਾਂ ਪਾਲਣ ਦਾ ਧੰਦਾ, ਕੜਕਨਾਥ ਮੁਰਗੀਆਂ ਪਾਲਣ, ਚਕੋਰ ਪਾਲਣ, ਖਰਗੋਸ਼ ਪਾਲਣ, ਸ਼ਹਿਦ ਦੀਆਂ ਮੱਖੀਆਂ ਪਾਲਣ, ਫਾਰਮ ਬਾਊਂਡਰੀ ਤੇ ਫ਼ਲਦਾਰ ਦਰਖ਼ਤ ਅਤੇ ਸਾਹੀਵਾਲ ਗਊਆਂ ਪਾਲਣ ਦਾ ਕੰਮ ਕਰਦਾ ਹੈ।
ਝੋਨੇ ਦੇ ਕਰਚੇ ਜਾਨਵਰਾਂ ਤੋਂ ਕਣਕ ਬਚਾਉਂਦੇ ਹਨ, ਜ਼ੀਰੋ ਡਰਿੱਲ ਨਾਲ ਕੀਤੀ ਜਾਂਦੀ ਹੈ ਬਿਜਾਈ
ਝੋਨੇ ਦੀ ਨਾੜ ਨੂੰ ਅੱਗ ਨਾ ਲਗਾਉਣ ਬਾਰੇ ਜਾਣਕਾਰੀ ਦਿੰਦਿਆਂ ਜਗਸੀਰ ਸਿੰਘ ਨੇ ਦੱਸਿਆ ਕਿ ਝੋਨੇ ਦੀ ਪਰਾਲ ਦੇ ਖੜ੍ਹੇ ਕਰਚੇ ਪੰਛੀਆਂ ਨੂੰ ਕਣਕ ਦੇ ਬੀਜ਼ ਖਾਣ ਤੋਂ ਰੋਕਦੇ ਹਨ। ਉਨ੍ਹਾਂ ਦੱਸਿਆ ਕਿ ਜ਼ੀਰੋ ਡਰਿੱਲ ਵਰਤਦਿਆਂ ਉਹ ਕਣਕ ਕੀ ਸਿੱਧੀ ਬਿਜ਼ਾਈ ਝੋਨੇ ਦੇ ਕਰਚਿਆਂ ਵਿੱਚ ਕਰਦੇ ਹਨ, ਜਿਸ ਦੇ ਨਤੀਜ਼ੇ ਚੰਗੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਝਾੜ ਆਮ ਖੇਤਾਂ ਨਾਲੋਂ ਵੱਧ ਹੁੰਦਾ ਹੈ ਅਤੇ ਉਨ੍ਹਾਂ ਦੇ ਖੇਤਾਂ ਦੀ ਮਿੱਟੀ ਦੀ ਉਪਜਾਊ ਸ਼ਕਤੀ ਬਹੁਤ ਚੰਗੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਮਿੱਟੀ ਵਿੱਚ ਮਿੱਤਰ ਕੀੜੇ ਅਤੇ ਹੋਰ ਜੀਵ-ਜੰਤੂ ਬਹੁਤਿਆਤ ਵਿੱਚ ਹਨ।