ਰੂਪਨਗਰ 22 ਮਾਰਚ 2022
ਘਰੇਲੂ ਬਗੀਚੀ ਨੂੰ ਉਤਸ਼ਾਹਿਤ ਕਰਨ ਲਈ ਸਹਾਇਕ ਡਾਇਰੈਕਟਰ ਬਾਗਬਾਨੀ, ਰੂਪਨਗਰ ਸ੍ਰੀ ਗੁਰਜੀਤ ਸਿੰਘ ਬੱਲ ਵਲੋਂ ਆਤਮਾ ਸਕੀਮ ਅਧੀਨ ਬਲਾਕ ਨੂਰਪੁਰਬੇਦੀ ਦੇ ਪਿੰਡ ਨੌਧੇਮਾਜਰਾ ਵਿਖੇ ਘਰੇਲੂ ਬਗੀਚੀ ਉਗਾਉਣ ਅਤੇ ਬਾਗਬਾਨੀ ਵਿਭਾਗ ਦੀਆਂ ਸਕੀਮਾਂ ਸਬੰਧੀ ਜਾਗਰੂਕਤਾ ਕੈਂਪ ਲਗਾਈਆ ਗਿਆ।
ਹੋਰ ਪੜ੍ਹੋ :-ਕੇਂਦਰੀ ਜੇਲ ‘ਚ ਲਗਾਇਆ ਮੈਡੀਕਲ ਕੈਂਪ
ਕੈਂਪ ਦੌਰਾਨ ਬਲਾਕ ਨੂਰਪੁਰਬੇਦੀ ਦੇ ਬਾਗਬਾਨੀ ਵਿਕਾਸ ਅਫ਼ਸਰ ਸ੍ਰੀ ਯੁਵਰਾਜ ਭਾਰਦਵਾਜ ਵੱਲੋਂ ਦੱਸਿਆ ਗਿਆ ਕਿ ਘਰੇਲੂ ਬਗੀਚੀ ਉਗਾਉਣ ਨਾਲ ਜਿੱਥੇ ਸਾਨੂੰ ਜ਼ਹਿਰਾਂ ਰਹਿਤ ਸਬਜੀਆਂ ਪ੍ਰਾਪਤ ਹੁੰਦੀਆਂ ਹਨ, ਉੱਥੇ ਸਾਨੂੰ ਆਰਥਿਕ ਲਾਭ ਵੀ ਪਹੁੰਚਦਾ ਹੈ। ਤਾਜੀਆਂ ਅਤੇ ਜ਼ਹਿਰ ਮੁਕਤ ਸਬਜੀਆਂ ਖਾਣ ਨਾਲ ਪੌਸ਼ਟਿਕ ਤੱਤ ਪ੍ਰਾਪਤ ਹੁੰਦੇ ਹਨ ਜਿਸ ਨਾਲ ਰੋਗਾਂ ਨਾਲ ਲੜਨ ਦੀ ਸਮਰੱਥਾ ਵਧਦੀ ਹੈ।ਕ੍ਰਿਸ਼ੀ ਵਿਗਿਆਨ ਕੇਂਦਰ, ਰੂਪਨਗਰ ਤੋਂ ਸਹਾਇਕ ਪ੍ਰੋਫੈਸਰ (ਪੌਦ ਸੁਰੱਖਿਆ) ਸ੍ਰੀ ਪਵਨ ਕੁਮਾਰ ਵੱਲੋਂ ਕਿਸਾਨਾਂ ਨੂੰ ਫਸਲਾਂ ਦੀ ਕੀੜੇ ਅਤੇ ਬਿਮਾਰੀਆਂ ਤੋਂ ਸੁਰੱਖਿਆ ਲਈ ਮਹੱਤਵਪੂਰਨ ਜਾਣਕਾਰੀ ਦਿੱਤੀ ਗਈ। ਉਨ੍ਹਾਂ ਵੱਲੋਂ ਘਰੇਲੂ ਪੱਧਰ ਤੇ ਉਗਾਏ ਜਾਣ ਵਾਲੇ ਫ਼ਲ-ਸਬਜੀਆਂ ਨੂੰ ਕੀੜਿਆਂ ਤੋਂ ਬਚਾਉਣ ਲਈ ਟਰੈਪ ਲਗਾਉਣ ਦੀ ਸਲਾਹ ਦਿੱਤੀ ਤਾਂ ਜੋ ਜ਼ਹਿਰਾਂ ਦੀ ਵਰਤੋਂ ਘਟਾਈ ਜਾ ਸਕੇ।ਇਹ ਟਰੈਪ ਕ੍ਰਿਸ਼ੀ ਵਿਗਿਆਨ ਕੇਂਦਰ, ਰੂਪਨਗਰ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ।
ਅੰਤ ਵਿੱਚ ਸਹਾਇਕ ਡਾਇਰੈਕਟਰ ਬਾਗਬਾਨੀ, ਰੂਪਨਗਰ ਸ੍ਰੀ ਗੁਰਜੀਤ ਸਿੰਘ ਬੱਲ ਵੱਲੋਂ ਬਾਗਬਾਨੀ ਵਿਭਾਗ ਦੀਆਂ ਸਕੀਮਾਂ ਬਾਰੇ ਜਾਣਕਾਰੀ ਦਿੰਦਿਆਂ ਕਿਸਾਨਾਂ ਨੂੰ ਬਾਗਬਾਨੀ ਨਾਲ ਜੁੜੇ ਕਿੱਤੇ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਬਰਸਾਤੀ ਸੀਜਨ ਦੋਰਾਨ ਲੱਗਣ ਵਾਲੇ ਫਲਦਾਰ ਬੂਟਿਆ ਦੀ ਬੁਕਿੰਗ ਬਲਾਕ ਪੱਧਰ ਜਾਂ ਜਿਲ਼੍ਹਾ ਪੱਧਰ ਦੇ ਬਾਗਬਾਨੀ ਵਿਭਾਗ ਦੇ ਦਫ਼ਤਰ ਵਿਖੇ ਕਰਵਾਈ ਜਾ ਸਕਦੀ ਹੈ।ਇਸ ਮੌਕੇ ਪਿੰਡ ਦੇ ਸਰਪੰਚ ਸ੍ਰੀ ਭੋਲੇ ਰਾਮ, ਬਾਗਬਾਨੀ ਸਬ-ਇੰਸਪੈਕਟਰ ਸ੍ਰੀ ਮੱਖਣ ਸਿੰਘ, ਸ੍ਰੀ ਸੁਮੇਸ਼ ਕੁਮਾਰ ਸ਼ਾਮਿਲ ਸਨ। ਇਸ ਕੈਂਪ ਦੌਰਾਨ ਆਤਮਾ ਸਕੀਮ ਅਧੀਨ ਗਰਮੀ ਰੁੱਤ ਦੀਆਂ ਸਬਜੀ ਬੀਜ ਮਿੰਨੀ ਕਿੱਟਾਂ ਦੀ ਵੰਡ ਵੀ ਕੀਤੀ ਗਈ।