ਭਰਾਵਾਂ ਦੀ ਜੋੜੀ ਨੇ ਸੰਯੁਕਤ ਖੇਤੀ ਦੀ ਜੁਗਤ ਲੜਾਈ, ਢਾਈ ਏਕੜ ’ਚ ਸਾਲਾਨਾ 10 ਲੱਖ ਦੀ ਕਮਾਈ

_BROTHERS FROM VILLAGE ALKARA SCRIPT
ਭਰਾਵਾਂ ਦੀ ਜੋੜੀ ਨੇ ਸੰਯੁਕਤ ਖੇਤੀ ਦੀ ਜੁਗਤ ਲੜਾਈ, ਢਾਈ ਏਕੜ ’ਚ ਸਾਲਾਨਾ 10 ਲੱਖ ਦੀ ਕਮਾਈ
ਅਲਕੜੇ ਦੇ ਮਨਜੀਤ ਸਿੰਘ ਅਤੇ ਚਮਕੌਰ ਸਿੰਘ 25 ਸਾਲਾਂ ਤੋਂ ਕਰ ਰਹੇ ਹਨ ਮੱਛੀ ਪਾਲਣ
ਕਰੀਬ 10 ਸਾਲ ਪਹਿਲਾਂ ਮੱਛੀ ਤਲਾਅ ’ਚ ਬਣਾਇਆ ਪੋਲਟਰੀ ਫਾਰਮ

ਭਦੌੜ/ਬਰਨਾਲਾ, 14 ਦਸੰਬਰ 2022

ਜ਼ਿਲ੍ਹਾ ਬਰਨਾਲਾ ਦੇ ਪਿੰਡ ਅਲਕੜੇ ਦੇ ਅਗਾਂਹਵਧੂ ਭਰਾਵਾਂ ਨੇ ਸੰਯੁਕਤ ਖੇਤੀ ਤਕਨੀਕ ਅਪਣਾ ਕੇ ਮਿਸਾਲ ਕਾਇਮ ਕੀਤੀ ਹੈ, ਜਿਸ ਨਾਲ ਉਹ ਚੌਖੀ ਆਮਦਨ ਹਾਸਲ ਕਰ ਰਹੇ ਹਨ।  ਕਰੀਬ 25 ਸਾਲਾਂ ਤੋਂ ਮੱਛੀ ਪਾਲਣ ਕਿੱਤੇ ਨਾਲ ਜੁੜੇ ਤੇ ਜ਼ਿਲ੍ਹੇ ਦੇ ਪੁਰਾਣੇ ਮੱਛੀ ਪਾਲਕਾਂ ’ਚ ਸ਼ੁਮਾਰ ਕਿਸਾਨ ਮਨਜੀਤ ਸਿੰਘ ਅਤੇ ਚਮਕੌਰ ਸਿੰਘ ਪੁੱਤਰ ਗਿਆਨ ਸਿੰਘ ਵਾਸੀ ਅਲਕੜੇ ਨੇ ਲਗਭਗ 10 ਸਾਲ ਪਹਿਲਾਂ ਜਦੋਂ ਮੁਰਗੀ ਪਾਲਣ ਦੀ ਜੁਗਤ ਲਗਾਈ ਤਾਂ ਆਮਦਨ ਹੋਰ ਵਧ ਗਈ ਤੇ ਖਰਚੇ ਘਟ ਗਏ।

ਹੋਰ ਪੜ੍ਹੋ – ਸਿਹਤ ਵਿਭਾਗ ਵੱਲੋਂ ਪਿੰਡ ਗਹਿਲ ‘ਚ ਮੋਤੀਆ ਮੁਕਤ ਅਭਿਆਨ ਤਹਿਤ ਅੱਖਾਂ ਦਾ ਜਾਂਚ ਕੈਂਪ ਅੱਜ

ਕਿਸਾਨ ਮਨਜੀਤ ਸਿੰਘ (55) ਵਾਸੀ ਅਲਕੜੇ ਨੇ ਦੱਸਿਆ ਕਿ ਉਸ ਨੇ ਕਰੀਬ 25 ਸਾਲ ਪਹਿਲਾਂ ਮੱਛੀ ਪਾਲਣ ਦਾ ਧੰਦਾ ਸ਼ੁਰੂ ਕੀਤਾ ਤੇ ਉਸ ਸਮੇਂ ਮੱਛੀ ਪਾਲਣ ਵਿਭਾਗ ਸੰਗਰੂਰ ਤੋਂ ਸਿਖਲਾਈ ਲਈ ਤੇ ਸਬਸਿਡੀ ਵੀ ਹਾਸਲ ਕੀਤੀ। ਮਨਜੀਤ ਸਿੰਘ ਨੇ ਦੱਸਿਆ ਕਿ ਉਸ ਨੇ ਢਾਈ ਏਕੜ ਵਿਚ ਮੱਛੀ ਤਲਾਅ ਬਣਾਇਆ ਤੇ ਸਰਕਾਰੀ ਪੂੰਗ ਫਾਰਮ ਸੰਗਰੂਰ ਤੇ ਬੇਨੜਾ (ਸੰਗਰੂਰ) ਤੋਂ ਪੂੰਗ ਲਿਆਉਣਾ ਸ਼ੁਰੂ ਕੀਤਾ। ਇਸ ਦੌਰਾਨ ਉਸ ਨੂੰ ਮੱਛੀਆਂ ਲਈ ਖੁਰਾਕ (ਫੀਡ) ਅਤੇ ਤਲਾਅ ਲਈ ਖਾਦ ਵੱਖਰੀ ਪਾਉਣੀ ਪੈਂਦੀ ਸੀ। ਕਰੀਬ 10 ਸਾਲ ਪਹਿਲਾਂ ਉਸ ਨੇ ਤਲਾਅ ਵਿਚ ਹੀ ਥੰਮ ਬਣਾ ਕੇ ਪੋਲਟਰੀ ਫਾਰਮ ਬਣਾ ਲਿਆ ਤਾਂ ਜੋ ਮੁਰਗੀਆਂ ਦੀਆਂ ਬਿੱਠਾਂ ਸਿੱਧੀਆਂ ਪਾਣੀ ਵਿਚ ਜਾ ਸਕਣ ਅਤੇ ਮੱੱਛੀਆਂ ਦੀ ਖੁਰਾਕ ਦੀ ਪੂਰਤੀ ਹੋ ਸਕੇ। ਹੁਣ 10 ਸਾਲਾਂ ਤੋਂ ਉਸ
ਨੂੰ ਮੱਛੀਆਂ ਨੂੰ ਵੱਖਰੀ ਫੀਡ ਪਾਉਣ ਦੀ ਜ਼ਰੂਰਤ ਨਹੀਂ ਪਈ।

ਪੋਲਟਰੀ ਫਾਰਮ ਵਿਚ ਕਰੀਬ 1000 ਮੁਰਗੀਆਂ ਹਨ ਤੇ ਲਗਭਗ ਇਨ੍ਹੀ ਹੀ ਖੁਰਾਕ ਰੋਜ਼ਾਨਾ ਮੱਛੀਆਂ ਨੂੰ ਲੋੜੀਂਦੀ ਹੈ। ਇਸ ਤੋਂ ਇਲਾਵਾ ਤਲਾਅ ਦਾ ਜੈਵਿਕ ਖਾਧ ਵਾਲਾ ਪਾਣੀ ਫਸਲਾਂ ਨੂੰ ਸਿੰਜਾਈ ਲਈ ਵਰਤਦੇ ਹਾਂ, ਜਿਸ ਨਾਲ ਰੇਆਂ-ਸਪਰੇਆਂ ਦੀ ਘੱਟ ਲੋੜ ਪੈਂਦੀ ਹੈ ਤੇ ਝਾੜ ਵੱਧ ਨਿਕਲਦਾ ਹੈ। ਉਹ ਕਰੀਬ 18 ਕਿੱਲੇ ਆਪਣੀ ਜ਼ਮੀਨ ਅਤੇ 50 ਕਿੱਲੇ ਠੇਕੇ ’ਤੇ ਲੈ ਕੇ ਖੇਤੀ ਕਰਦੇ ਹਨ।ਉਨ੍ਹਾਂ ਦੱੱਸਿਆ ਕਿ ਉਹ 100 ਰੁਪਏ ਪ੍ਰਤੀ ਹਜ਼ਾਰ ਦੀ ਦਰ ਨਾਲ ਮੱਛੀ ਦਾ ਪੂੰਗ ਸਰਕਾਰੀ ਪੂੰਗ ਫਾਰਮ ਸੰਗਰੂਰ ਤੋਂ ਖਰੀਦਦੇ ਹਨ, ਜੋ ਕਿ ਹਰੇਕ ਸਾਲ ਤਲਾਅ ’ਚ ਪਾਉਂਦੇ ਹਨ ਤੇ ਹਰੇਕ ਸਾਲ 70 ਤੋਂ 80 ਕੁਇੰਟਲ ਮੱਛੀ ਦੀ ਵਿਕਰੀ ਫਾਰਮ ਤੋਂ ਹੀ ਹੋ ਜਾਂਦੀ ਹੈ ਤੇ ਸਾਲਾਨਾ ਕਰੀਬ 8 ਲੱਖ ਦੀ ਕਮਾਈ ਹੁੰਦੀ ਹੈ। ਇਸ ਤੋਂ ਇਲਾਵਾ ਮੁਰਗੀਆਂ ਦੇ ਅੰਡਿਆਂ ਤੇ ਮੀਟ ਤੋਂ ਕਰੀਬ 2 ਲੱਖ ਦੀ ਸਾਲਾਨਾ ਕਮਾਈ ਹੁੰਦੀ ਹੈ। ਉਸ ਨੇ ਦੱਸਿਆ ਕਿ ਨਾਲ ਹੀ ਉਹ ਪਸ਼ੂ ਪਾਲਣ ਦਾ ਕਿੱਤਾ ਵੀ ਕਰਦੇ ਹਨ।ਇਸ ਦੌਰਾਨ ਮੱਛੀ ਪਾਲਣ ਅਫਸਰ ਬਰਨਾਲਾ ਲਵਪ੍ਰੀਤ ਸਿੰਘ ਨੇ ਕਿਸਾਨ ਦੇ ਫਾਰਮ ਦਾ ਦੌਰਾ ਕੀਤਾ। ਉਨ੍ਹਾਂ ਦੱਸਿਆ ਕਿ ਕਿਸਾਨ ਮਨਜੀਤ ਸਿੰਘ ਵੱਲੋਂ ਤਲਾਅ ਵਿਚ ਆਕਸੀਜਨ ਦੀ ਮਾਤਰਾ ਸਥਿਰ ਰੱਖਣ ਲਈ ਰੋਜ਼ਾਨਾ ਸਵੇਰੇ ਕਰੀਬ ਇਕ ਘੰਟਾ ਏਰੀਏਟਰ ਚਲਾਇਆ ਜਾਂਦਾ ਹੈ, ਜਿਸ ਨਾਲ ਆਕਸੀਜਨ ਦੀ ਕਮੀ ਦੀ ਦਿੱਕਤ ਪੇਸ਼ ਨਹੀਂ ਆਉਂਦੀ।

ਡਿਪਟੀ ਕਮਿਸ਼ਨਰ ਨੇ ਕੀਤੀ ਸ਼ਲਾਘਾ

ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀਮਤੀ ਪੂਨਮਦੀਪ ਕੌਰ ਨੇ ਪਿੰਡ ਅਲਕੜੇ ਦੇ ਕਿਸਾਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਦੋਵੇਂ ਕਿਸਾਨ ਹੋਰਨਾਂ ਲਈ ਮਿਸਾਲ ਹਨ ਜਿਨ੍ਹਾਂ ਨੇ ਢਾਈ ਦਹਾਕਿਆਂ ਤੋਂ ਮੱਛੀ ਪਾਲਣ ਦਾ ਸਹਾਇਕ ਕਿੱਤਾ ਅਪਣਾਇਆ ਹੋਇਆ ਹੈ ਤੇ ਹੁਣ ਮੁਰਗੀ ਪਾਲਣ, ਪਸ਼ੂ ਪਾਲਣ ਅਪਣਾ ਕੇ ਸੰਯੁਕਤ ਖੇਤੀ ਕਰ ਰਹੇ ਹਨ।

ਨੌਜਵਾਨਾਂ ਨੂੰ ਸੇਧ ਲੈਣ ਦਾ ਸੱਦਾ

ਸਹਾਇਕ ਡਾਇਰੈਕਟਰ ਮੱਛੀ ਪਾਲਣ ਬਰਨਾਲਾ ਸ੍ਰੀ ਰਾਕੇਸ਼ ਕੁਮਾਰ ਨੇ ਦੱਸਿਆ ਕਿ ਮਨਜੀਤ ਸਿੰਘ ਪਿਛਲੇ ਲੰਮੇ ਸਮੇਂ ਤੋਂ ਵਿਭਾਗ ਦੇ ਸਹਿਯੋਗ ਬਹੁਤ ਵਧੀਆ ਤਰੀਕੇ ਨਾਲ ਸੰਯੁਕਤ ਖੇਤੀ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਨਵੇਂ ਮੱਛੀ ਪਾਲਕ ਤੇ ਨੌਜਵਾਨ ਅਜਿਹੇ ਤਜਰਬੇਕਾਰ ਕਿਸਾਨਾਂ ਤੋਂ ਸੇਧ ਲੈ ਕੇ ਆਪਣੀ ਆਮਦਨ ’ਚ ਵਾਧਾ ਕਰਨ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਹਰ ਮਹੀਨੇ ਮੁਫਤ ਸਿਖਲਾਈ ਦਿੱਤੀ ਜਾਂਦੀ ਹੈ ਤੇ ਵੱਖ ਵੱਖ ਸਕੀਮਾਂ ਤਹਿਤ ਸਬਸਿਡੀ ਵੀ ਦਿੱਤੀ ਜਾਂਦੀ ਹੈ।

Spread the love