ਦੋਸ਼ੀਆਂ ਵਲੋਂ ਨਿੱਜੀ ਰੰਜਿਸ਼ ਕਰਕੇ ਬੇਅਦਬੀ ਕੀਤੀ ਗਈ: ਵਿਵੇਕ ਐਸ. ਸੋਨੀ
ਰੂਪਨਗਰ 3 ਫਰਵਰੀ 2022
ਸੀਨੀਅਰ ਕਪਤਾਨ ਪੁਲਿਸ, ਰੂਪਨਗਰ ਸ਼੍ਰੀ ਵਿਵੇਕ ਸ਼ੀਲ ਸੋਨੀ ਨੇ ਵੀਰਵਾਰ ਨੂੰ ਮੀਡੀਆ ਨਾਲ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 30,31 ਜਨਵਰੀ 2022 ਦੀ ਰਾਤ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਵਾਰਡ ਨੰਬਰ 6 ਮੋਰਿੰਡਾ ਵਿਖੇ ਮਾਤਾ ਕਾਲੀ ਦੇਵੀ ਮੰਦਿਰ ਦੇ ਮੇਨ ਗੇਟ ਦੇ ਬਾਹਰੋਂ ਭੈਰੋਂ ਬਾਬਾ ਦੀ ਮੂਰਤੀ ਦੀ ਭੰਨਤੋੜ ਕੀਤੀ ਸੀ ਜਿਸ ਨੂੰ ਰੂਪਨਗਰ ਪੁਲਿਸ ਵਲੋਂ ਗਠਿਤ ਕੀਤੀ ਗਈ ਟੀਮ ਨੇ ਮਿਹਨਤ ਤੇ ਲਗਨ ਨਾਲ ਟੈਕਨੀਕਲ ਸਰਵੇਲੈਂਸ ਦੇ ਆਧਾਰ ਉੱਤੇ ਸੁਲਝਾਇਆ।
और पढ़े :-ਵਿਧਾਨ ਸਭਾ ਚੋਣਾਂ 2022 ਦੌਰਾਨ ਚੋਣਾਂ ਵਾਲੇ ਦਿਨ ਤਾਇਨਾਤ ਕੀਤੇ ਜਾਣ ਵਾਲੇ ਵਲੰਟੀਅਰਾਂ ਸਬੰਧੀ ਆਨਲਾਈਨ ਮੀਟਿੰਗ
ਉਨ੍ਹਾਂ ਅੱਗੇ ਦੱਸਿਆ ਕਿ ਦੋਸ਼ੀ ਬਹਾਦਰ ਸਿੰਘ ਨੇ ਪੁਛਗਿੱਛ ਦੌਰਾਨ ਮੰਨਿਆ ਕਿ ਉਸ ਦਾ ਕਰੀਬ 6 ਮਹੀਨੇ ਪਹਿਲਾਂ ਕਾਲੀ ਮਾਤਾ ਮੰਦਰ ਦੇ ਪੁਜਾਰੀ ਸੋਹਣ ਸਿੰਘ ਨਾਲ ਗਾਲੀ ਗਲੋਚ ਹੋਇਆ ਸੀ ਅਤੇ ਗੁਆਂਢ ਵਿੱਚ ਰਹਿੰਦੇ ਐਮ.ਸੀ ਗੁਰਮੀਤ ਸਿੰਘ ਨਾਲ ਵੀ ਉਸ ਦੀ ਰੰਜਿਸ਼ਬਾਜੀ ਸੀ ਜਿਸ ਕਰਕੇ ਉਸ ਨੇ ਇੱਕ ਚੋਰੀ ਕਰਨ ਉਪਰੰਤ ਕਾਲੀ ਮਾਤਾ ਦੇਵੀ ਮੰਦਰ ਦੇ ਗੇਟ ਉੱਤੇ ਬਣੀ ਭੈਰੋਂ ਬਾਬਾ ਦੀ ਮੂਰਤੀ ਨਾਲ ਭੰਨ ਤੋੜ ਕਰਕੇ ਅਤੇ ਮੂਰਤੀ ਦੇ ਪਹਿਨਾਏ ਹੋਏ ਵਸਤਰਾਂ ਨੂੰ ਪਾੜ ਕੇ ਐਮ.ਸੀ ਦੇ ਦੋ ਵੱਖ-2 ਮਕਾਨਾਂ ਦੇ ਗੇਟਾਂ ਨਾਲ ਬੰਨ੍ਹ ਦਿੱਤਾ ਸੀ ਤਾਂ ਜੋ ਇਸ ਮਸਲੇ ਬਾਰੇ ਐਮ.ਸੀ ਅਤੇ ਮੰਦਰ ਦਾ ਪੁਜਾਰੀ ਆਪਸ ਵਿੱਚ ਲੜਾਈ ਝਗੜਾ ਕਰਦੇ ਰਹਿਣ।
ਉਨ੍ਹਾਂ ਦੱਸਿਆ ਕਿ ਰੈਸਟ ਹਾਊਸ, ਮੋਰਿੰਡਾ ਦੇ ਪਿਛਲੇ ਪਾਸੋਂ ਤੋਂ ਇੱਕ ਪਲਾਟ ਵਿੱਚ ਚਾਰ-ਦਵਾਰੀ ਦੇ ਅੰਦਰੋਂ ਇੱਕ ਟੋਕਾ ਮਸ਼ੀਨ ਸਮੇਤ ਮੋਟਰ, ਚਾਰ-ਦੀਵਾਰੀ ਨੂੰ ਲੱਗਿਆ ਲੋਹੇ ਦਾ ਗੇਟ, ਪਲਾਸਟਿਕ ਦੀ ਟੈਂਕੀ ਚੋਰੀ ਕੀਤੀ ਗਈ ਸੀ ਅਤੇ ਉੱਥੇ ਨਜ਼ਦੀਕ ਹੀ ਬਣੇ ਮਾਤਾ ਕਾਲੀ ਦੇਵੀ ਮੰਦਿਰ ਦੇ ਮੇਨ ਗੇਟ ਦੇ ਬਾਹਰੋਂ ਭੈਰੋਂ ਬਾਬਾ ਜੀ ਦੀ ਮੂਰਤੀ ਦੀ ਭੰਨਤੋੜ ਕਰਕੇ, ਮੂਰਤੀ ਦੇ ਵਸਤਰ ਪਾੜ ਕੇ ਬੇਅਦਬੀ ਨੂੰ ਕੀਤੀ ਗਈ ਸੀ ਜਿਸ ਉਪਰੰਤ ਦੋਸ਼ੀਆਂ ਖਿਲਾਫ ਮੁਕੱਦਮਾ ਨੰਬਰ 09 ਮਿਤੀ 31 ਜਨਵਰੀ 2022 ਅ/ਧ 380, 457, 295A ਆਈ.ਪੀ.ਸੀ. ਥਾਣਾ ਸਿਟੀ ਮੋਰਿੰਡਾ ਵਿਖੇ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਦਰਜ ਰਜਿਸਟਰ ਕੀਤਾ ਗਿਆ ਸੀ।
ਸ਼੍ਰੀ ਸੋਨੀ ਨੇ ਦੱਸਿਆ ਕਿ ਇਸ ਮੁਕੱਦਮੇ ਨੂੰ ਟ੍ਰੇਸ ਕਰਨ ਲਈ ਸ਼੍ਰੀ ਹਰਬੀਰ ਸਿੰਘ ਅਟਵਾਲ, ਕਪਤਾਨ ਪੁਲਿਸ (ਡਿਟੇਕਟਿਵ), ਸ਼੍ਰੀ ਜਰਨੈਲ ਸਿੰਘ, ਉਪ ਕਪਤਾਨ ਪੁਲਿਸ (ਡਿਟੇਕਟਿਵ) ਅਤੇ ਸ਼੍ਰੀ ਗੁਰਚਰਨ ਸਿੰਘ, ਉਪ ਕਪਤਾਨ ਪੁਲਿਸ (ਸਬ ਡਵੀਜਨ ਮੋਰਿੰਡਾ) ਰੂਪਨਗਰ ਦੀ ਅਗਵਾਈ ਹੇਠ ਇੰਸਪੈਕਟਰ ਸਤਨਾਮ ਸਿੰਘ ਇੰਚਾਰਜ ਸੀ.ਆਈ.ਏ. ਰੂਪਨਗਰ ਅਤੇ ਮੁੱਖ ਅਫਸਰ ਥਾਣਾ ਸਿਟੀ ਮੋਰਿੰਡਾ ਦੀਆ ਟੀਮਾਂ ਗਠਿਤ ਕੀਤੀਆਂ ਗਈਆਂ ਸਨ। ਜਿਹਨਾਂ ਵੱਲੋਂ ਬਹੁਤ ਹੀ ਮਿਹਨਤ ਤੇ ਲਗਨ ਨਾਲ ਟੈਕਨੀਕਲ ਸਰਵੇਲੈਂਸ ਦੇ ਆਧਾਰ ਉੱਤੇ ਮੁਕੱਦਮੇ ਨੂੰ ਟ੍ਰੇਸ ਕਰਦੇ ਹੋਏ ਦੋਸ਼ੀ ਬਹਾਦਰ ਸਿੰਘ ਵਾਸੀ ਨੇੜੇ ਮਾਤਾ ਗੁਜਰੀ ਸਕੂਲ ਅਤੇ ਸੁਰਮੁੱਖ ਸਿੰਘ ਵਾਸੀ ਵਾਰਡ ਨੰਬਰ 7 ਸੰਤ ਨਗਰ ਚੁੰਨੀ ਰੋਡ ਮੋਰਿੰਡਾ ਨੂੰ ਗ੍ਰਿਫਤਾਰ ਕੀਤਾ।
ਉਨ੍ਹਾਂ ਦੱਸਿਆ ਕਿ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਹੋਰ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾਵੇਗੀ।