ਸਿਹਤ ਵਿਭਾਗ ਵਲੋਂ ਖਰੜ ਅਤੇ ਜ਼ੀਰਕਪੁਰ ਵਿਖੇ ਦੁਕਾਨਾਂ ’ਚ ਚੈਕਿੰਗ


ਖਾਣ ਵਾਲੇ ਤੇਲ ਦੇ 4 ਸੈਂਪਲ ਲਏ
ਐਸ.ਏ.ਐਸ. ਨਗਰ , 9 ਅਗਸਤ :- 


‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਜ਼ਿਲ੍ਹਾ ਸਿਹਤ ਵਿਭਾਗ ਦੀ ਫ਼ੂਡ ਸੇਫ਼ਟੀ ਬ੍ਰਾਂਚ ਨੇ ਖਰੜ ਅਤੇ ਜ਼ੀਰਕਪੁਰ ਵਿਖੇ ਦੁਕਾਨਾਂ ਵਿਚ ਚੈਕਿੰਗ ਕੀਤੀ ਅਤੇ ਖਾਣ ਵਾਲੇ ਤੇਲ ਦੇ 4 ਸੈਂਪਲ ਲਏ। ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਅਤੇ ਜ਼ਿਲ੍ਹਾ ਸਿਹਤ ਅਫ਼ਸਰ ਡਾ. ਸੁਭਾਸ਼ ਕੁਮਾਰ ਨੇ ਦਸਿਆ ਕਿ ਕਮਿਸ਼ਨਰ ਫ਼ੂਡ ਐਂਡ ਡਰੱਗਜ਼ ਐਡਮਿਨਿਸਟਰੇਸ਼ਨ ਪੰਜਾਬ ਸ੍ਰੀ ਅਭਿਨਵ ਤਿ੍ਰਖਾ ਦੇ ਨਿਰਦੇਸ਼ਾਂ ’ਤੇ ਖਾਣ ਵਾਲੇ ਤੇਲ ਦੀ ਵਿਸ਼ੇਸ਼ ਜਾਂਚ ਮੁਹਿੰਮ 1 ਅਗਸਤ ਤੋਂ ਸ਼ੁਰੂ ਕੀਤੀ ਗਈ ਹੈ ਜਿਹੜੀ 14 ਅਗਸਤ ਤਕ ਚੱਲੇਗੀ। ਇਸੇ ਮੁਹਿੰਮ ਤਹਿਤ ਚਾਰ ਦੁਕਾਨਾਂ ’ਚੋਂ ਖਾਣ ਵਾਲੇ ਤੇਲ ਦੇ ਸੈਂਪਲ ਲਏ ਗਏ ਜਿਹੜੇ ਖਰੜ ਦੀ ਜਾਂਚ ਲੈਬ ਵਿਚ ਭੇਜੇ ਗਏ ਹਨ। ਉਨ੍ਹਾਂ ਦਸਿਆ ਕਿ ਇਸ ਮੁਹਿੰਮ ਦਾ ਮਕਸਦ ਮੁੱਖ ਤੌਰ ’ਤੇ ਖਾਣ ਵਾਲੇ ਤੇਲ ਵਿਚ ਟਰਾਂਸਫ਼ੈਟ ਅਤੇ ਹੋਰ ਨੁਕਸਾਨਦੇਹ ਤੱਤਾਂ ਦਾ ਪਤਾ ਲਾਉਣਾ ਹੈ। ਜੇ ਕੋਈ ਨੁਕਸਾਨਦਾਇਕ ਤੱਤ ਮਿਲਦਾ ਹੈ ਤਾਂ ਸਬੰਧਤ ਦੁਕਾਨਦਾਰ ਵਿਰੁਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਲੋਕਾਂ ਨੂੰ ਮਿਆਰੀ ਤੇ ਬੇਮਿਲਾਵਟੀ ਖਾਧ ਪਦਾਰਥਾਂ ਦੀ ਉਪਲਭਧਤਾ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਇਸ ਦਿਸ਼ਾ ਵਿਚ ਫ਼ੂਡ ਸੇਫ਼ਟੀ ਟੀਮ ਵਲੋਂ ਲਗਾਤਾਰ ਚੈਕਿੰਗ ਕੀਤੀ ਜਾਂਦੀ ਹੈ ਅਤੇ ਜਿਥੇ ਕਿਤੇ ਵੀ ਕੋਈ ਖ਼ਾਮੀ ਮਿਲਦੀ ਹੈ, ਉਥੇ ਕਾਰਵਾਈ ਕੀਤੀ ਜਾਂਦੀ ਹੈ।
ਡਾ. ਸੁਭਾਸ਼ ਕੁਮਾਰ ਨੇ ਮਠਿਆਈ ਦੁਕਾਨਦਾਰਾਂ ਨੂੰ ਇਕ ਵਾਰ ਫਿਰ ਚੇਤਾਵਨੀ ਦਿੰਦਿਆਂ ਕਿਹਾ ਕਿ ਫ਼ੂਡ ਸੇਫ਼ਟੀ ਕਾਨੂੰਨ ਤਹਿਤ ਮਠਿਆਈ ਵੇਚਣ ਵਾਲੇ ਦੁਕਾਨਦਾਰਾਂ ਨੂੰ ਦਰਸਾਉਣਾ ਪਵੇਗਾ ਕਿ ਦੁਕਾਨ ਵਿਚ ਟਰੇਅ ਜਾਂ ਕਾਊਂਟਰ ਵਿਚ ਵਿਕਰੀ ਲਈ ਪਈਆਂ ਖੁਲੀਆਂ ਮਠਿਆਈਆਂ ਕਿਹੜੀ ਤਰੀਕ ਤਕ ਖਾਣ ਯੋਗ ਹਨ। ਹਰ ਦੁਕਾਨਦਾਰ ਨੂੰ ਟਰੇਅ ਉਤੇ ‘ਇਸ ਤਰੀਕ ਤੋਂ ਪਹਿਲਾਂ ਖਾਣਯੋਗ’ ਵਾਲੀ ਪਰਚੀ ਲਗਾਉਣੀ ਪਵੇਗੀ ਤੇ ਜਿਹੜੇ ਦੁਕਾਨਦਾਰ ਅਜਿਹਾ ਨਹੀਂ ਕਰਨਗੇ, ਉਨ੍ਹਾਂ ਵਿਰੁਧ ਕਾਨੂੰਨੀ ਕਾਰਵਾਈ ਕਰਦਿਆਂ ਚਲਾਨ ਕੱਟੇ ਜਾਣਗੇ। ਇਹ ਨਿਯਮ ਦੇਸ਼ ਭਰ ’ਚ 1 ਅਕਤੂਬਰ, 2020 ਤੋਂ ਲਾਗੂ ਹੈ। ਡੀ.ਐਚ.ਓ. ਨੇ ਕਿਹਾ ਕਿ ਆਮ ਤੌਰ ’ਤੇ ਦੁਕਾਨਦਾਰਾਂ ਨੇ ਟਰੇਆਂ ਵਿਚ ਖੁਲ੍ਹੀਆਂ ਮਠਿਆਈਆਂ ਰੱਖੀਆਂ ਹੁੰਦੀਆਂ ਹਨ ਅਤੇ ਗਾਹਕਾਂ ਨੂੰ ਪਤਾ ਨਹੀਂ ਲਗਦਾ ਕਿ ਮਠਿਆਈਆਂ ਕਦੋਂ ਬਣੀਆਂ ਹਨ ਅਤੇ ਕਦੋਂ ਤਕ ਖਾਣ ਯੋਗ ਹਨ। ਇਸ ਲਈ ਇਹ ਲਾਜ਼ਮੀ ਕੀਤਾ ਗਿਆ ਹੈ ਕਿ ਦੁਕਾਨਦਾਰਾਂ ਨੂੰ ਮਠਿਆਈ ਵਾਲੀ ਹਰ ਟਰੇਅ ਅੱਗੇ ਪਰਚੀ ਲਗਾ ਕੇ ਦਰਸਾਉਣਾ ਪਵੇਗਾ ਕਿ ਇਹ ਮਠਿਆਈ ਫਲਾਣੀ ਤਰੀਕ ਤਕ ਖਾਧੀ ਜਾ ਸਕਦੀ ਹੈ।