ਕਿਹਾ! ਕਿਸਾਨਾਂ ਦੀ ਪੁੱਤਾ ਵਾਂਗ ਪਾਲੀ ਫਸਲ ਦਾ ਇੱਕ-ਇੱਕ ਦਾਣਾ ਖਰੀਦਿਆ ਜਾਵੇਗਾ
ਹੁਣ ਅੰਨਦਾਤਾ ਮੰਡੀਆਂ ਵਿੱਚ ਖੱਜਲ ਖੁਆਰ ਨਹੀਂ ਹੋਵੇਗਾ
ਜ਼ਿਲ੍ਹੇ ਚ ਕਣਕ ਦੀ ਖ਼ਰੀਦ ਨਿਰਵਿਘਨ ਜਾਰੀ
ਲੁਧਿਆਣਾ, 11 ਅਪ੍ਰੈਲ 2022
ਜ਼ਿਲ੍ਹਾ ਲੁਧਿਆਣਾ ਵਿੱਚ ਕਣਕ ਦੀ ਖਰੀਦ ਸਬੰਧੀ ਸਾਰੇ ਪ੍ਰਬੰਧ ਸੁਚੱਜੇ ਢੰਗ ਨਾਲ ਕੀਤੇ ਗਏ ਹਨ ਤੇ ਕਿਸਾਨਾਂ ਸਮੇਤ ਕਣਕ ਦੀ ਖ਼ਰੀਦ ਨਾਲ ਸਬੰਧਤ ਕਿਸੇ ਵੀ ਵਿਅਕਤੀ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾ ਰਹੀ ਹੈ। ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਕਣਕ ਦੀ ਖ਼ਰੀਦ ਨਿਰਵਿਘਨ ਜਾਰੀ ਹੈ। ਇਹ ਗੱਲ ਹਲਕਾ ਆਤਮ ਨਗਰ ਵਿਧਾਇਕ ਸ. ਕੁਲਵੰਤ ਸਿੰਘ ਸਿੱਧੂ ਨੇ ਸਥਾਨਕ ਗਿੱਲ ਰੋਡ, ਨੇੜੇ ਅਰੋੜਾ ਪੈਲੇਸ ਦੀ ਅਨਾਜ ਮੰਡੀ ਵਿੱਚ ਕਣਕ ਦੀ ਖ਼ਰੀਦ ਸਬੰਧੀ ਪ੍ਰਬੰਧਾਂ ਦਾ ਜਾਇਜ਼ਾ ਲੈਣ ਮੌਕੇ ਆਖੀ। ਇਸ ਮੌਕੇ ਉਨ੍ਹਾਂ ਦੇ ਨਾਲ ਮੰਡੀ ਬੋਰਡ ਦੇ ਸਕੱਤਰ ਸ. ਤੇਗ ਬਹਾਦੁਰ ਵੀ ਹਾਜ਼ਰ ਸਨ ਜਿਨ੍ਹਾਂ ਵਿਧਾਇਕ ਸਿੱਧੂ ਨੂੰ ਖਰੀਦ ਦੇ ਪੁਖ਼ਤਾ ਅਤੇ ਮੁਕੰਮਲ ਪ੍ਰਬੰਧ ਕੀਤੇ ਹੋਣ ਬਾਰੇ ਜਾਣੂੰ ਕਰਵਾਇਆ।
ਹੋਰ ਪੜ੍ਹੋ :-ਵਿਸ਼ਾਲ ਮੈਗਾ ਮਾਰਟ ਫੇਸ-5 ਮੋਹਾਲੀ ਵਿਖੇ ਗੋਲੀਆਂ ਚਲਾ ਲੁੱਟ ਕਰਨ ਵਾਲੇ 24 ਘੰਟੇ ਵਿੱਚ ਕੀਤੇ ਗ੍ਰਿਫਤਾਰ
ਵਿਧਾਇਕ ਸਿੱਧੂ ਵੱਲੋਂ ਮੀਡੀਆ ਦੁਆਰਾ ਪੁੱਛੇ ਗਏ ਸੁਆਲ ਦਾ ਜੁਆਬ ਦਿੰਦਿਆਂ ਕਿਹਾ ਕਿ ਮੇਰਾ ਦਫ਼ਤਰ ਬਿਲਕੁੱਲ ਦਾਣਾ ਮੰਡੀ ਦੇ ਵਿੱਚ ਸਥਿਤ ਹੈ ਅਤੇ ਅੰਨਦਾਤਾ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਮੰਡੀਆਂ ਵਿੱਚ ਪਾਣੀ, ਲਾਈਟਾਂ, ਬੈਠਣ, ਪਖਾਨਿਆਂ ਸਮੇਤ ਲੋੜੀਂਦੇ ਸਾਰੇ ਪ੍ਰਬੰਧ ਕੀਤੇ ਗਏ ਹਨ।
ਵਿਧਾਇਕ ਸ. ਕੁਲਵੰਤ ਸਿੰਘ ਸਿੱਧੂ ਨੇ ਕਿਹਾ ਕਿ ਇਸ ਵਾਰ ਕਣਕ ਥੋੜੀ ਪਛੜ ਕੇ ਆਈ ਹੈ ਤੇ ਝਾੜ ਵੀ ਘਟ ਹੈ ਪਰ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫਸਲ ਦਾ ਇੱਕ-ਇੱਕ ਦਾਣਾ ਖਰੀਦਿਆ ਜਾਵੇਗਾ। ਇਸ ਮੌਕੇ ਉਨ੍ਹਾਂ ਐਲਾਨ ਕੀਤਾ ਕਿ ਮੰਡੀ ਵਿੱਚ ਫਸਲ ਵੇਚਣ ਲਈ ਆਉਣ ਵਾਲੇ ਕਿਸਾਨਾਂ ਦੀ ਰੋਟੀ-ਪਾਣੀ ਦਾ ਪ੍ਰਬੰਧ ਉਨ੍ਹਾਂ ਵੱਲੋ ਨਿੱਜੀ ਤੌਰ ਤੇ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਸਾਡਾ ਕਿਸਾਨ ਖੁ਼ਸ਼ ਹੈ ਤਾਂ ਭਗਵਾਨ ਵੀ ਖੁ਼ਸ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਲੁਧਿਆਣਾ ਵਿੱਚ ਇਸ ਸੀਜਨ ਦੌਰਾਨ 9.24 ਲੱਖ ਐਮ.ਟੀ. ਕਣਕ ਦੇ ਆਉਣ ਦਾ ਅਨੁਮਾਨ ਹੈ।
ਵਿਧਾਇਕ ਸਿੱਧੂ ਨੇ ਦੱਸਿਆ ਕਿ ਇਸ ਵਾਰ ਕਣਕ ਦੀ ਮੰਗ ਵਧੀ ਹੈ ਤੇ ਵਪਾਰੀਆਂ ਵੱਲੋਂ ਐਮ. ਐਸ. ਪੀ. ਤੋਂ ਵੱਧ ਭਾਅ ਉੱਤੇ ਕਣਕ ਖਰੀਦੀ ਜਾ ਰਹੀ ਹੈ। ਸਰਕਾਰ ਦੀਆਂ ਮੰਡੀਆਂ ਵਿੱਚੋਂ ਟੈਕਸ ਭਰ ਕੇ ਵਪਾਰੀਆਂ ਵਲੋਂ ਨਿਰਵਿਘਨ ਕਣਕ ਖਰੀਦੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਫਸਲ ਦਾ ਸਮਾਂ ਬੱਧ ਢੰਗ ਨਾਲ ਭੁਗਤਾਨ ਕੀਤਾ ਜਾਣਾ ਯਕੀਨੀ ਬਣਾਇਆ ਗਿਆ ਹੈ। ਸਰਕਾਰ ਵੱਲੋਂ ਮੰਡੀਆਂ ਦੀ ਲਗਾਤਾਰ ਮੋਨੀਟਰਿੰਗ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਹਨ ਕਿ ਟਰਾਂਸਪੋਰਟ, ਭੁਗਤਾਨ, ਬਾਰਦਾਨੇ ਤੇ ਲਿਫਟਿੰਗ ਸਬੰਧੀ ਕੋਈ ਦਿੱਕਤ ਨਾ ਆਵੇ ਤੇ ਅੰਨਦਾਤੇ ਨੂੰ ਅੰਨਦਾਤਾ ਸਮਝਿਆ ਜਾਵੇ। ਹੁਣ ਤੱਕ ਦੀਆਂ ਸਰਕਾਰਾਂ ਨੇ ਕਿਸਾਨਾਂ ਨੂੰ ਰੋਲਿਆ ਤੇ ਕਿਸਾਨਾਂ ਦੀਆਂ ਬਹੁਤ ਸਾਰੀਆਂ ਦੀਵਾਲੀਆਂ ਤੇ ਦੁਸ਼ਹਿਰੇ ਮੰਡੀਆਂ ਵਿੱਚ ਫ਼ਸਲਾਂ ਕੋਲ ਬੈਠ ਕੇ ਹੀ ਬੀਤਦੇ ਰਹੇ। ਉਹਨਾਂ ਕਿਹਾ ਕਿ ਹੁਣ ਇਹ ਬੀਤੇ ਦੀਆਂ ਗੱਲਾਂ ਹੋ ਗਈਆਂ ਹਨ ਤੇ ਜ਼ਮਾਨਾ ਨਵਾਂ ਆਗਿਆ ਹੈ।
ਉਨ੍ਹਾਂ ਦੱਸਿਆ ਕਿ ਸੂਬੇ ਤੋਂ ਬਾਹਰੋਂ ਕਣਕ ਦੀ ਆਮਦ ਨਾ ਹੋਵੇ, ਇਸ ਸਬੰਧੀ ਵੀ ਸਖ਼ਤ ਕਦਮ ਚੁੱਕੇ ਗਏ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਹ ਗੱਲ ਯਕੀਨੀ ਬਣਾਈ ਜਾ ਰਹੀ ਹੈ ਕਿ ਫਸਲ ਦੀ ਖਰੀਦ ਸੁਚਾਰੂ ਢੰਗ ਨਾਲ ਹੋਵੇ ਅਤੇ ਖਰੀਦ ਨਾਲ ਜੁੜੇ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।