ਡੇਰਾਬਸੀ ਵਿੱਚ ਲੱਗੇਗਾ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਲਈ ਮਕੈਨੀਕਲ ਸਵੀਪਿੰਗ ਸਿਸਟਮ

ਨਵੀਂ ਕਾਰਜ ਯੋਜਨਾ ਤਹਿਤ, ਪ੍ਰਦੂਸ਼ਣ ਜਾਂਚ ਕੇਂਦਰਾਂ ਨੂੰ ਅਪਗ੍ਰੇਡ ਕੀਤਾ ਅਤੇ ਵਾਹਨਾਂ ਦੇ ਘੜਮੱਸ ਨੂੰ ਦੂਰ ਕਰਨ ਦੇ ਯਤਨ ਕੀਤੇ
ਕਾਰਜ ਯੋਜਨਾ ਬਾਰੇ ਬਾਰੀਕੀ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਵੱਖ -ਵੱਖ ਵਿਭਾਗਾਂ ਦੀਆਂ ਡਿਊਟੀਆਂ ਲਾਈਆਂ
ਏਡੀਸੀ (ਜੀ) ਵੱਲੋਂ ਵਾਹਨਾਂ ਦੇ ਪ੍ਰਦੂਸ਼ਣ ਦੀ ਨਿਯਮਤ ਜਾਂਚ ਕਰਨ ‘ਤੇ ਜ਼ੋਰ
ਪ੍ਰਮੁੱਖ ਉਦਯੋਗਾਂ ਦੇ ਨਾਲ ਤਾਲਮੇਲ ਕਰਕੇ ਇਲੈਕਟ੍ਰਿਕ ਵਾਹਨਾਂ ਦੀ ਚਾਰਜਿੰਗ ਲਈ ਬੁਨਿਆਦੀ ਢਾਂਚਾ ਸਥਾਪਤ ਕਰਨ ਲਈ ਕਿਹਾ
ਐਸ.ਏ.ਐਸ. ਨਗਰ, 14 ਸਤੰਬਰ 2021

ਨਾਨ ਅਟੇਨਮੈਂਟ ਸਿਟੀ (ਪ੍ਰਦੂਸ਼ਿਤ) ਸ਼ਹਿਰ ਦੇ ਟੈਗ ਨੂੰ ਹਟਾਉਣ ਦੇ ਮਕਸਦ ਨਾਲ, ਕਸਬਾ ਡੇਰਾਬਸੀ ਜਲਦੀ ਹੀ ਇੱਕ ਮਕੈਨੀਕਲ ਸਵੀਪਿੰਗ ਸਿਸਟਮ, ਵਾਟਰ ਸਪ੍ਰਿੰਕਲਰ, ਇਲੈਕਟ੍ਰਿਕ ਵਾਹਨ ਚਾਰਜਿੰਗ ਸਟੇਸ਼ਨਾਂ ਅਤੇ ਇਲੈਕਟ੍ਰਿਕ ਵਾਹਨ ਆਧਾਰਤ ਕੂੜਾ ਇਕੱਤਰ ਕਰਨ ਵਾਲੇ ਵਾਹਨਾਂ ਨਾਲ ਲੈਸ ਹੋਵੇਗਾ।

ਇਸ ਬਾਰੇ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਕੋਮਲ ਮਿੱਤਲ ਨੇ ਦੱਸਿਆ ਕਿ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ 94 ਨਾਨ-ਅਟੇਨਮੈਂਟ ਸਿਟੀ (ਐਨਏਸੀ) ਦੀ ਪਛਾਣ ਕੀਤੀ ਹੈ, ਜਿਨ੍ਹਾਂ ਨੇ ਪੂਰੇ ਦੇਸ਼ ਵਿੱਚ ਹਵਾ ਦੀ ਗੁਣਵੱਤਾ ਦੇ ਮਾਪਦੰਡਾਂ ਦੀ ਲਗਾਤਾਰ ਉਲੰਘਣਾ ਕੀਤੀ ਹੈ ਅਤੇ ਡੇਰਾਬਸੀ ਉਨ੍ਹਾਂ ਵਿੱਚੋਂ ਇੱਕ ਹੈ। ਉਨ੍ਹਾਂ ਕਿਹਾ, ਜੇਕਰ 5 ਸਾਲਾਂ ਦੇ ਅਰਸੇ ਦੌਰਾਨ ਕੋਈ ਸ਼ਹਿਰ ਲਗਾਤਾਰ ਨੈਸ਼ਨਲ ਐਂਬੀਐਂਟ ਏਅਰ ਕੁਆਲਿਟੀ ਇੰਡੈਕਸ ਨੂੰ ਪੂਰਾ ਨਹੀਂ ਕਰਦਾ ਤਾਂ ਐਨਏਸੀ ਘੋਸ਼ਿਤ ਕੀਤਾ ਜਾਂਦਾ ਹੈ। ਡੇਰਾਬਸੀ ਵਿੱਚ ਪ੍ਰਦੂਸ਼ਣ ਦੇ ਮਾੜੇ ਪ੍ਰਭਾਵਾਂ ਨੂੰ ਦੂਰ ਕਰਨ ਲਈ ਪਹਿਲਾਂ ਹੀ ਕਾਰਜ ਯੋਜਨਾ ਤਿਆਰ ਹੈ, ਜਿਸ ਵਿੱਚ ਪ੍ਰਦੂਸ਼ਣ ਜਾਂਚ ਕੇਂਦਰ ਪਹਿਲਾਂ ਹੀ ਅਪਗ੍ਰੇਡ ਕੀਤੇ ਜਾ ਚੁੱਕੇ ਹਨ ਅਤੇ ਮੁੱਖ ਲਾਈਟ ਪੁਆਇੰਟਾਂ ‘ਤੇ ਵਾਹਨਾਂ ਦੇ ਘੜਮੱਸ ਨੂੰ ਦੂਰ ਕਰਨ ਦੇ ਯਤਨ ਕੀਤੇ ਜਾ ਰਹੇ ਹਨ।

ਸ੍ਰੀਮਤੀ ਮਿੱਤਲ ਨੇ ਦੱਸਿਆ ਕਿ ਤਹਿਸੀਲ ਰੋਡ ਅਤੇ ਸ਼ਹਿਰ ਦੀ ਸਬਜ਼ੀ ਮੰਡੀ ਦੇ ਨਾਲ ਲੱਗਦੇ ਦੋ ਪਾਰਕਿੰਗ ਜ਼ੋਨਾਂ ਦਾ ਨਿਰਮਾਣ ਕਾਰਜ ਪਹਿਲਾਂ ਹੀ ਸ਼ੁਰੂ ਹੋ ਚੁੱਕਾ ਹੈ। ਉਨ੍ਹਾਂ ਵਿਸ਼ੇਸ਼ ਤੌਰ ‘ਤੇ ਦੱਸਿਆ ਕਿ ਟ੍ਰੈਫਿਕ ਪੁਲਿਸ ਸੈਂਸਿੰਗ ਪ੍ਰਣਾਲੀਆਂ ਦੇ ਸਮਾਰਟ ਸੀਸੀਟੀਵੀ ਸਿਸਟਮ ਨਾਲ ਖੇਤਰ ਦੀ ਸਖਤੀ ਨਾਲ ਨਿਗਰਾਨੀ ਕਰ ਰਹੀ ਹੈ। ਸਕੂਲਾਂ ਅਤੇ ਹੋਰ ਖੇਤਰਾਂ ਵਿੱਚ ਆਨਲਾਈਨ ਸੈਮੀਨਾਰਾਂ, ਕੈਂਪਾਂ ਅਤੇ ਜਨਤਕ ਮੀਟਿੰਗਾਂ ਰਾਹੀਂ ਲੋਕਾਂ ਨੂੰ ਪ੍ਰਦੂਸ਼ਣ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਲਈ ਪਹਿਲਾਂ ਹੀ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ।

ਵਾਹਨਾਂ ਦੇ ਪ੍ਰਦੂਸ਼ਣ ਨਿਕਾਸੀ ਦੀ ਨਿਯਮਤ ਜਾਂਚ ‘ਤੇ ਜ਼ੋਰ ਦਿੰਦੇ ਹੋਏ, ਏਡੀਸੀ (ਜੀ) ਨੇ ਕਿਹਾ ਕਿ ਸਾਡਾ ਧਿਆਨ ਡੇਰਾਬਸੀ ਵਿੱਚ ਇਲੈਕਟ੍ਰਿਕ ਵਾਹਨਾਂ ਉਤੇ ਹੈ ਅਤੇ ਉਨ੍ਹਾਂ ਨੇ ਪੀਪੀਸੀਬੀ ਅਤੇ ਆਰਟੀਏ ਸਕੱਤਰ ਨੂੰ ਕਿਹਾ ਕਿ ਪ੍ਰਮੁੱਖ ਉਦਯੋਗਾਂ ਦੇ ਤਾਲਮੇਲ ਨਾਲ ਇਲੈਕਟ੍ਰਿਕ ਵਾਹਨਾਂ ਦੀ ਚਾਰਜਿੰਗ ਲਈ ਬੁਨਿਆਦੀ ਢਾਂਚਾ ਸਥਾਪਤ ਕੀਤਾ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਸ਼ਹਿਰਾਂ ਵਿੱਚ ਘਰਾਂ ਤੋਂ ਕੂੜਾ ਇਕੱਠਾ ਕਰਨ ਲਈ ਇਲੈਕਟ੍ਰਿਕ ਆਧਾਰਤ ਕੂੜਾ ਇਕੱਤਰ ਕਰਨ ਵਾਲੇ ਵਾਹਨ ਲਾਏ ਜਾਣਗੇ।

ਨਗਰ ਕੌਂਸਲ ਨੂੰ ਛੇਤੀ ਤੋਂ ਛੇਤੀ ਮਕੈਨੀਕਲ ਸਵੀਪਰ ਸਿਸਟਮ ਖਰੀਦਣ ਦੇ ਨਿਰਦੇਸ਼ ਦਿੰਦਿਆਂ ਉਨ੍ਹਾਂ ਕਿਹਾ ਕਿ ਇਹ ਪ੍ਰਣਾਲੀਆਂ ਹਵਾ ਦੀ ਗੁਣਵੱਤਾ ਵਧਾਉਣ ਦੇ ਨਾਲ-ਨਾਲ ਜੀਵਨ ਨੂੰ ਬਿਹਤਰ ਬਣਾਉਣ ਲਈ ਲਾਭਦਾਇਕ ਸਾਬਤ ਹੋਣਗੀਆਂ। ਉਨ੍ਹਾਂ ਹਵਾ ਦੀ ਗੁਣਵੱਤਾ ਨੂੰ ਹੋਰ ਮਿਆਰੀ ਬਣਾਉਣ ਲਈ ਪਾਣੀ ਦੇ ਛਿੜਕਾਅ ਦੀ ਵਧੇਰੇ ਵਰਤੋਂ ਕਰਨ ਦੇ ਨਿਰਦੇਸ਼ ਵੀ ਦਿੱਤੇ। ਠੋਸ ਰਹਿੰਦ -ਖੂੰਹਦ ਨੂੰ ਸਾੜਨ ਦੀ ਸਮੱਸਿਆ ਉਤੇ ਕਾਬੂ ਪਾਉਣ ਅਤੇ ਨਗਰ ਨਿਗਮ ਦੁਆਰਾ ਨਿਯਮਤ ਜਾਂਚ ਕਰਨ ਉਤੇ ਜ਼ੋਰ ਦਿੰਦਿਆਂ, ਉਨ੍ਹਾਂ ਪੁਲਿਸ ਵਿਭਾਗ ਨੂੰ ਵੀ ਨਿਰਵਿਘਨ ਆਵਾਜਾਈ ਯਕੀਨੀ ਬਣਾਉਣ ਦੀ ਜ਼ਰੂਰਤ ‘ਤੇ ਵੀ ਜ਼ੋਰ ਦਿੱਤਾ।

ਮੀਟਿੰਗ ਦਾ ਸੰਚਾਲਨ ਵਾਤਾਵਰਨ ਇੰਜਨੀਅਰ ਪੀਪੀਸੀਬੀ ਲਵਨੀਤ ਦੁਬੇ ਨੇ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਕੱਤਰ ਆਰਟੀਏ ਸੁਖਵਿੰਦਰ ਸਿੰਘ, ਡੀਐਸਪੀ ਮਨਵੀਰ ਸਿੰਘ, ਜਗਜੀਤ ਸਿੰਘ ਈ.ਓ. ਐਮਸੀ ਡੇਰਾਬਸੀ, ਡੀਐਫਐਸਸੀ ਤੋਂ ਜਸਦੀਪ ਸਿੰਘ, ਖੇਤੀਬਾੜੀ ਵਿਭਾਗ ਤੋਂ ਆਰ.ਕੇ ਰਹੇਜਾ ਅਤੇ ਗੁਰਦਿਆਲ ਕੁਮਾਰ ਹਾਜ਼ਰ ਸਨ।

 

Spread the love