ਕੈਪਟਨ ਸਰਕਾਰ ਆਪਣੇ ਚੋਣ ਵਾਅਦੇ ਮੁਤਾਬਿਕ ਬੁਢਾਪਾ, ਵਿਧਵਾ ,ਅੰਗਹੀਣ ਅਤੇ ਆਸ਼ਰਿਤ ਬੱਚਿਆਂ ਨੂੰ 2500 ਰੁਪਏ ਪੈਨਸ਼ਨ ਤੁਰੰਤ ਲਾਗੂ ਕਰੇ: ਆਪ

Punjab Chief Minister Captain Amrinder Singh

ਪੇਂਡੂ ਅਤੇ ਸ਼ਹਿਰੀ ਗਰੀਬਾਂ ਨੂੰ ਦਸ-ਦਸ ਹਜ਼ਾਰ ਰੁਪਏ ਨਗਦ ਸਹਾਇਤਾ ਦਿੱਤੀ ਜਾਵੇ: ਲਾਲ ਚੰਦ ਕੱਟਰੂਚੱਕ 

ਮਗਨਰੇਗਾ ਕਾਮਿਆਂ ਦੀਆਂ ਦਿਹਾੜੀਆਂ ਦੇ ਬਕਾਏ ਤੁਰੰਤ ਜਾਰੀ ਕੀਤੇ ਜਾਣ ਅਤੇ ਦਿਹਾੜੀ ਘੱਟੋ-ਘੱਟ 600 ਰੁਪਏ ਕੀਤੀ ਜਾਵੇ

ਚੰਡੀਗੜ੍ਹ, 17 ਮਈ , 2021 
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਐਸ.ਸੀ ਵਿੰਗ ਦੇ ਸੂਬਾ ਪ੍ਰਧਾਨ ਲਾਲ ਚੰਦ ਲਾਲ ਚੰਦ ਕੱਟਰੂਚੱਕ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਹੈ  ਕਿ ਪਿੰਡਾਂ ਅਤੇ ਸ਼ਹਿਰਾਂ ਵਿੱਚ ਰਹਿ ਰਹੇ ਗਰੀਬ ਪਰਿਵਾਰਾਂ ਨੂੰ ਦਸ ਦਸ ਹਜ਼ਾਰ ਰੁਪਏ ਆਰਥਿਕ ਸਹਾਇਤਾ ਅਤੇ  ਮਗਨਰੇਗਾ ਕਾਮਿਆਂ ਨੂੰ 600 ਰੁਪਏ ਦਿਹਾੜੀ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਆਪਣੇ ਚੋਣ ਵਾਅਦੇ ਮੁਤਾਬਿਕ ਬੁਢਾਪਾ, ਵਿਧਵਾ ,ਅੰਗਹੀਣ ਅਤੇ ਆਸ਼ਰਿਤ ਬੱਚਿਆਂ ਨੂੰ ਐਲਾਨ ਕੀਤੀ 2500 ਰੁਪਏ ਪੈਨਸ਼ਨ ਤੁਰੰਤ ਲਾਗੂ ਕਰੇ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਡਿਪਟੀ ਕਮਿਸ਼ਨਰਾਂ ਰਾਹੀਂ ਭੇਜੇ ਮੰਗ ਪੱਤਰ ’ਚ ਆਮ ਆਦਮੀ ਪਾਰਟੀ ਦੇ ਆਗੂ ਲਾਲ ਚੰਦ ਲਾਲ ਚੰਦ ਕੱਟਰੂਚੱਕ ਨੇ ਕਿਹਾ ਪੰਜਾਬ ਵਿੱਚ ਕੋਰੋਨਾ ਮਹਾਮਾਰੀ ਦਾ ਪ੍ਰਕੋਪ ਵੱਧਦਾ ਜਾ ਰਿਹਾ ਹੈ। ਪੰਜਾਬ ਸਰਕਾਰ ਦੇ ਲੀਹੋਂ ਲੱਥੇ ਹੈਲਥ ਪ੍ਰਬੰਧਾਂ ਕਾਰਨ ਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਮਹਿੰਗਾ ਇਲਾਜ ਕਰਵਾਉਣ ਤੋਂ ਅਸਮਰਥ ਆਮ ਲੋਕ ਤੇ ਖਾਸ ਕਰਕੇ ਗਰੀਬ ਮੌਤ ਦੇ ਮੂੰਹ ਵੱਲ ਧੱਕੇ ਜਾ ਰਹੇ ਹਨ ਅਤੇ ਉਹ ਆਕਸੀਜਨ ਦੀ ਘਾਟ ਕਾਰਨ ਤੜਫ-ਤੜਫ ਕੇ ਮਰ ਰਹੇ ਹਨ। ਉਨ੍ਹਾਂ ਕਿਹਾ ਕਿ ਕਰੋਨਾ ਮਹਾਂਮਾਰੀ ਦੇ ਕਾਰਨ ਪੈਦਾ ਹੋਏ ਹਲਾਤ ਕਰਕੇ ਮੰਦਹਾਲੀ ਵਿੱਚੋਂ ਗੁਜਰ ਰਹੇ ਪੰਜਾਬ ਦੇ ਸਮੂਹ ਗਰੀਬਾਂ ਦੀਆਂ ਲੋੜਾਂ ਪੂਰੀਆਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ।
ਮੁੱਖ ਮੰਤਰੀ ਨੂੰ ਭੇਜੇ ਪੱਤਰ ਰਾਹੀਂ ਲਾਲ ਚੰਦ ਕੱਟਰੂਚੱਕ ਨੇ ਮੰਗ ਕੀਤੀ ਕਿ ਪੰਜਾਬ ਅੰਦਰ ਸਾਰੇ ਹੀ ਗਰੀਬ ਪਰਿਵਾਰਾਂ ਨੂੰ ਦੋ ਮਹੀਨਿਆਂ ਵਾਸਤੇ ਰਸੋਈ ਵਿੱਚ ਵਰਤੋਂ ਯੋਗ ਜਰੂਰੀ ਵਸਤਾਂ ਤੁਰੰਤ ਦਿੱਤੀਆਂ ਜਾਣ ਅਤੇ ਸਬੰਧਤ ਪਰਿਵਾਰਾਂ ਨੂੰ ਇੱਕ-ਇੱਕ ਗੈਸ ਸਿਲੰਡਰ ਮੁਫ਼ਤ ’ਚ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਤਾਲਾਬੰਦੀ ਕਰਕੇ ਕੰਮ ਧੰਦੇ ਬੰਦ ਹੋਣ ਕਾਰਨ ਸਾਰੇ ਪੇਂਡੂ ਅਤੇ ਸ਼ਹਿਰੀ ਗਰੀਬਾਂ ਨੂੰ ਦਸ-ਦਸ ਹਜ਼ਾਰ ਰੁਪਏ ਨਗਦ ਸਹਾਇਤਾ ਦਿੱਤੀ ਜਾਵੇ । ਮਗਨਰੇਗਾ ਕਾਮਿਆਂ ਦੀਆਂ ਦਿਹਾੜੀਆਂ ਦੇ ਬਕਾਏ ਤੁਰੰਤ ਜਾਰੀ ਕੀਤੇ ਜਾਣ ਅਤੇ ਦਿਹਾੜੀ ਘੱਟੋ-ਘੱਟ 600 ਰੁਪਏ ਕੀਤੀ ਜਾਵੇ।
ਲਾਲ ਚੰਦ ਕੱਟਰੂਚੱਕ ਨੇ ਸਰਕਾਰੀ ਹਸਪਤਾਲਾਂ ਨੂੰ ਚੁਸਤ-ਦਰੁਸਤ ਕਰਨ ਦੀ ਮੰਗ ਕਰਦਿਆਂ ਕਿਹਾ ਡਾਕਟਰਾਂ, ਨਰਸ਼ਾਂ ਤੇ ਹੋਰ ਲੋੜੀਂਦੇ ਹੈਲਥ ਕਾਮਿਆਂ ਅਤੇ ਮਸ਼ੀਨਰੀ ਦਾ ਪ੍ਰਬੰਧ ਕੀਤਾ ਜਾਵੇ ॥ ਕਰੋਨਾ ਨਾਲ ਲੜਣ ਦੇ ਪੁਖਤਾ ਪ੍ਰਬੰਧ ਕੀਤੇ ਜਾਣ ਅਤੇ ਸਾਰਿਆਂ ਨੂੰ ਇੱਕਸਾਰ ਅਤੇ ਮੁਫ਼ਤ ਵੈਕਸੀਨ ਲਗਾਈ ਜਾਵੇ।

Spread the love