ਰੇਰਾ ਦੇ ਚੇਅਰਮੈਨ ਸਤਿਆ ਗੋਪਾਲ ਵੱਲੋਂ ਅਸਤੀਫਾ ਦੇਣ ਦੇ ਮਾਮਲੇ ਦੀ ਸੀ ਬੀ ਆਈ ਜਾਂਚ ਹੋਵੇ: ਬਿਕਰਮ ਸਿੰਘ ਮਜੀਠੀਆ

Bikram Singh Majithia
Bikram Singh Majithia
ਕਿਹਾ ਕਿ ਗੋਪਾਲ ਕੇਜਰੀਵਾਲ ਦੇ ਮਨੀ ਕਲੈਕਸ਼ਨ (ਪੈਸੇ ਇਕੱਠੇ ਕਰਨ ਵਾਲੇ) ਏਜੰਟ ਵਜੋਂ ਕੰਮ ਕਰ ਰਿਹਾ ਸੀ

ਚੰਡੀਗੜ੍ਹ, 8 ਫਰਵਰੀ 2024

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਸਤਿਆ ਗੋਪਾਲ ਦੇ  ਪੰਜਾਬ ਰੀਅਲ ਅਸਟੇਟ ਰੈਗੂਲੇਟਰੀ ਅਥਾਰਟੀ (ਰੇਰਾ) ਦੇ ਚੇਅਰਮੈਨ ਵਜੋਂ ਨਿਯੁਕਤੀ ਦੇ ਇਕ ਸਾਲ ਬਾਅਦ ਹੀ ਅਸਤੀਫਾ ਦੇਣ ਦੇ ਮਾਮਲੇ ਦੀ ਸੀ ਬੀ ਆਈ ਜਾਂਚ ਦੀ ਮੰਗ ਕੀਤੀ ਹੈ ਅਤੇ ਕਿਹਾ ਹੈ ਕਿ ਅਜਿਹੀਆਂ ਰਿਪੋਰਟਾਂ ਹਨ ਕਿ ਐਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਵੱਲੋਂ ਅਰਵਿੰਦ ਕੇਜਰੀਵਾਲ ਦੇ ਨਿੱਜੀ ਸਹਾਇਕ ਤੋਂ ਪੁੱਛ ਗਿੱਛ ਮਗਰੋਂ ਉਸਨੂੰ ਅਸਤੀਫਾ ਦੇਣ ਲਈ ਮਜਬੂਰ ਕੀਤਾ ਗਿਆ।

ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਜ਼ੋਰ ਦੇ ਕੇ ਕਿਹਾ ਕਿ ਦਿੱਲੀ ਦੇ ਸਾਬਕਾ ਅਫਸਰਸ਼ਾਹ ਸਤਿਆ ਗੋਪਾਲ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਚਹੇਤਾ ਸੀ। ਇਸ ਅਫਸਰ ਨੂੰ ਪੰਜ ਸਾਲ ਵਾਸਤੇ ਨਿਯੁਕਤ ਕੀਤਾ ਗਿਆ ਸੀ ਅਤੇ ਇਕ ਸਾਲ ਮਗਰੋਂ ਹੀ ਅਸਤੀਫਾ ਦੇਣ ਤੋਂ ਸੰਕੇਤ ਮਿਲਦਾ ਹੈ ਕਿ ਕੋਈ ਗੜਬੜ ਘੁਟਾਲਾ ਹੈ। ਉਹਨਾਂ ਕਿਹਾ  ਕਿ ਮੁੱਖ ਮੰਤਰੀ, ਜਿਹਨਾਂ ਕੋਲ ਸ਼ਹਿਰੀ ਵਿਕਾਸ ਮੰਤਰਾਲਾ ਹੈ, ਇਹ ਸਪਸ਼ਟ ਕਰਨ ਕਿ ਸਾਬਕਾ ਅਫਸਰਸ਼ਾਹ ਨੂੰ ਇਸ ਤਰੀਕੇ ਕਿਉਂ ਕੱਢਿਆ ਗਿਆ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਇਹ ਵੀ ਦੱਸਣ ਕਿ ਸ੍ਰੀ ਸਤਿਆ ਗੋਪਾਲ ਦੀ ਯੋਗਤਾ ਕੀ ਹੈ ਜੋ ਉਹਨਾਂ ਨੂੰ ਪੰਜਾਬ ਦੇ ਯੋਗ ਉਮੀਦਵਾਰਾਂ ਦੀ ਥਾਂ ’ਤੇ ਨਿਯੁਕਤ ਕੀਤਾ ਗਿਆ।

ਉਹਨਾਂ ਕਿਹਾ ਕਿ ਸਤਿਆ ਗੋਪਾਲ ਆਪ ਦੇ ਮਨੀ ਕਲੈਕਸ਼ਨ (ਪੈਸੇ ਇਕੱਠੇ ਕਰਨ ਵਾਲੇ) ਏਜੰਟ ਵਜੋਂ ਕੰਮ ਕਰ ਰਿਹਾ ਸੀ। ਉਹਨਾਂ ਕਿਹਾ ਕਿ ਇਸਦੀ ਸ਼ਿਕਾਇਤ ਪੰਜਾਬ ਵਿਚ ਕੋਲੋਨਾਈਨਜ਼ਰਾਂ ਅਤੇ ਬਿਲਡਰਾਂ ਨੇ ਕੀਤੀ ਹੈ। ਉਹਨਾਂ ਕਿਹਾ ਕਿ ਅਜਿਹੀਆਂ ਰਿਪੋਰਟਾਂ ਹਨ ਕਿ ਹੁਣ ਜਦੋਂ ਅਰਵਿੰਦ ਕੇਜਰੀਵਾਲ ਦਾ ਨਿੱਜੀ ਸਹਾਇਕ ਈ ਡੀ ਦੇ ਅੜਿਕੇ ਚੜ ਗਿਆ ਹੈ ਤਾਂ ਇਸੇ ਲਈ ਆਪ ਸਰਕਾਰ ਨੇ ਕਾਹਲੀ ਵਿਚ ਉਹਨਾਂ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਵਾਸਤੇ ਕਹਿ ਦਿੱਤਾ।

ਸਰਦਾਰ ਮਜੀਠੀਆ ਨੇ ਪੰਜਾਬ ਦੇ ਕੋਲੋਨਾਈਜ਼ਰਾਂ ਤੋਂ ਗੈਰ ਕਾਨੂੰਨੀ ਤੌਰ ’ਤੇ ਪੈਸੇ ਇਕੱਠੇ ਕਰਨ ਤੇ ਇਹ ਪੈਸਾ ਕਿਥੇ ਗਿਆ,ਇਸ  ਸਾਰੇ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ। ਉਹਨਾਂ ਕਿਹਾ ਕਿ ਜਿਹਨਾਂ ਨੇ ਪੰਜਾਬ ਨੂੰ ਲੁੱਟਿਆ, ਉਹ ਬੇਨਕਾਬ ਹੋਣੇ ਚਾਹੀਦੇ ਹਨ ਤੇ ਉਹਨਾਂ ਨੂੰ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਹਨ।

ਉਹਨਾਂ ਮੰਗ ਕੀਤੀ ਕਿ ਗੋਪਾਲ ਤੇ ਜਿਹੜੇ ਸਾਰੇ ਆਪ ਦਾ ਖ਼ਜ਼ਾਨਾ ਭਰਨ ਵਾਸਤੇ ਗੈਰ ਕਾਨੂੰਨੀ ਤਰੀਕੇ ਨਾਲ ਮਨੀ ਕਲੈਕਸ਼ਨ ਏਜੰਟ ਵਜੋਂ ਕੰਮ ਕਰ ਰਹੇ ਹਨ, ਇਹਨਾਂ ਸਭ ਦੇ ਖਿਲਾਫ ਕਾਰਵਾਈ ਕੀਤੀ ਜਾਵੇ।

Spread the love