ਪਟਿਆਲਾ ਪੁਲਿਸ ਵੱਲੋਂ ਕੰਮ ਕਾਜ ‘ਚ ਪਾਰਦਰਸ਼ਤਾ ਤੇ ਤੇਜ਼ੀ ਲਿਆਉਣ ਦੀ ਮੁਹਿੰਮ ਜਾਰੀ

SSP Patiala Vikram Jeet Duggal

-ਲੰਮੇ ਅਰਸੇ ਤੋਂ ਸਬ-ਡਵੀਜ਼ਨ ਸਮਾਣਾ ਤੇ ਪਾਤੜਾਂ ‘ਚ ਤਾਇਨਾਤ 99 ਪੁਲਿਸ ਕਰਮਚਾਰੀਆਂ ਦੇ ਕੀਤੇ ਤਬਾਦਲੇ
-1 ਐਸ.ਆਈ., 60 ਏ.ਐਸ.ਆਈਜ਼, 10 ਹੈਡ ਕਾਂਸਟੇਬਲ ਤੇ 28 ਕਾਂਸਟੇਬਲਾਂ ਦੇ ਕੀਤੇ ਤਬਾਦਲੇ
-ਪੁਲਿਸ ਵਿਭਾਗ ਦੇ ਕੰਮ ਕਾਜ ‘ਤੇ ਤੇਜ਼ੀ ਲਿਆਉਣ ਲਈ ਕੀਤੇ ਗਏ ਤਬਾਦਲੇ-ਐਸ.ਐਸ.ਪੀ.
ਪਟਿਆਲਾ, 23 ਸਤੰਬਰ:
ਪਟਿਆਲਾ ਦੇ ਐਸ.ਐਸ.ਪੀ. ਸ੍ਰੀ ਵਿਕਰਮ ਜੀਤ ਦੁੱਗਲ ਨੇ ਜ਼ਿਲ੍ਹਾ ਪੁਲਿਸ ਦੇ ਕੰਮ ਕਾਜ ਵਿੱਚ ਪ੍ਰਸ਼ਾਸਕੀ ਸੁਧਾਰਾਂ ਤਹਿਤ ਪਿਛਲੇ ਦਿਨੀਂ ਸ਼ੁਰੂ ਕੀਤਾ ਬਦਲੀਆਂ ਦਾ ਸਿਲਸਿਲਾ ਜਾਰੀ ਰੱਖਦਿਆ ਸਬ-ਡਵੀਜ਼ਨ ਸਮਾਣਾ ਤੇ ਪਾਤੜਾਂ ‘ਚ  ਲੰਮੇ ਅਰਸੇ ਤੋਂ ਇੱਕ ਹੀ ਸਟੇਸ਼ਨ ‘ਤੇ ਤਾਇਨਾਤ 99 ਪੁਲਿਸ ਕਰਮਚਾਰੀਆਂ ਦੇ ਤਬਾਦਲੇ ਕੀਤੇ ਹਨ। ਸ੍ਰੀ ਦੁੱਗਲ ਨੇ ਦੱਸਿਆ ਪੁਲਿਸ ਦੇ ਕੰਮ ਕਾਜ ਨੂੰ ਹੋਰ ਸੁਚਾਰੂ ਢੰਗ ਨਾਲ ਚਲਾਉਣ ਦੇ ਮਕਸਦ ਤਹਿਤ ਕੀਤੇ ਗਏ ਤਬਾਦਲਿਆਂ ਦਾ ਮੁੱਖ ਮਕਸਦ ਆਮ ਲੋਕਾਂ ਨਾਲ ਬਿਹਤਰ ਤਾਲਮੇਲ ਬਣਾਉਣ ਹੈ। ਉਨ੍ਹਾਂ ਦੱਸਿਆ ਕਿ ਅੱਜ 1 ਸਬ ਇੰਸਪੈਕਟਰ, 60 ਏ.ਐਸ.ਆਈਜ਼., 10 ਹੈਡ ਕਾਂਸਟੇਬਲ ਅਤੇ 28 ਕਾਂਸਟੇਬਲ ਦੇ ਤਬਾਦਲੇ ਕੀਤੇ ਗਏ ਹਨ।
ਐਸ.ਐਸ.ਪੀ. ਨੇ ਦੱਸਿਆ ਕਿ ਅੱਜ ਜ਼ਿਲ੍ਹਾ ਪਟਿਆਲਾ ਦੀ ਸਬ ਡਵੀਜ਼ਨ ਸਮਾਣਾ ਦੇ 46 ਪੁਲਿਸ ਕਰਮਚਾਰੀਆਂ ਅਤੇ ਸਬ ਡਵੀਜ਼ਨ ਪਾਤੜਾਂ ਦੇ 53 ਪੁਲਿਸ ਕਰਮਚਾਰੀਆਂ ਨੂੰ ਪ੍ਰਬੰਧਕੀ ਅਧਾਰ ‘ਤੇ ਦੂਸਰੀਆਂ ਸਬ ਡਵੀਜ਼ਨਾਂ ਅਤੇ ਥਾਣਿਆਂ ‘ਚ ਬਦਲੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ 10 ਦਿਨ ਪਹਿਲਾਂ ਵੀ ਸਬ ਡਵੀਜ਼ਨ ਰਾਜਪੁਰਾ ਅਤੇ ਘਨੌਰ ਦੇ ਥਾਣਿਆਂ ‘ਚ ਲੰਮਾ ਅਰਸਾ ਤਾਇਨਾਤ 77 ਪੁਲਿਸ ਕਰਮਚਾਰੀਆਂ ਦੇ ਤਬਾਦਲੇ ਕੀਤੇ ਗਏ ਸਨ।
ਸ੍ਰੀ ਵਿਕਰਮ ਜੀਤ ਦੁੱਗਲ ਨੇ ਕਿਹਾ ਕਿ ਇਹ ਬਦਲੀਆਂ ਅਤੇ ਨਵੀਆਂ ਤਾਇਨਾਤੀਆਂ ਜ਼ਿਲ੍ਹਾ ਪੁਲਿਸ ਦੇ ਕੰਮਕਾਜ ‘ਚ ਹੋਰ ਤੇਜ਼ੀ ਅਤੇ ਪਾਰਦਰਸ਼ਤਾ ਲਿਆਉਣ ਲਈ ਕੀਤੀਆਂ ਗਈਆਂ ਹਨ। ਸ੍ਰੀ ਦੁੱਗਲ ਨੇ ਹੋਰ ਦੱਸਿਆ ਕਿ ਪਟਿਆਲਾ ਪੁਲਿਸ ਜਿੱਥੇ ਕੋਰੋਨਾ ਮਹਾਂਮਾਰੀ ਦੌਰਾਨ ਆਪਣੀ ਡਿਊਟੀ ਵੀ ਤਨਦੇਹੀ ਨਾਲ ਦਿਨ-ਰਾਤ ਨਿਭਾ ਰਹੀ ਹੈ, ਉਥੇ ਹੀ ਜ਼ਿਲ੍ਹੇ ਨੂੰ ਜ਼ੁਰਮ ਤੋਂ ਰਹਿਤ ਰੱਖਣ ਲਈ ਵੀ ਆਪਣੀ ਵਚਨਬੱਧਤਾ ਨੂੰ ਪੂਰੀ ਸੁਹਿਰਦਤਾ ਨਾਲ ਨਿਭਾ ਰਹੀ ਹੈ।

Spread the love