ਸਲਾਨਾ ਪ੍ਰੀਖਿਆਵਾਂ ਦੌਰਾਨ ਵਿਦਿਆਰਥੀ ਮਾਨਸਿਕ ਦਬਾਅ ਬਣਾਉਣ ਤੋਂ ਕਰਨ ਪਰਹੇਜ਼- ਡਿਪਟੀ ਕਮਿਸ਼ਨਰ

Preeti Yadav
Dr. Preeti Yadav
ਬੋਝ ਲੈਣ ਵਾਲੇ ਬੱਚੇ ਕਾਊਸਲਿੰਗ ਲਈ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਨਾਲ ਕਰਨ ਸੰਪਰਕ

ਰੂਪਨਗਰ, 8 ਫਰਵਰੀ 2024

ਫਰਵਰੀ-ਮਾਰਚ ਦਾ ਮਹੀਨਾ ਸਲਾਨਾ ਪ੍ਰੀਖਿਆਵਾਂ ਦਾ ਸਮਾਂ ਹੁੰਦਾ ਹੈ। ਸਕੂਲੀ ਵਿਦਿਆਰਥੀਆਂ ਲਈ ਇਹ ਸਮਾਂ ਬੜਾ ਮਹੱਤਵਪੂਰਨ ਹੁੰਦਾ ਹੈ ਕਿਉਂਕਿ ਇਸ ਸਮੇਂ ਤੇ ਸਾਰੇ ਸਾਲ ਦੀ ਮਿਹਨਤ ਦੀ ਪਰਖ ਹੁੰਦੀ ਹੈ। ਸਾਲਾਨਾ ਪ੍ਰੀਖਿਆਵਾਂ ਦੌਰਾਨ ਵਿਦਿਆਰਥੀ ਮਾਨਸਿਕ ਦਬਾਅ ਬਣਾ ਲੈਂਦੇ ਹਨ ਜਿਸ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਨਿਵੇਕਲਾ ਉਪਰਾਲਾ ਕਰਦੇ ਹੋਏ  “ਪ੍ਰੀਖਿਆਵਾਂ ਬੋਝ ਨਹੀਂ” ਨੂੰ ਲੈ ਕੇ ਬੱਚਿਆਂ ਨੂੰ ਪ੍ਰੇਰਨਾ ਦਿੰਦੇ ਹੋਏ ਕੀਤਾ।

ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਹੁਣ ਪ੍ਰੀਖਿਆਵਾਂ ਦਾ ਸਮਾਂ ਨੇੜੇ ਆ ਰਿਹਾ ਹੈ, ਜਿਆਦਾਤਰ ਬੱਚੇ ਪ੍ਰੀਖਿਆਵਾਂ ਨੂੰ ਬੋਝ ਸਮਝਦੇ ਹਨ ਅਤੇ ਆਪਣਾ ਦਿਮਾਗੀ ਸੰਤੁਲਨ ਗੁਆ ਬੈਠਦੇ ਹਨ। ਉਨ੍ਹਾਂ ਕਿਹਾ ਕਿ ਬੱਚਿਆ ਲਈ ਪ੍ਰੀਖਿਆ ਦਾ ਦਬਾਅ ਪ੍ਰੀਖਿਆ ਤੋਂ ਨਹੀ ਪੈਦਾ ਹੁੰਦਾ, ਸਗੋਂ ਉਨ੍ਹਾਂ ਇੱਛਾਵਾਂ ਤੋ ਪੈਦਾ ਹੈ ਜੋ ਕਿ ਪਰਿਵਾਰ ਅਤੇ ਸਮਾਜ ਦੁਆਰਾ ਬੱਚਿਆ ਤੇ ਥੋਪੀਆ ਜਾਦੀਆਂ ਹਨ। ਉਨ੍ਹਾਂ ਕਿਹਾ ਕਿ ਹਰ ਪਾਸੇ ਤੋਂ ਬੱਚਿਆਂ ਦੇ ਮਨਾਂ ਵਿਚ ਇਕ ਹੀ ਗੱਲ ਘਰ ਕਰ ਜਾਂਦੀ ਹੈ ਕਿ ਪ੍ਰੀਖਿਆ ਵਿਚ ਚੰਗੇ ਅੰਕ ਪ੍ਰਾਪਤ ਕਰਨਾ ਹੀ ਉਨ੍ਹਾਂ ਦੀ ਪ੍ਰਤਿਭਾ ਨੂੰ ਪਰਖਣ ਦਾ ਮਾਪਦੰਡ ਹੈ, ਅਜਿਹੀ ਸਥਿਤੀ ਵਿਚ ਬੱਚਿਆਂ ਉੱਤੇ ਪੜ੍ਹਾਈ ਦੇ ਨਾਲ-ਨਾਲ ਇੱਛਾਵਾਂ ਦਾ ਵਾਧੂ ਬੋਝ ਅਜਿਹਾ ਮਾਹੌਲ ਸਿਰਜਦਾ ਹੈ ਜਿਸ ਨਾਲ ਕਿ ਬੱਚਿਆਂ ਦੀ ਪ੍ਰਤਿਭਾ ਨੂੰ ਵਧਣ ਫੁੱਲਣ ਵਿੱਚ ਰੁਕਾਵਟ ਆਉਂਦੀ ਹੈ।

ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪ੍ਰੀਖਿਆਵਾਂ ਨੂੰ ਬੋਝ ਦੀ ਤਰ੍ਹਾਂ ਨਹੀਂ ਸਗੋਂ ਤਿਉਹਾਰ ਦੀ ਤਰ੍ਹਾਂ ਸਮਝਣਾ ਚਾਹੀਦਾ ਹੈ ਕਿਉਂਕਿ ਜਦੋਂ ਤਿਉਹਾਰ ਹੁੰਦੇ ਹਨ ਤਾਂ ਬੱਚਿਆਂ ਦੇ ਮਨਾਂ ਵਿੱਚ ਜੋ ਜੋਸ਼ ਹੁੰਦਾ ਹੈ ਉਹ ਆਪ ਮੁਹਾਂਦਰੇ ਹੀ ਬਾਹਰ ਨਿੱਕਲ ਕੇ ਆਉਂਦਾ ਹੈ।

ਉਨ੍ਹਾਂ ਕਿਹਾ ਕਿ ਪ੍ਰੀਖਿਆਵਾਂ ਦਾ ਬੋਝ ਲੈਣ ਵਾਲੇ ਬੱਚੇ ਕਾਊਸਲਿੰਗ ਲਈ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਸ਼੍ਰੀਮਤੀ ਰਜਿੰਦਰ ਕੌਰ ਦਫ਼ਤਰ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ, ਕਮਰਾ ਨੰਬਰ 153 ਏ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਰੂਪਨਗਰ ਜਾਂ 9780797931,7973053020, 9877582652 ਨੰਬਰਾਂ ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।

Spread the love