ਪਾਰਲੀਮੈਂਟ ਦਾ ਕੰਮ ਨਾ ਚੱਲਣ ਦੇਣ ਵਾਸਤੇ ਸਰਕਾਰ ਦਾ ਹੰਕਾਰ ਜ਼ਿੰਮੇਵਾਰ: ਮਨੀਸ਼ ਤਿਵਾੜੀ

ਕਿਹਾ: ਦੇਸ਼ ਹਿੱਤ ਵਿਚ ਖੇਤੀ ਕਾਨੂੰਨਾਂ ਨੂੰ ਵਾਪਸ ਲਵੇ ਭਾਰਤ ਸਰਕਾਰ
ਲੁਧਿਆਣਾ, 7 ਅਗਸਤ 2021  ਕਾਂਗਰਸ ਦੇ ਸੀਨੀਅਰ ਕੌਮੀ ਬੁਲਾਰੇ ਅਤੇ ਸ੍ਰੀ ਆਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਮਨੀਸ਼ ਤਿਵਾੜੀ ਨੇ ਬੀਤੇ ਕਈ ਦਿਨਾਂ ਤੋਂ ਪਾਰਲੀਮੈਂਟ ਦਾ ਕੰਮ ਨਾ ਚੱਲਣ ਦੇਣ ਵਾਸਤੇ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਦੇ ਹੰਕਾਰ ਨੂੰ ਜ਼ਿੰਮੇਵਾਰ ਦੱਸਿਆ ਹੈ, ਜਿਸ ਨਾਲ ਪੂਰੇ ਸੈਸ਼ਨ ਦੇ ਹੀ ਖ਼ਰਾਬ ਹੋ ਜਾਣ ਦਾ ਖਦਸ਼ਾ ਬਣ ਗਿਆ ਹੈ। ਉਨ੍ਹਾਂ ਨੇ ਸਰਕਾਰ ਦੇ ਘਮੰਡ ਨੂੰ ਪਾਰਲੀਮੈਂਟਰੀ ਲੋਕਤੰਤਰ ਦੀ ਬੇਇਜ਼ਤੀ ਕਰਾਰ ਦਿੱਤਾ ਹੈ।
ਇਸੇ ਤਰ੍ਹਾਂ, ਤਿਵਾਡ਼ੀ ਨੇ ਭਾਰਤ ਸਰਕਾਰ ਨੂੰ ਕਿਸਾਨ ਅੰਦੋਲਨ ਦੇ ਹੱਲ ਵਿੱਚ ਕੀਤੀ ਜਾ ਰਹੀ ਦੇਰੀ ਨੂੰ ਲੈ ਕੇ ਚਿਤਾਵਨੀ ਦਿੱਤੀ ਹੈ, ਜਿਸਦਾ ਨਾ ਸਿਰਫ ਪੰਜਾਬ ਬਲਕਿ ਪੂਰੇ ਦੇਸ਼ ਤੇ ਬਹੁਤ ਮਾੜਾ ਪ੍ਰਭਾਵ ਪਵੇਗਾ।
ਅੱਜ ਇੱਥੇ ਇਕ ਪ੍ਰੈੱਸ ਕਾਨਫਰੰਸ ਚ ਸੰਬੋਧਨ ਕਰਦਿਆਂ ਹੋਇਆਂ, ਐੱਮ.ਪੀ ਤਿਵਾੜੀ ਨੇ ਕਿਹਾ ਕਿ ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਸਰਕਾਰ ਕੋਲੋਂ ਸਿਰਫ਼ ਇਹੋ ਜਵਾਬ ਮੰਗ ਰਹੀਆਂ ਹਨ ਕਿ ਕੀ ਉਨ੍ਹਾਂ ਨੇ ਪੈਗਾਸਸ ਸਾਫਟਵੇਅਰ ਖਰੀਦਿਆ ਸੀ ਜਾਂ ਫਿਰ ਨਹੀਂ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਪੈਗਾਸਸ ਸਾਫਟਵੇਅਰ ਵਿਕਸਿਤ ਕਰਨ ਵਾਲੀ ਕੰਪਨੀ ਨੇ ਸਪਸ਼ਟ ਕੀਤਾ ਹੈ ਕਿ ਉਹ ਸਿਰਫ ਸਰਕਾਰਾਂ ਜਾਂ ਸਰਕਾਰੀ ਏਜੰਸੀਆਂ ਨੂੰ ਸੌਫਟਵੇਅਰ ਵੇਚਦੀ ਹੈ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ। ਜਦਕਿ ਇਹ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਮਾਮਲੇ ਤੇ ਸਪਸ਼ਟੀਕਰਨ ਦੇਵੇ, ਕਿਉਂਕਿ ਇਹ ਮਾਮਲਾ ਕਈ ਲੋਕਾਂ ਦੀ ਨਿੱਜਤਾ ਨਾਲ ਜੁੜਿਆ ਹੋਇਆ ਹੈ, ਜਿਨ੍ਹਾਂ ਵਿਚ ਪੱਤਰਕਾਰ, ਜੱਜ ਅਤੇ ਸਿਵਲ ਸੁਸਾਇਟੀ ਦੇ ਨੁਮਾਇੰਦੇ ਵੀ ਸ਼ਾਮਲ ਹਨ।
ਸ੍ਰੀ ਆਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਨੇ ਅਫਸੋਸ ਪ੍ਰਗਟਾਇਆ ਕਿ ਕੇਂਦਰ ਸਰਕਾਰ ਕਿਸਾਨਾਂ ਦੇ ਗੰਭੀਰ ਮੁੱਦੇ ਤੇ ਵੀ ਬਹਿਸ ਕਰਨ ਤੋਂ ਭੱਜ ਰਹੀ ਹੈ। ਉਨ੍ਹਾਂ ਨੇ ਖੁਲਾਸਾ ਕੀਤਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਹੀ ਕੇਂਦਰ ਸਰਕਾਰ ਕੋਲ ਮਾਮਲੇ ਦੀ ਗੰਭੀਰਤਾ ਦਾ ਮੁੱਦਾ ਚੁੱਕ ਚੁੱਕੇ ਹਨ। ਇਨ੍ਹਾਂ ਹਾਲਾਤਾਂ ਨੂੰ ਦੁਸ਼ਮਣ ਦੇਸ਼ ਭੜਕਾ ਸਕਦਾ ਹੈ ਅਤੇ ਪਾਕਿਸਤਾਨ ਡਰੋਨ ਰਾਹੀਂ ਹਥਿਆਰਾਂ ਦੀ ਸਮਗਲਿੰਗ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
ਤਿਵਾੜੀ ਨੇ ਕਿਹਾ ਕਿ ਕਿਸਾਨੀ ਸੰਘਰਸ਼ ਪਹਿਲਾਂ ਹੀ ਇਕ ਰਾਸ਼ਟਰੀ ਅੰਦੋਲਨ ਬਣ ਚੁੱਕਾ ਹੈ, ਲੇਕਿਨ ਇਸਦੇ ਪ੍ਰਭਾਵ ਪੰਜਾਬ ਲਈ ਗੰਭੀਰ ਨਤੀਜੇ ਲਿਆ ਸਕਦੇ ਹਨ, ਜਿਸਨੂੰ ਭਾਰਤ ਸਰਕਾਰ ਸਵੀਕਾਰ ਕਰਨ ਲਈ ਤਿਆਰ ਨਹੀਂ ਹੈ। ਉਨ੍ਹਾਂ ਨੇ ਉਮੀਦ ਪ੍ਰਗਟਾਈ ਕਿ ਕੇਂਦਰ ਸਰਕਾਰ ਬਹੁਤ ਦੇਰੀ ਹੋਣ ਤੋਂ ਪਹਿਲਾਂ ਸਥਿਤੀ ਨੂੰ ਸਮਝੇਗੀ।
ਜਦਕਿ ਸੂਬਾ ਸਰਕਾਰ ਅਤੇ ਪੰਜਾਬ ਕਾਂਗਰਸ ਕਮੇਟੀ ਵਿਚਾਲੇ ਸਹਿਯੋਗ ਦੇ ਮੁੱਦੇ ਸਬੰਧੀ ਇੱਕ ਸੁਆਲ ਦੇ ਜੁਆਬ ਚ ਉਨ੍ਹਾਂ ਨੇ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਮਿਲ ਕੇ ਕੰਮ ਕਰਨਗੇ ਅਤੇ ਪਾਰਟੀ ਦੀ ਪੰਜਾਬ ਦੀ ਸੱਤਾ ਵਿੱਚ ਵਾਪਸੀ ਸੁਨਿਸ਼ਚਿਤ ਕਰਨਗੇ।
ਇਸ ਮੌਕੇ ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਚੋਣ ਘੋਸ਼ਣਾ ਪੱਤਰ ਚ ਕੀਤੇ ਗਏ ਜ਼ਿਆਦਾਤਰ ਵਾਅਦੇ ਪੂਰੇ ਕਰ ਦਿੱਤੇ ਗਏ ਹਨ। ਜਦਕਿ ਕੁਝ ਵਾਅਦੇ ਕੇਂਦਰ ਸਰਕਾਰ ਵੱਲੋਂ ਜੀਐੱਸਟੀ ਦਾ ਬਣਦਾ ਬਕਾਇਆ ਨਾ ਦੇ ਕੇ ਅਤੇ ਪੇਂਡੂ ਵਿਕਾਸ ਫੰਡ ਰੋਕ ਕੇ, ਪੰਜਾਬ ਨਾਲ ਕੀਤੇ ਜਾ ਰਹੇ ਮਤਰੇਈ ਮਾਂ ਵਾਲੇ ਵਤੀਰੇ ਕਾਰਨ ਹਾਲੇ ਪੂਰੇ ਹੋਣੇ ਬਾਕੀ ਹਨ।
ਖੜਗੇ ਕਮੇਟੀ ਵੱਲੋਂ ਚੁੱਕੇ ਗਏ 18 ਪੁਆਇੰਟਾਂ ਬਾਰੇ ਤਿਵਾਡ਼ੀ ਨੇ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਚੋਣ ਘੋਸ਼ਣਾ ਪੱਤਰ ਦੇ ਆਧਾਰ ਤੇ ਕੰਮ ਦੀ ਸਮੀਖਿਆ ਕਰਨਾ ਇਕ ਪੁਰਾਣੇ ਸਮੇਂ ਤੋਂ ਚੱਲ ਰਹੀ ਪ੍ਰਕਿਰਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਹਨ ਕਿ 18 ਪੁਆਇੰਟਾਂ ਵਿਚ ਦਰਜ ਗੱਲਾਂ ਵਿੱਚੋਂ ਜ਼ਿਆਦਾਤਰ ਪਹਿਲਾਂ ਹੀ ਪੂਰੀਆਂ ਹੋ ਚੁੱਕੀਆਂ ਹਨ, ਜਦਕਿ ਬਾਕੀ ਪੂਰੇ ਹੋਣ ਦੀ ਸ਼ੁਰੂਆਤੀ ਦੌਰ ਵਿੱਚ ਹਨ।
ਇਸ ਮੌਕੇ ਤਿਵਾੜੀ ਨਾਲ ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਪਵਨ ਦੀਵਾਨ, ਰਾਜਪੂਤ ਭਲਾਈ ਬੋਰਡ ਪੰਜਾਬ ਦੇ ਵਾਈਸ ਚੇਅਰਮੈਨ ਗੁਰਮੇਲ ਸਿੰਘ ਪਹਿਲਵਾਨ, ਪੰਜਾਬ ਕਾਂਗਰਸ ਸਕੱਤਰ ਸਤਵਿੰਦਰ ਸਿੰਘ ਜਵੱਦੀ ਵੀ ਮੌਜੂਦ ਰਹੇ।

Spread the love