ਵਿਧਾਇਕ ਰਜਨੀਸ਼ ਦਹੀਆ ਅਤੇ ਡੀ.ਸੀ. ਰਾਜੇਸ਼ ਧੀਮਾਨ ਨੇ ਜਨ ਸੁਵਿਧਾ ਕੈਂਪ ਦੌਰਾਨ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ; ਕਈ ਸ਼ਿਕਾਇਤਾਂ ਦਾ ਮੌਕੇ ‘ਤੇ ਕੀਤਾ ਨਿਪਟਾਰਾ

Sorry, this news is not available in your requested language. Please see here.

ਪੰਜਾਬ ਸਰਕਾਰ ਜ਼ਮੀਨੀ ਪੱਧਰ ਤੱਕ ਸਰਕਾਰੀ ਸੁਵਿਧਾਵਾਂ ਪਹੁੰਚਾਉਣ ਲਈ ਨਿਰੰਤਰ ਯਤਨਸ਼ੀਲ – ਦਹੀਆ

– ਹਰ ਹਫ਼ਤੇ ਲੱਗਣਗੇ ਸੁਵਿਧਾ ਕੈਂਪ

ਮਮਦੋਟ (ਫਿਰੋਜ਼ਪੁਰ) 28 ਮਾਰਚ 2023 :- 

ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦੀ ਅਗਵਾਈ ਵਿੱਚ ‘ਸਰਕਾਰ ਤੁਹਾਡੇ ਦੁਆਰ’ ਤਹਿਤ ਪੰਜਾਬ ਸਰਕਾਰ ਜ਼ਮੀਨੀ ਪੱਧਰ ਤੱਕ ਸਰਕਾਰੀ ਸੁਵਿਧਾਵਾਂ/ਯੋਜਨਾਵਾਂ ਦਾ ਲਾਭ ਲੋੜਵੰਦਾਂ ਤੱਕ ਪਹੁੰਚਾਉਣ ਲਈ ਨਿਰੰਤਰ ਯਤਨਸ਼ੀਲ ਹੈ। ਇਹ ਪ੍ਰਗਟਾਵਾ ਵਿਧਾਨਸਭਾ ਹਲਕਾ ਫਿਰੋਜ਼ਪੁਰ ਦਿਹਾਤੀ ਦੇ ਵਿਧਾਇਕ ਸ਼੍ਰੀ ਰਜਨੀਸ਼ ਦਹੀਆ ਨੇ ਮਾਰਕੀਟ ਕਮੇਟੀ ਮਮਦੋਟ ਵਿਖੇ ਲਗਾਏ ਜਨ ਸੁਵਿਧਾ ਕੈਂਪ ਦੌਰਾਨ ਲੋਕਾਂ ਦੀਆਂ ਮੁਸ਼ਕਿਲਾਂ ਦਾ ਨਿਪਟਾਰਾ ਕਰਦਿਆਂ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਰਾਜੇਸ਼ ਧੀਮਾਨ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।

ਵਿਧਾਇਕ ਸ੍ਰੀ ਰਜਨੀਸ਼ ਦਹੀਆ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਸੁਪਨਾ ਪੰਜਾਬ ਦੀ ਸੇਵਾ ਕਰਨਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕੀਤਾ ਹਰ ਵਾਅਦਾ ਪੂਰਾ ਕੀਤਾ ਜਾ ਰਿਹਾ ਹੈ। ਰਾਜ ਭਰ ਵਿਚ ਲੋਕਾਂ ਨੂੰ ਭਲਾਈ ਸਕੀਮਾਂ ਦਾ ਪੂਰਾ ਲਾਭ ਦੇਣ ਲਈ ਸੁਵਿਧਾ ਕੈਂਪ ਲਗਾਏ ਜਾ ਰਹੇ ਹਨ ਤਾਂ ਕਿ ਲੋਕਾਂ ਨੂੰ ਆਸਾਨੀ ਨਾਲ ਸਰਕਾਰ ਦੁਆਰਾ ਚਲਾਈਆਂ ਜਾਂਦੀਆਂ ਭਲਾਈ ਸਕੀਮਾਂ ਉਨ੍ਹਾਂ ਦੇ ਘਰਾਂ ਨੇੜੇ ਹੀ ਮੁਹੱਈਆ ਕਰਵਾਈਆਂ ਜਾ ਸਕਣ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸੂਬੇ ਦੇ ਸਰਬਪੱਖੀ ਵਿਕਾਸ ਦੇ ਨਾਲ-ਨਾਲ ਹਰ ਵਰਗ ਦੀ ਭਲਾਈ ਲਈ ਵੱਡੇ ਕਦਮ ਚੁੱਕੇ ਗਏ ਹਨ। ਉਨ੍ਹਾਂ ਦੱਸਿਆ ਕਿ ਕੈਂਪ ਲਗਾਉਣ ਦਾ ਮੰਤਵ ਇਕੋ ਥਾਂ `ਤੇ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਸਕਣ ਤਾਂ ਜੋ ਲੋਕਾਂ ਦੀ ਖਜਲ-ਖੁਆਰੀ ਨਾ ਹੋਵੇ।

ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਨੇ ਦੱਸਿਆ ਕਿ ਸੁਵਿਧਾ ਕੈਂਪ ਵਿੱਚ ਵੱਖ ਵੱਖ ਵਿਭਾਗਾਂ ਵਲੋਂ ਹੈਲਪ ਡੈਸਕ ਲਗਾਏ ਗਏ। ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ ਪ੍ਰਾਪਤ ਹੋਈਆਂ ਅਰਜੀਆਂ ਨੂੰ ਮੌਕੇ ‘ਤੇ ਹੀ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਦੇ ਕੇ ਸਮਾਂਬੱਧ ਅੰਦਰ ਹੱਲ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਹੋਰ ਵੱਖ-ਵੱਖ ਸਕੀਮਾਂ ਦੇ ਲਾਭ ਮੁਹੱਈਆ ਕਰਵਾਉਣ ਲਈ ਬਿਨੈ ਪੱਤਰ ਪ੍ਰਾਪਤ ਹੋਏ ਜਿੰਨਾ ਦੀ ਪੜਤਾਲ ਉਪਰੰਤ ਯੋਗ ਪ੍ਰਾਰਥੀਆਂ ਨੂੰ ਸਕੀਮਾਂ ਦਾ ਲਾਭ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸਹੂਲਤਾਂ ਲਈ ਭਵਿੱਖ ਵਿਚ ਵੀ ਅਜਿਹੇ ਕੈਂਪ ਲਗਾਏ ਜਾਣਗੇ।

ਡਿਪਟੀ ਕਮਿਸ਼ਨਰ ਨੇ ਇਲਾਕੇ ਦੇ ਲੋਕਾਂ ਦੀ ਹਰ ਸਮਸਿਆ ਦੇ ਹੱਲ ਦਾ ਭਰੋਸਾ ਦਿੰਦਿਆਂ ਕਿਹਾ ਕਿ ਪਿਛਲੇ ਦਿਨੀਂ ਭਾਰੀ ਮੀਂਹ ਨਾਲ ਪ੍ਰਭਾਵਿਤ ਹੋਈ ਕਣਕ ਦੀ ਫਸਲ ਬਾਰੇ 10 ਦਿਨਾਂ ਵਿਚ ਗਿਰਦਾਵਰੀ ਕਰਵਾ ਕੇ ਹੋਏ ਨੁਕਸਾਨ ਦੀ ਰਿਪੋਰਟ ਭੇਜੀ ਜਾਵੇਗੀ ਅਤੇ ਜਲਦੀ ਤੋਂ ਜਲਦੀ ਮੁਆਵਜ਼ਾ ਦਿੱਤਾ ਜਾਵੇਗਾ।

ਇਸ ਮੌਕੇ ਜ਼ਿਲ੍ਹਾ ਮਾਲ ਅਫ਼ਸਰ ਸ੍ਰੀ ਅਰਵਿੰਦ ਪ੍ਰਕਾਸ਼ ਵਰਮਾ, ਡੀ.ਡੀ.ਪੀ. ਓ. ਸ. ਜਸਵੰਤ ਸਿੰਘ ਬੜੈਚ, ਮੁੱਖ ਖੇਤੀਬਾੜੀ ਅਫ਼ਸਰ ਡਾ. ਤੇਜਪਾਲ ਸਿੰਘ, ਤਹਿਸੀਲਦਾਰ ਸ਼੍ਰੀਮਤੀ ਸੁਖਬੀਰ ਕੌਰ, ਡੀ.ਐਸ.ਪੀ. ਸੰਦੀਪ ਸਿੰਘ, ਨਿੱਜੀ ਸਕੱਤਰ ਰੌਬੀ ਸੰਧੂ, ਬਲਰਾਜ ਸੰਧੂ, ਬਲਜਿੰਦਰ ਸਿੰਘ ਰਾਉਕੇ, ਡਾ ਨਿਰਵੈਰ ਸਿੰਘ ਸਿੰਧੀ, ਰਾਜਵੰਤ ਸਿੰਘ ਸੋਢੀ, ਬਲਬੀਰ ਸਿੰਘ ਫੱਤੇਵਾਲਾ, ਸੰਜੀਵ ਧਵਨ, ਗੁਰਨਾਮ ਸਿੰਘ ਹਜਾਰਾ, ਬਲਵਿੰਦਰ ਸਿੰਘ ਲੱਡੂ, ਹਰਦੀਪ ਸਿੰਘ ਆਦਿ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

 

ਹੋਰ ਪੜ੍ਹੋ :- ਵਿਦਿਆਰਥੀ ਵਰਗ ਨੂੰ ਛੋਟੀ ਉਮਰੇ ਹੀ ਚੰਗੇ ਮਾੜੇ ਦੀ ਸਮਝ ਬਾਰੇ ਕੀਤਾ ਜਾਵੇ ਪ੍ਰੇਰਿਤ—ਮਨਦੀਪ ਕੌਰ

—-

Spread the love