ਡਿਪਟੀ ਕਮਿਸ਼ਨਰ ਵੱਲੋਂ ਪ੍ਰੋਸਟੇਟ ਕੈਂਸਰ ਦੇ ਮੁੱਢਲੇ ਗਿਆਨ ਸਬੰਧੀ ਕਿਤਾਬ ਰੀਲੀਜ਼

ਲੁਧਿਆਣਾ, 17 ਅਗਸਤ 2021 ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਸ਼ਰਮਾ ਵੱਲੋਂ ਅੱਜ ਪ੍ਰੋਸਟੇਟ ਕੈਂਸਰ ਦੇ ਮੁੱਢਲੇ ਗਿਆਨ ਸੰਬੰਧੀ ਪੰਜਾਬੀ ਵਿੱਚ ਆਮ ਲੋਕਾਂ ਲਈ ਲਿਖੀ ਕਿਤਾਬ ਰਿਲੀਜ਼ ਕੀਤੀ।
ਇਸ ਪੁਸਤਕ ਦੇ ਲੇਖਕ ਸਟੇਟ ਐਵਾਰਡੀ ਡਾ. ਬਲਦੇਵ ਸਿੰਘ ਔਲਖ, ਮੁੱਖ ਯੂਰੋਲੋਜਿਸਟ ਅਤੇ ਟ੍ਰਾਂਸਪਲਾਂਟ ਸਰਜਨ, ਆਇਕਾਈ ਹਸਪਤਾਲ, ਲੁਧਿਆਣਾ ਹਨ। ਪ੍ਰੋਸਟੇਟ ਕੈਂਸਰ 50 ਸਾਲ ਤੋਂ ਵੱਧ ਉਮਰ ਦੇ ਮਰਦਾਂ ਨੂੰ ਪ੍ਰਭਾਵਤ ਕਰਨ ਵਾਲੇ ਆਮ ਕੈਂਸਰਾਂ ਵਿੱਚੋਂ ਇੱਕ ਹੈ ਅਤੇ ਇਹ ਵੱਖੋ-ਵੱਖਰੇ ਮਰੀਜ਼ਾਂ ਨੂੰ ਵੱਖਰੇ ਤੌਰ ਤੇ ਪ੍ਰਭਾਵਤ ਕਰਦਾ ਹੈ। ਇਸ ਮੌਕੇ ਐਡਵੋਕੇਟ ਹਰਪ੍ਰੀਤ ਸੰਧੂ ਵੀ ਹਾਜ਼ਰ ਸਨ।
ਇਸ ਲਈ ਜਨਤਾ ਨੂੰ ਯੋਗਤਾ ਪ੍ਰਾਪਤ ਯੂਰੋਲੋਜਿਸਟ ਤੋਂ ਆਪਣੇ-ਆਪਣੇ ਮਾਮਲਿਆਂ ਵਿੱਚ ਇਲਾਜ ਦੇ ਅਸਲ ਕੋਰਸ ਨੂੰ ਜਾਣਨ ਦੀ ਲੋੜ ਹੈ ਅਤੇ ਵਟਸਐਪ, ਇੰਟਰਨੈਟ ਜਾਂ ਅਖੌਤੀ ਅਨਪੜ੍ਹ ਮਾਹਰਾਂ ਦੀ ਜਾਣਕਾਰੀ ਦਾ ਸ਼ਿਕਾਰ ਨਾ ਹੋਵੋ। ਕਿਤਾਬ ਪ੍ਰੋਸਟੇਟ ਕੈਂਸਰ ਦੇ ਮਰੀਜ਼ਾਂ ਦੇ ਲੱਛਣਾਂ ਅਤੇ ਸੰਕੇਤਾਂ, ਤਸ਼ਖੀਸ, ਪੜਾਵਾਂ, ਸਰਜਰੀ, ਰੇਡੀਓਥੈਰੇਪੀ, ਹਾਰਮੋਨਲ ਥੈਰੇਪੀ ਅਤੇ ਖੁਰਾਕ ਸਮੇਤ ਇਲਾਜ ਦੇ ਵੱਖੋ ਵੱਖਰੇ ਤਰੀਕਿਆਂ ਬਾਰੇ ਦੱਸਦੀ ਹੈ।
ਡਾ. ਔਲਖ ਨੇ ਕਿਹਾ ਕਿ ਚੰਗੀ ਖ਼ਬਰ ਇਹ ਹੈ ਕਿ ਪ੍ਰੋਸਟੇਟ ਕੈਂਸਰ ਸਭ ਤੋਂ ਜ਼ਿਆਦਾ ਇਲਾਜਯੋਗ ਹੈ ਅਤੇ ਮਰੀਜ਼ਾਂ ਨੂੰ ਨਹੀਂ ਮਾਰ ਸਕਦਾ ਪਰ ਬੁਰੀ ਖ਼ਬਰ ਇਹ ਹੈ ਕਿ ਮਰੀਜ਼ ਬਹੁਤ ਦੇਰ ਨਾਲ ਯੂਰੋਲੋਜਿਸਟ ਨਾਲ ਸਲਾਹ-ਮਸ਼ਵਰਾ ਕਰਦੇ ਹਨ ਕਿਉਂਕਿ ਪ੍ਰੋਸਟੇਟ ਪਿਸ਼ਾਬ ਅਤੇ ਸੈਕਸ ਨਾਲ ਜੁੜਿਆ ਹੋਇਆ ਹੈ। ਇਸ ਲਈ ਜਦੋਂ ਮਰੀਜ਼ ਯੂਰੋਲੋਜਿਸਟ ਕੋਲ ਪਹੁੰਚਦਾ ਹੈ ਤਾਂ ਇਹ ਪਹਿਲਾਂ ਹੀ ਵਿਆਪਕ ਤੌਰ ਤੇ ਫੈਲ ਚੁੱਕਿਆ ਹੁੰਦਾ ਹੈ।
ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ 2021 ਪ੍ਰੋਸਟੇਟ ਕੈਂਸਰ ਦੀਆਂ ਰਿਪੋਰਟਾਂ ਅਨੁਸਾਰ ਭਾਰਤ ਵਿੱਚ 14 ਲੱਖ ਲੋਕ ਪ੍ਰਭਾਵਿਤ ਹੋਏ ਜਿਨ੍ਹਾਂ ਨੇ ਹਸਪਤਾਲ ਦੀ ਸਲਾਹ ਲਈ ਪਰ ਅਸਲ ਗਿਣਤੀ ਇਸ ਤੋਂ ਕਿਤੇ ਜ਼ਿਆਦਾ ਹੈ। ਇਸ ਲਈ ਜਲਦ ਨਿਦਾਨ ਇਲਾਜ ਦੀ ਕੁੰਜੀ ਹੈ। ਇਸ ਕਿਤਾਬ ਵਿੱਚ ਡਾ. ਔਲਖ ਨੇ ਸਲਾਹ ਦਿੱਤੀ ਹੈ ਕਿ ਪੁਰਸ਼ਾਂ ਦੀ 50 ਸਾਲ ਦੀ ਉਮਰ ਤੋਂ ਬਾਅਦ ਨਿਯਮਿਤ ਤੌਰ ‘ਤੇ ਖੂਨ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਡਿਪਟੀ ਕਮਿਸ਼ਨਰ ਨੇ ਕਿਤਾਬ ਦੇ ਸੰਪਾਦਕ ਡਾ. ਔਲਖ ਅਤੇ ਡਾ. ਬਿੰਦਰਾ ਨੂੰ ਆਮ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣ ਲਈ ਇਸ ਪੁਸਤਕ ਨੂੰ ਪੰਜਾਬੀ ਵਿੱਚ ਪ੍ਰਕਾਸ਼ਤ ਕਰਨ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਵਧਾਈ ਦਿੱਤੀ। ਜ਼ਿਨ੍ਹਾਂ ਵਿਅਕਤੀਆਂ ਨੂੰ ਪਿਸ਼ਾਬ ਜਾਂ ਜਿਨਸੀ ਸਮੱਸਿਆ ਹੈ ਉਨ੍ਹਾਂ ਨੂੰ ਤੁਰੰਤ ਯੂਰੋਲੋਜਿਸਟ ਨਾਲ ਸਲਾਹ ਮਸ਼ਵਰਾ ਕਰਨਾ ਚਾਹੀਦਾ ਹੈ।

Spread the love