ਸੰਤੋਖਪੁਰਾ ਇਲਾਕੇ ਦੇ ਲੋਕ ਇਕ ਮਹੀਨੇ ਤੋਂ ਗੰਦਾ ਪਾਣੀ ਪੀਣ ਲਈ ਮਜ਼ਬੂਰ
ਫਗਵਾੜਾ ,08 ਦਸੰਬਰ 2021
ਕਾਂਗਰਸ ਰਾਜ ਵਿਚ ਫਗਵਾੜੇ ਦੇ ਸੰਤੋਖਪੁਰਾ ਇਲਾਕੇ ਦੇ ਵਸਨੀਕਾਂ ਨੂੰ ਪੀਣ ਲਈ ਸੀਵਰੇਜ ਮਿਲਿਆ ਗੰਦਾ ਪਾਣੀ ਮਿਲ ਰਿਹਾ ਹੈ ਜਿਸ ਕਾਰਨ ਇਲਾਕੇ ਦੇ ਸੈਂਕੜੇ ਲੋਕ ਬੀਮਾਰ ਹੋ ਰਹੇ ਹਨ ਅਤੇ ਮਹਾਮਾਰੀ ਫੈਲਣ ਦਾ ਖਤਰਾ ਬਣਿਆ ਹੋਇਆ ਹੈ।
ਹੋਰ ਪੜ੍ਹੋ :-ਗਿਲਜੀਆਂ ਵਲੋਂ ਸ਼ਡਿਊਲਡ ਕਿਰਤੀਆਂ ਦੀ ਮੰਗਾਂ ਦੇ ਨਿਪਟਾਰੇ ਲਈ ਕਮੇਟੀ ਵਿੱਚ ਤਿੰਨ ਨਵੇਂ ਮੈਂਬਰ ਸ਼ਾਮਲ
ਇਕ ਮਹੀਨੇ ਵਿਚ ਦੂਜੀ ਵਾਰ ਫਗਵਾੜਾ ਸ਼ਹਿਰ ਦੇ ਵਸਨੀਕਾਂ ਨੂੰ ਗੰਦੇ ਪਾਣੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਹੈ ਰਿਹਾ ਹੈ ਜਿਸ ਦੇ ਰੋਸ ਵੱਜੋਂ ਇਲਾਕੇ ਦੇ ਲੋਕਾਂ ਵੱਲੋਂ ਨਗਰ ਨਿਗਮ ਅਤੇ ਪੰਜਾਬ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਜਦੋਂ ਇਲਾਕੇ ਦੇ ਲੋਕਾਂ ਦੀ ਇਸ ਸਮੱਸਿਆ ਬਾਰੇ ਬਸਪਾ ਸੂਬਾ ਪ੍ਰਧਾਨ ਸ. ਜਸਵੀਰ ਸਿੰਘ ਗੜ੍ਹੀ ਨੂੰ ਲੱਗਾ ਤਾਂ ਉਹ ਆਪ ਸੰਤੋਖਪੁਰਾ ਇਲਾਕੇ ਦਾ ਦੌਰਾ ਕਰਨ ਪਹੁੰਚੇ ਅਤੇ ਇਲਾਕਾ ਨਿਵਾਸੀਆਂ ਦੇ ਨਾਲ ਧਰਨੇ ’ਤੇ ਬੈਠੇ। ਪੌਣੇ ਘੰਟੇ ਦੀ ਨਾਹਰੇਬਾਜੀ ਤੋਂ ਬਾਅਦ ਜਦੋਂ ਇਹ ਮਾਮਲਾ ਨਿਗਮ ਪ੍ਰਸ਼ਾਸਨ ਤੱਕ ਪਹੁੰਚਿਆ ਤਾਂ ਮੌਕੇ ’ਤੇ ਨਿਗਮ ਕਮਿਸ਼ਨਰ , ਐਕਸੀਅਨ ਵਾਟਰ ਸਪਲਾਈ ਵਿਭਾਗ ਅਤੇ ਐਮ. ਸੀ. ਸ਼੍ਰੀ ਰਣਜੀਤ ਖੁਰਾਣਾ ਮੌਕੇ ’ਤੇ ਪਹੁੰਚੇ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਸੋਮਵਾਰ ਤੱਕ ਗੰਦੇ ਪਾਣੀ ਦੀ ਸਮੱਸਿਆ ਦਾ ਹੱਲ ਕਰ ਦਿੱਤਾ ਜਾਵੇਗਾ ਅਤੇ ਇਲਾਕੇ ਦੇ ਲੋਕਾਂ ਲਈ ਹਰ ਰੋਜ਼ ਪਾਣੀ ਦਾ ਟੈਂਕਰ ਭੇਜਿਆ ਜਾਵੇਗਾ।
ਸ. ਗੜ੍ਹੀ ਨੇ ਦੱਸਿਆ ਕਿ ਕੱਲ ਜਦੋਂ ਨਿਗਮ ਨੇ ਪੀਣ ਵਾਲੇ ਪਾਣੀ ਦਾ ਟੈਂਕਰ ਭੇਜਿਆ ਤਾਂ ਉਸ ਵਿਚ ਵੀ ਗੰਦਾ ਪਾਣੀ ਸੀ ਜਿਸ ਤੋਂ ਸਾਬਿਤ ਹੁੰਦਾ ਹੈ ਕਿ ਕਾਂਗਰਸ ਦੇ ਰਾਜ ਵਿਚ ਦਲਿਤ ਬਸਤੀਆਂ ਵਿਚ ਰਹਿਣ ਵਾਲੇ ਲੋਕਾਂ ਦੀ ਕੋਈ ਫਿਕਰ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਸ਼ਿਵਪੁਰੀ, ਪੀਪਾਰੰਗੀ ਅਤੇ ਸ਼ਾਮ ਨਗਰ ਵਿਚ ਗੰਦਾ ਪਾਣੀ ਪੀਣ ਨਾਲ 8 ਫਗਵਾੜਾ ਵਾਸੀਆਂ ਦੀ ਮੌਤ ਹੋ ਗਈ ਸੀ ਅਤੇ ਹਜ਼ਾਰਾਂ ਲੋਕ ਬੀਮਾਰ ਹੋ ਗਏ ਸਨ। ਲੋਕਾਂ ਨੇ ਪ੍ਰਾਈਵੇਟ ਹਸਪਤਾਲਾਂ ਵਿਚ ਇਲਾਜ ਲਈ ਲੱਖਾਂ ਰੁਪਏ ਖਰਚ ਕੀਤੇ ਪਰ ਕਾਂਗਰਸ ਪ੍ਰਸ਼ਾਸਨ ਨੇ ਇਸ ਤੋਂ ਕੋਈ ਸਬਕ ਨਹੀਂ ਲਿਆ।
8 ਲੋਕਾਂ ਦੇ ਸਿਵਿਆਂ’ਤੇ ਬੈਠੇ ਕਾਂਗਰਸ ਦੇ ਪ੍ਰਸ਼ਾਸਨ ਨੇ ਫਗਵਾੜੇ ਦੇ ਲੋਕਾਂ ਨੂੰ ਕੋਈ ਰਾਹਤ ਨਹੀਂ ਦਿੱਤੀ। ਸ. ਗੜ੍ਹੀ ਨੇ ਦੱਸਿਆ ਕਿ ਅਸੀਂ ਖੁਦ ਇਲਾਕੇ ਦਾ ਦੌਰਾ ਕੀਤਾ ਤਾਂ ਪਾਇਆ ਕਿ ਲੋਕ ਨਰਕ ਭਰੀ ਜ਼ਿੰਦਗੀ ਜਿਉਣ ਦੇ ਲਈ ਮਜ਼ਬੂਰ ਹਨ। ਇਲਾਕੇ ਵਿਚ ਗੰਦੇ ਪਾਣੀ ਦੀ ਬਦਬੂ ਨਾਲ ਬੁਰਾ ਹਾਲ ਸੀ। ਲੋਕਾਂ ਨੇ ਸੀਵਰੇਜ ਦੇ ਢੱਕਣ ਖੋਲ੍ਹਕੇ ਉਨ੍ਹਾਂ ਵਿਚ ਰੱਸੇ ਪਾਏ ਹੋਏ ਸਨ। ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਰੋਜ਼ ਸੀਵਰੇਜ ਬਲਾਕ ਹੋ ਜਾਂਦੇ ਹਨ ਅਤੇ ਉਹ ਆਪ ਢੱਕਣ ਚੁੱਕ ਕੇ ਇਕ ਸਿਰੇ ਤੋਂ ਦੂਜੇ ਸਿਰੇ ਤੱਕ ਰੱਸੀਆਂ ਫੜਕੇ ਖਿੱਚਦੇ ਹਨ ਤਾਂ ਜੋ ਸੀਵਰੇਜ ਦੀ ਬਲਾਕੇਜ ਖੁੱਲ੍ਹ ਜਾਵੇ। ਸ. ਗੜ੍ਹੀ ਨੇ ਕਿਹਾ ਕਿ ਇਲਾਕੇ ਨੂੰ ਦੇਖ ਕੇ ਇੰਝ ਲੱਗ ਹੀ ਨਹੀਂ ਰਿਹਾ ਸੀ ਕਿ ਇਹ ਗੁਰੂਆਂ ਪੀਰਾਂ ਦੀ ਧਰਤੀ ਹੈ। ਸ. ਗੜ੍ਹੀ ਨੇ ਚੇਤਾਵਨੀ ਦਿੱਤੀ ਕਿ ਜੇਕਰ ਪ੍ਰਸ਼ਾਸਨ ਨੇ ਸੋਮਵਾਰ ਤੱਕ ਇਲਾਕੇ ਦੇ ਲੋਕਾਂ ਦੀ ਸਮੱਸਿਆ ਨੂੰ ਦੂਰ ਨਾ ਕੀਤਾ ਤਾਂ ਬਹੁਜਨ ਸਮਾਜ ਪਾਰਟੀ ਵੱਡੇ ਪੱਧਰ ’ਤੇ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕਰੇਗੀ।
ਇਸ ਮੌਕੇ ਉਨ੍ਹਾਂ ਨਾਲ ਸੂਬਾ ਸਕੱਤਰ ਹਰਭਜਨ ਬੱਲਾਲੋਂ, ਚਰੰਜੀ ਲਾਲ ਕਾਲਾ, ਮਨੋਹਰ ਲਾਲ ਜੱਖੂ, ਲੇਖਰਾਜ ਜਮਾਲਪੁਰ, ਇੰਜ. ਪ੍ਰਦੀਪ ਮੱਲ, ਬਲਵਿੰਦਰ ਬੋਧ, ਮਨਜੀਤ ਕੌਰ, ਸੋਨੂੰ ਕੁਮਾਰੀ, ਦਾਣੀ ਸੰਤੋਖਪੁਰਾ, ਦੀਪਾ ਸੰਤੋਖਪੁਰਾ, ਹੈਪੀ ਸੰਤੋਖਪੁਰਾ, ਮਿੰਦਰ, ਰਾਮ ਕਿਸ਼ਨ, ਕਮਲਜੀਤ ਕੌਰ, ਭੁਪਿੰਦਰ ਕੌਰ, ਰੇਸ਼ਮ ਕੁਮਾਰ, ਰਣਜੀਤ ਸੰਤੋਖਪੁਰਾ, ਮਨੀ ਅੰਬੇਡਕਰੀ, ਸੰਦੀਪ ਕੋਲ੍ਸਰ, ਅਮਰਜੀਤ ਖੁੱਤਨ, ਅਸ਼ੋਕ ਕੁਮਾਰ, ਪਰਵੀਨ ਕੁਮਾਰ, ਸਾਗਰ, ਆਦਿ ਸ਼ਾਮਲ ਸਨ।