ਅਕਾਲ ਡਿਗਰੀ ਕਾਲਜ ਮਾਮਲੇ ‘ਚ ਹਰਪਾਲ ਚੀਮਾ ਨੇ ਵਿਜੀਲੈਂਸ ਨੂੰ ਪਰਚਾ ਦਰਜ ਕਰਨ ਦੀ ਕੀਤੀ ਮੰਗ

Harpal Singh Cheema
ਅਕਾਲ ਡਿਗਰੀ ਕਾਲਜ ਮਾਮਲੇ 'ਚ ਹਰਪਾਲ ਚੀਮਾ ਨੇ ਵਿਜੀਲੈਂਸ ਨੂੰ ਪਰਚਾ ਦਰਜ ਕਰਨ ਦੀ ਕੀਤੀ ਮੰਗ
ਕਮੇਟੀ ਦੀ ਰਿਪੋਰਟ ਨੇ ਕਾਲਜ ਪ੍ਰਸ਼ਾਸਨ ਤੇ ਖੜੇ ਕੀਤੇ ਗੰਭੀਰ ਸਵਾਲ

ਸੰਗਰੂਰ, 15 ਨਵੰਬਰ 2021

ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਅਕਾਲ ਡਿਗਰੀ ਕਾਲਜ ਫਾਰ ਵੂਮੈਨ ਵਿੱਚ ਚੱਲ ਰਹੀ ਵਿੱਤੀ ਗੜਬੜੀ ਅਤੇ ਕਾਗਜ਼ਾਂ ਵਿੱਚ ਹੇਰਾ ਫੇਰੀ ਦੇ ਫੜੇ ਜਾਣ ਤੇ ਵਿਜੀਲੈਂਸ ਵਿਭਾਗ ਨੂੰ ਤੁਰੰਤ ਪਰਚਾ ਦਰਜ ਕਰਨ ਦੀ ਮੰਗ ਕੀਤੀ।

ਹੋਰ ਪੜ੍ਹੋ :-ਡਵੀਜ਼ਨਲ ਕਮਿਸ਼ਨਰ ਤੇ ਡਿਪਟੀ ਕਮਿਸ਼ਨਰ ਨੇ ਪੋਲਿੰਗ ਬੂਥਾਂ ਦਾ ਕੀਤਾ ਅਚਨਚੇਤ ਨਿਰੀਖਣ

ਸੋਮਵਾਰ ਨੂੰ ਸੰਗਰੂਰ ਵਿਖੇ ਇੱਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ, “1970 ਤੋਂ ਸਰਕਾਰੀ ਗ੍ਰਾਂਟਾਂ ਤੇ ਚੱਲ ਰਹੇ ਅਕਾਲ ਡਿਗਰੀ ਕਾਲਜ ਵਲੋਂ ਕਾਲਜ ਨੂੰ ਘਾਟੇ ਅਤੇ ਵਿਤੀ ਬੋਝ ਦਾ ਹਵਾਲਾ ਦੇ ਕੇ ਬੀ. ਏ. ਦਾ ਕੋਰਸ ਬੰਦ ਕਰਨ ਦੀ ਗੱਲ ਕੀਤੀ ਗਈ ਤਾਂ ਇਸ ਦਾ ਸ਼ਹਿਰ ਵਾਸੀਆਂ ਵਲੋਂ ਜ਼ੋਰ ਸ਼ੋਰ ਨਾਲ ਵਿਰੋਧ ਕੀਤਾ ਗਿਆ। ਲੋਕਾਂ ਦੇ ਯਤਨਾਂ ਸਦਕਾ ਕਾਲਜ ਵੱਲੋਂ ਹੋਈ ਫੰਡ ਦੀ ਦੁਰਵਰਤੋਂ ਦੀ ਜਾਂਚ ਲਈ ਇਕ ਕਮੇਟੀ ਦਾ ਗਠਨ ਹੋਇਆ ਸੀ ਤੇ ਹਾਲ ਵਿਚ ਆਈ ਰਿਪੋਰਟ ਵਿਤੀ ਗੜਬੜੀ ਅਤੇ ਪੈਸੇ ਦੇ ਗਲਤ ਅਦਾਨ ਪ੍ਰਦਾਨ ਵੱਲ ਇਸ਼ਾਰਾ ਕਰ ਰਹੀ ਹੈ।”

ਰਿਪੋਰਟ ਦਾ ਹਵਾਲਾ ਦੇਂਦੇ ਹੋਏ ਉਨ੍ਹਾਂ ਦੱਸਿਆ ਕਿ ਕਾਲਜ ਆਪਣੇ ਸੋਸਾਇਟੀ ਤੋੰ ਟ੍ਰਸ੍ਟ ‘ਚ ਤਬਦੀਲ ਕਰਨ ਦੇ ਅਤੇ ਸੰਸਥਾਵਾਂ ਵਿਚਕਾਰ ਵਿੱਤੀ ਵਟਾਂਦਰੇ ਦੇ ਦਸਤਾਵੇਜ਼ ਪੇਸ਼ ਕਰਨ ਵਿੱਚ ਅਸਫਲ ਰਿਹਾ ਜੋ ਕਿ ਗੰਭੀਰ ਸਵਾਲ ਖੜੇ ਕਰਦਾ ਹੈ।

ਹਰਪਾਲ ਸਿੰਘ ਚੀਮਾ ਨੇ ਇਸ ਮਸਲੇ ਵਿਚ ਵਿਜੀਲੈਂਸ ਵਿਭਾਗ ਨੂੰ ਤੁਰੰਤ ਪਰਚਾ ਦਰਜ਼ ਕਰ ਦੋਸ਼ੀਆਂ ਨੂੰ ਫੜਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਇਹ ਕਾਲਜ ਇਲਾਕੇ ਦੀਆਂ ਕੁੜੀਆਂ ਲਈ ਉਮੀਦ ਦੀ ਇੱਕੋ ਇੱਕ ਕਿਰਨ ਹੈ ਤੇ ਇੱਥੇ ਵੀ ਗੜਬੜੀਆਂ ਕਰ ਸਰਕਾਰੀ ਮਦਦ ਨਾਲ ਚੱਲ ਰਹੇ ਕੋਰਸ ਨੂੰ ਬੰਦ ਕਰਨਾ ਸਰਕਾਰ ਅਤੇ ਪ੍ਰਸ਼ਾਸਨ ਦੀ ਨਾਲਾਇਕੀ ਦਰਸ਼ਾਉਂਦਾ ਹੈ।

ਉਨ੍ਹਾਂ ਨੇ ਵਿਸ਼ਵਾਸ ਦਵਾਇਆ ਕਿ ਇਸ ਮਾਮਲੇ ਵਿੱਚ ਆਮ ਆਦਮੀ ਪਾਰਟੀ ਪਹਿਲੇ ਦਿਨ ਤੋਂ ਇਲਾਕੇ ਦੇ ਲੋਕਾਂ ਨਾਲ ਖੜੀ ਹੈ ਤੇ ਉਨ੍ਹਾਂ ਦੀ ਆਵਾਜ਼ ਬਣਕੇ ਸਮੇ ਸਮੇ ਤੇ ਸਰਕਾਰਾਂ ਨੂੰ ਜਗਾਉਂਦੀ ਰਹੇਗੀ।