ਫਾਜ਼ਿਲਕਾ 8 ਮਾਰਚ 2022
ਪੰਜਾਬ ਸਰਕਾਰ, ਕੇਨ ਕਮਿਸ਼ਨਰ ਪੰਜਾਬ ਤੇ ਸ਼ੂਗਰਫੈੱਡ ਪੰਜਾਬ ਦੀਆਂ ਹਦਾਇਤਾਂ ਮੁਤਾਬਿਕ ਗੰਨਾ ਕਾਸ਼ਤਕਾਰਾਂ ਨੂੰ ਗੰਨੇ ਦੀ ਸਾਂਭ-ਸੰਭਾਲ, ਗੰਨੇ ਦੇ ਸਰਵ-ਪੱਖੀ ਵਿਕਾਸ, ਗੰਨੇ ਦੀ ਫ਼ਸਲ ਨੂੰ ਲੱਗਣ ਵਾਲੇ ਕੀੜੇ ਤੇ ਬਿਮਾਰੀਆਂ ਤੋਂ ਬਚਾਉਣ ਲਈ ਅਤੇ ਗੰਨੇ ਦਾ ਵੱਧ ਤੋਂ ਵੱਧ ਝਾੜ ਲੈਣ ਲਈ ਗੰਨੇ ਦੀ ਬਿਜਾਈ ਦੀਆਂ ਨਵੀਆਂ ਤਕਨੀਕਾਂ ਬਾਰੇ ਭਰਪੂਰ ਜਾਣਕਾਰੀ ਦੇਣ ਵਾਸਤੇ ਫ਼ਾਜ਼ਿਲਕਾ ਸਹਿਕਾਰੀ ਖੰਡ ਮਿੱਲ ਵੱਲੋਂ ਆਪਣੇ ਮਿੱਲ ਏਰੀਏ ਵਿੱਚ ਮਿਤੀ 8.03.2022 ਨੂੰ ਇਕ ਕਿਸਾਨ ਟ੍ਰੇਨਿੰਗ ਕੈਂਪ (ਸੈਮੀਨਾਰ) ਪਿੰਡ ਬੇਗਾਂ ਵਾਲੀ ਦੇ ਅਗਾਂਹਵਧੂ ਗੰਨਾ ਕਾਸ਼ਤਕਾਰ ਸ਼੍ਰੀ ਸੁਰਿੰਦਰ ਕੁਮਾਰ ਝੀਂਜਾ ਸਪੁੱਤਰ ਸ਼੍ਰੀ ਹਰੀ ਚੰਦ ਝੀਂਜਾ ਦੇ ਖੇਤ ਵਿੱਚ ਲਗਵਾਇਆ ਗਿਆ।ਜਿਸ ਵਿੱਚ ਤਕਰੀਬਨ 200 ਗੰਨਾ ਕਾਸ਼ਤਕਾਰਾਂ ਨੇ ਹਿੱਸਾ ਲਿਆ।
ਹੋਰ ਪੜ੍ਹੇਂ :-ਜ਼ਿਲ੍ਹਾ ਪੱਧਰ ਤੇ ਮੱਲਾ ਮਾਰਨ ਵਾਲੇ ਵਿਦਿਆਰਥੀ ਤੇ ਅਧਿਆਪਕ ਸਨਮਾਨਿਤ
ਇਸ ਟ੍ਰੇਨਿੰਗ ਕੈਂਪ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਤਰੀ ਖੋਜ ਕੇਂਦਰ ਕਪੂਰਥਲਾ ਦੇ ਡਾਇਰੈਕਟਰ-ਕਮ-ਪ੍ਰਿੰਸੀਪਲ ਸਾਈਂਟਿਸਟ ਡਾ.ਗੁਲਜਾਰ ਸਿੰਘ ਸੰਘੇੜਾ, ਸੀਨੀਅਰ ਸੁਆਇਲ ਸਾਈਂਟਿਸਟ ਡਾ.ਰਾਜਨ ਭੱਟ ਤੋਂ ਇਲਾਵਾ ਮਾਨਯੋਗ ਕੇਨ ਕਮਿਸ਼ਨਰ, ਪੰਜਾਬ, ਦੇ ਨੁਮਾਇੰਦੇ ਡਾ. ਸੁਰਜੀਤ ਸਿੰਘ ਸਹਾਇਕ ਗੰਨਾ ਵਿਕਾਸ ਅਫ਼ਸਰ, ਫਰੀਦਕੋਟ, ਏ.ਡੀ.ਓ. ਸ਼੍ਰੀ ਨਵਿੰਦਰਪਾਲ ਸਿੰਘ ਤੇ ਸ਼੍ਰੀ ਪਰਮਿੰਦਰ ਸਿੰਘ, ਮਿੱਲ ਦੇ ਚੇਅਰਮੈਨ ਸ੍ਰੀ ਅਸ਼ਵਨੀ ਕੁਮਾਰ ਅਤੇ ਬੋਰਡ ਆਫ ਡਾਇਰੈਕਟਰਜ਼, ਮਿੱਲ ਦੇ ਜਨਰਲ ਮੈਨੇਜਰ ਸ੍ਰ.ਕੰਵਲਜੀਤ ਸਿੰਘ ਅਤੇ ਗੰਨਾ ਵਿਭਾਗ ਦਾ ਕੰਮ ਕਾਜ ਦੇਖ ਰਹੇ ਸ਼੍ਰੀ ਪ੍ਰਿਥੀ ਰਾਜ, ਗੰਨਾ ਵਿਕਾਸ ਇੰਸਪੈਕਟਰ ਨੇ ਇਸ ਸੈਮੀਨਾਰ ਵਿੱਚ ਭਾਗ ਲਿਆ ਇਸ ਕਿਸਾਨ ਟ੍ਰੇਨਿੰਗ ਕੈਂਪ ਵਿੱਚ ਖ਼ਾਸ ਤੌਰ `ਤੇ ਪੁੱਜੇ ਡਾ.ਗੁਲਜਾਰ ਸਿੰਘ ਸੰਘੇੜਾ, ਪ੍ਰਿੰਸੀਪਲ ਸਾਈਂਟਿਸਟ, ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ, ਵੱਲੋਂ ਕਿਸਾਨਾਂ ਨੂੰ ਗੰਨੇ ਦੀਆਂ ਨਵੀਂਆਂ ਕਿਸਮਾਂ ਬਾਰੇ ਜਾਣਕਾਰੀ ਦਿੰਦਿਆਂ ਇਸ ਗੱਲ `ਤੇ ਜ਼ੋਰ ਦਿੱਤਾ ਗਿਆ ਕਿ ਗੰਨੇ ਦੀ ਫ਼ਸਲ ਤੋਂ ਚੰਗਾ ਝਾੜ ਲੈਣ ਲਈ ਗੰਨੇ ਦੇ ਬੀਜ ਦੀ ਸਹੀ ਚੋਣ ਕਰਨਾ ਜ਼ਰੂਰੀ ਹੈ।
ਗੰਨੇ ਦੀਆਂ ਅਗੇਤੀਆਂ ਨਵੀਂਆਂ ਕਿਸਮਾਂ ਜਿਵੇਂ ਕਿ ਕੋਪੀਬੀ95 ਅਤੇ ਕੋ 0118 ਆਦਿ ਹੇਠ ਵੱਧ ਤੋਂ ਵੱਧ ਰਕਬਾ ਲਿਆਂਦਾ ਜਾਵੇ ਅਤੇ ਗੰਨਾ ਬੀਜ ਨਰਸਰੀਆਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ਸੀਨੀਅਰ ਸੁਆਇਲ ਸਾਈਂਟਿਸਟ ਡਾ.ਰਾਜਨ ਭੇਂਟ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਕਿਸਾਨ ਵੀਰ ਗੰਨੇ ਦੀ ਫ਼ਸਲ `ਤੇ ਖਰਚੇ ਦੀ ਬੱਚਤ ਕਰਨ ਲਈ ਆਪਣੇ ਖੇਤ ਦੀ ਮਿੱਟੀ ਦੀ ਪਰਖ ਜਰੂਰ ਕਰਵਾਉਂਣ ਅਤੇ ਖਾਦਾਂ ਦੀ ਵਰਤੋਂ ਲੋੜ ਅਨੁਸਾਰ ਹੀ ਕਰਨ ਤਾਂ ਕਿ ਗੰਨੇ ਦੀ ਫ਼ਸਲ `ਤੇ ਖਰਚਾ ਘਟਾਇਆ ਜਾ ਸਕੇ। ਖੇਤ ਵਿੱਚ ਹਰੀਆਂ ਖਾਦਾਂ ਦਬਾ ਕੇ ਵੀ ਖੇਤ ਦੀ ਉਪਜਾਊ ਸ਼ਕਤੀ ਵਧਾਈ ਜਾ ਸਕਦੀ ਹੈ ਜਾਂ ਗੰਨੇ ਦੀ ਖੇਤੀ ਵਿੱਚ ਨਵੀਂਆਂ ਤਕਨੀਕਾਂ ਅਪਣਾ ਕੇ ਵੀ ਗੰਨੇ ਦਾ ਵੱਧ ਝਾੜ ਪ੍ਰਾਪਤ ਕੀਤਾ ਜਾ ਸਕਦਾ ਹੈ।
ਮਿੱਲ ਦੇ ਜਨਰਲ ਮੈਨੇਜਰ ਸ੍ਰ.ਕੰਵਲਜੀਤ ਸਿੰਘ ਵੱਲੋਂ ਗੰਨੇ ਦੀ ਫ਼ਸਲ `ਤੇ ਲੱਗਣ ਵਾਲੇ ਕੀੜੇ ਮਕੌੜਿਆਂ ਤੇ ਬਿਮਾਰੀਆਂ ਦੀ ਰੋਕਥਾਮ ਲਈ ਭਰਪੂਰ ਜਾਣਕਾਰੀ ਦਿੰਦਿਆਂ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਗਈ ਕਿ ਕਿਉਂ ਜੋ ਮੌਜੂਦਾ ਸਮੇਂ ਮਿੱਲ ਗੰਨੇ ਦੀ ਘਾਟ ਦਾ ਸਾਹਮਣਾ ਕਰ ਰਹੀ ਹੈ ਅਤੇ ਇਸ ਬਾਰਡਰ ਏਰੀਏ ਵਿੱਚ ਸਿਰਫ਼ ਇਕੋ ਹੀ ਖੇਤੀ ਆਧਾਰਿਤ ਉਦਯੋਗਿਕ ਅਦਾਰਾ ਹੈ, ਇਸ ਲਈ ਇਸ ਨੂੰ ਕਾਮਯਾਬ ਕਰਨ ਲਈ ਸਪਰਿੰਗ ਸੀਜ਼ਨ 2022 ਦੌਰਾਨ ਕਿਸਾਨ ਗੰਨੇ ਦੀ ਬਿਜਾਈ ਵੱਧ ਤੋਂ ਵੱਧ ਕਰਨ ਤਾਂ ਕਿ ਗੰਨੇ ਪੱਖੋਂ ਇਹ ਮਿੱਲ ਆਪਣੇ ਪੈਰਾਂ `ਤੇ ਖੜੀ ਹੋ ਸਕੇ । ਉਨ੍ਹਾਂ ਵੱਲੋਂ ਇਸ ਕਿਸਾਨ ਟ੍ਰੇਨਿੰਗ ਕੈਂਪ (ਸੈਮੀਨਾਰ) ਵਿੱਚ ਆਏ ਹੋਏ ਸਾਇੰਸਦਾਨਾਂ ਅਤੇ ਗੰਨਾ ਕਾਸ਼ਤਕਾਰਾਂ ਦਾ ਧੰਨਵਾਦ ਕੀਤਾ। ਸਟੇਜ ਦਾ ਸੰਚਾਲਨ ਸ਼੍ਰੀ ਪ੍ਰਿਥੀ ਰਾਜ, ਗੰਨਾ ਵਿਕਾਸ ਇੰਸਪੈਕਟਰ ਦੁਆਰਾ ਕੀਤਾ ਗਿਆ।