ਘਰ ਘਰ ਨੌਕਰੀ ਸਿਰਫ ਕਾਂਗਰਸ ਦੇ ਮੰਤਰੀਆਂ ਲਈ : ਅਕਾਲੀ ਦਲ

BIKRAM SINGH MAJITHA
ਮੁੱਖ ਮੰਤਰੀ ਗੜ੍ਹੇਮਾਰੀ ਤੇ ਭਾਰੀ ਬਰਸਾਤਾਂ ਨਾਲ ਹੋਏ ਫਸਲਾਂ ਦੇ ਨੁਕਸਾਨ ਦਾ ਪਤਾ ਲਗਵਾਉਣ ਲਈ ਗਿਰਦਾਵਰੀ ਕਰਵਾਉਣ : ਅਕਾਲੀ ਦਲ
ਮਾਲ ਮੰਤਰੀ ਕਾਂਗੜ ਦੇ ਜਵਾਈ ਦੀ ਈ ਟੀ ਓ ਵਜੋਂ ਨਿਯੁਕਤੀ ਉਹਨਾਂ ਲੱਖਾਂ ਨੌਜਵਾਨਾਂ ਨਾਲ ਭੱਦਾ ਮਜ਼ਾਕ ਜੋ ਮੁੱਖ ਮੰਤਰੀ ਤੋਂ ਵਾਅਦਾ ਪੂਰਾ ਕਰਨ ਦੀ ਉਡੀਕ ਕਰ ਰਹੇ ਹਨ : ਬਿਕਰਮ ਸਿੰਘ ਮਜੀਠੀਆ

ਚੰਡੀਗੜ੍ਹ, 17 ਸਤੰਬਰ 2021 ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਜਿਸ ਤਰੀਕੇ ਸਾਰੇ ਨਿਯਮਾਂ ਨੂੰ ਛਿੱਕੇ ਟੰਗ ਕੇ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੇ ਜਵਾਈ ਨੂੰ ਆਬਕਾਰੀ ਤੇ ਕਰ ਅਫਸਰ (ਈ ਟੀ ਓ) ਲਗਾਉਣ ਦੀ ਪ੍ਰਵਾਨਗੀ ਦਿੱਤੀ ਗਈ ਹੈ, ਨੇ ਸਾਬਤ ਕਰ ਦਿੱਤਾ ਹੈ ਕਿ ਕਾਂਗਰਸ ਪਾਰਟੀ ਦੀ  ‘ਘਰ ਘਰ ਨੌਕਰੀ’ ਸਕੀਮ ਕੇਵਲ ਮੰਤਰੀਆਂ ਅਤੇ ਕਾਂਗਰਸੀ ਵਿਧਾਇਕਾਂ ਤੇ ਆਗੂਆਂ ਦੇ ਪਰਿਵਾਰਕ ਮੈਂਬਰਾਂ ਤੱਕ ਸੀਮਤ ਹੈ।

ਹੋਰ ਪੜ੍ਹੋ :-ਰੋਜ਼ਗਾਰ ਬਿਓਰੋ ਵੱਲੋਂ ਦਿੱਤੀਆਂ ਜਾ ਰਹੀਆਂ ਆਨਲਾਈਨ ਸੇਵਾਵਾਂ

ਮੰਤਰੀ ਦੇ ਜਵਾਈ ਗੁਰਸ਼ੇਰ ਸਿੰਘ ਦੀ ਨਿਯੁਕਤੀ ਨੁੰ ਗੈਰ ਕਾਨੂੰਨੀ ਕਰਾਰ ਦਿੰਦਿਆਂ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਹ ਪੰਜਾਬ ਦੇ ਉਹਨਾਂ ਲੱਖਾਂ ਨੌਜਵਾਨਾਂ ਨਾਲ ਭੱਦਾ ਮਜਾਕ ਹੈ ਜਿਹਨਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਵਿਸ਼ਵਾਸ ਕੀਤਾ ਤੇ ਹੁਣ ਸੂਬੇ ਵਿਚ ਹਰ ਘਰ ਨੌਕਰੀ ਦੇ ਵਾਅਦੇ ਨੂੰ ਪੂਰਾ ਕੀਤੇ ਜਾਣ ਦੀ ਉਡੀਕ ਕਰ ਰਹੇ ਹਨ। ਉਹਨਾਂ ਕਿਹਾ ਕਿ ਕਿਸੇ ਬਹੁਤ ਕਾਬਲ ਤੇ ਲੋੜਵੰਦ ਨੁੰ ਨੌਕਰੀ ਦੇਣ ਦੀ ਤਾਂ ਗੱਲ ਹੀ ਭੁੱਲ ਜਾਓ, ਸਰਕਾਰ ਨਿਯਮਾਂ ਨੁੰ ਤੋੜ ਮਰੋੜ ਕੇ ਆਪਣੇ ਆਗੂਆਂ ਦੇ ਪਰਿਵਾਰਕ ਜੀਆਂ ਨੁੰ ਐਡਜਸਟ ਕਰਨ ’ਤੇ ਲੱਗੀ ਹੈ।

ਇਸ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਬੇਅੰਤਰ ਸਿੰਘ ਦੇ ਪੋਤੇ ਨੁੰ ਪੰਜਾਬ ਪੁਲਿਸ ਵਿਚ ਡੀ ਐਸ ਪੀ ਲਗਾਇਆ ਗਿਆ ਸੀ ਹਾਲਾਂਕਿ ਉਹ ਇਸ ਨਿਯੁਕਤੀ ਦੇ ਯੋਗ ਵੀ ਨਹੀਂ ਸੀ। ਦੋ ਕਾਂਗਰਸੀ ਵਿਧਾਇਕਾਂ ਫਤਿਹਜੰਗ ਬਾਜਵਾ ਤੇ ਰਾਕੇਸ਼ ਪਾਂਡੇ ਦੇ ਪੁੱਤਰਾਂ ਦੀ ਨਿਯੁਕਤੀ ਨੂੰ ਮੰਤਰੀ ਮੰਡਲ ਨੇ ਪ੍ਰਵਾਨਗੀ ਦੇ ਦਿੱਤੀ ਸੀ ਪਰ ਅਕਾਲੀ ਦਲ ਤੇ ਲੋਕਾਂ ਵੱਲੋਂ ਪਾਏ ਰੌਲੇ ਕਾਰਨ ਉਹਨਾਂ ਦੀ ਜੋਇਨਿੰਗ ਯਾਨੀ ਨੌਕਰੀ ’ਤੇ ਕੰਮ ਕਰਨਾ ਰੁੱਕ ਗਿਆ ਸੀ।

ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਹਾਲੇ ਵੀ ਆਪਣੀਆਂ ਗਲਤੀਆਂ ਤੋਂ ਸਬਕ ਨਹੀਂ ਸਿੱਖਿਆ। ਉਹਨਾਂ ਕਿਹਾ ਕਿ ਹੁਣ ਸਰਕਾਰ ਨੇ ਮਾਲ ਮੰਤਰੀ ਦੇ ਜਵਾਈ ਦੀ ਨਿਯੁਕਤੀ ਦੀ ਪ੍ਰਵਾਨਗੀ ਦੇ ਦਿੱਤੀ ਹਾਲਾਂਕਿ ਉਹ ਇਸਦੇ ਲਈ ਯੋਗਤਾ ਪੂਰੀ ਨਹੀਂ ਕਰਦਾ। ਉਹਨਾਂ ਕਿਹਾ ਕਿ ਉਮੀਦਵਾਰ ਕੋਲ ਕਰੋੜਾਂ ਰੁਪਏ ਦੀ ਜਾਇਦਾਦ ਹੈ ਜੋ ਉਸਨੁੰ ਤਰਸ ਦੇ ਆਧਾਰ ’ਤੇ ਨੌਕਰੀ ਲਈ ਅਯੋਗ ਬਣਾਉਂਦੀ ਹੈ। ਇਸ ਤੋਂ ਇਲਾਵਾ ਉਸਦੀ ਨੌਕਰੀ ਲਈ ਬੇਨਤੀ ਪਰਿਵਾਰ ਵੱਲੋਂ ਪੰਜ ਸਾਲ ਦਾ ਸਮਾਂ ਜੋ ਇਹਨਾਂ ਮਾਮਲਿਆਂ ਵਿਚ ਵਾਧੂ ਸਮਾਂ ਹੈ, ਲੰਘਣ ਮਗਰੋਂ ਕੀਤੀ ਗਈ ਹੈ।

ਸਰਦਾਰ ਮਜੀਠੀਆ ਨੇ ਕਿਹਾ ਕਿ ਪਵਿੱਤਰ ਗੁਟਕਾ ਸਾਹਿਬ ਦੇ ਨਾਂ ’ਤੇ ਝੂਠੀ ਸਹੁੰ ਚੁੱਕਣ ਵੇਲੇ ਤੋਂ ਉਲਟ ਮੁੱਖ ਮੰਤਰੀ ਮੈਰਿਟ ਦਾ ਸਤਿਕਾਰ ਕਰਨ ਅਤੇ ਲੋੜਵੰਦਾਂ ਨੂੰ ਨੌਕਰੀ ਦੇਣ ਦੀ ਲੋੜ ਨੂੰ ਅਣਡਿੱਠ ਕਰ ਰਹੇ ਹਨ। ਉਹਨਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਸਿਰਫ ਆਪਣੀ ਕੁਰਸੀ ਬਚਾਉਣ ਵਿਚ ਦਿਲਚਸਪੀ ਹੈ। ਅਜਿਹਾ ਜਾਪਦਾ ਹੈ ਕਿ ਮਾਲ ਮੰਤਰੀ ਜੋ ਪਹਿਲਾਂ ਵਿਰੋਧੀ ਧੜੇ ਵਿਚ ਸਨ, ਦੇ ਜਵਾਈ ਨੂੰ ਇਸ ਤਰੀਕੇ ਗੈਰ ਸੰਵਿਧਾਨਕ ਢੰਗ ਨਾਲ ਨੌਕਰੀ ਦੇ ਕੇ ਮੰਤਰੀ ਨੂੰ ਆਪਣੇ ਪਾਸੇ ਕਰ ਲਿਆ ਗਿਆ ਹੈ।

ਸਰਦਾਰ ਮਜੀਠੀਆ ਨੇ ਕਿਹਾ ਕਿ ਅਕਾਲੀ ਦਲ ਇਹ ਗੈਰ ਕਾਨੁੰਨੀ ਨਿਯੁਕਤੀ ਰੱਦ ਕਰਵਾਉਣ ਲਈ ਆਪਣੇ ਕੋਲ ਉਪਲਬਧ ਸਾਰੇ ਵਿਕਲਪ ਵਰਤੇਗਾ। ਉਹਨਾਂ ਕਿਹਾ ਕਿ ਅਸੀਂ ਲੋਕਾਂ ਕੋਲ ਵੀ ਜਾਵਾਂਗੇ ਤੇ ਲਹਿਰ ਸਿਰਜਾਂਗੇ ਤਾਂ ਜੋ ਇਸ ਨਿਯੁਕਤੀ ਨਾਲ ਨੌਜਵਾਨਾਂ ਨਾਲ ਹੋਇਆ ਅਨਿਆਂ ਖਤਮ ਕੀਤਾ ਜਾਵੇ। ਉਹਨਾਂ ਕਿਹਾ ਕਿ ਅਸੀਂ ਪੰਜਾਬੀਆਂ ਨੁੰ ਭਰੋਸਾ ਦੁਆਉਂਦੇ ਹਾਂ ਕਿ ਜੇਕਰ ਇਹ ਨਿਯੁਕਤੀ ਰੱਦ ਨਾ ਕੀਤੀ ਗਈ ਤਾਂ ਫਿਰ 2022 ਵਿਚ ਸੁਬੇ ਵਿਚ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਬਣਨ ਤੋਂ ਤੁਰੰਤ ਬਾਅਦ ਇਹ ਨਿਯੁਕਤੀ ਰੱਦ ਕੀਤੀ ਜਾਵੇਗੀ। ਅਜਿਹੀਆਂ ਸਾਰੀਆਂ ਗੈਰ ਕਾਨੁੰਨ ਨਿਯੁਕਤੀਆਂ ਦੀ ਸਮੀਖਿਆ ਕੀਤੀ ਜਾਵੇਗੀ ਤੇ ਇਹ ਰੱਦ ਕੀਤੀਆਂ ਜਾਣਗੀਆਂ।

Spread the love