ਫਾਜ਼ਿਲਕਾ ਅਤੇ ਜਲਾਲਾਬਾਦ ਦੇ ਐਸ.ਡੀ.ਐਮ. ਦਫਤਰ ਵਿਖੇ ਲਗਾਇਆ ਸੁਵਿਧਾ ਕੈਂਪ
ਫਾਜ਼ਿਲਕਾ, ਜਲਾਲਾਬਾਦ 28 ਅਕਤੂਬਰ 2021
ਸ. ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਲੋਕਾਂ ਨੂੰ ਇਕ ਛੱਤ ਹੇਠ ਅਨੇਕਾ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਜ਼ਿਲ੍ਹੇ ਦੀਆਂ ਸਮੂਹ ਤਹਿਸੀਲਾਂ ਵਿਖੇ ਸੁਵਿਧਾ ਕੈਂਪ ਲਗਾਉਣ ਦੀਆਂ ਹਦਾਇਤਾਂ ਪ੍ਰਾਪਤ ਹੋਈਆਂ ਸਨ ਜਿਸ ਤਹਿਤ ਡਿਪਟੀ ਕਮਿਸ਼ਨਰ ਸ੍ਰੀਮਤੀ ਬਬੀਤਾ ਕਲੇਰ ਦੀ ਅਗਵਾਈ ਹੇਠ ਸਬ ਡਵੀਜਨ ਫਾਜ਼ਿਲਕਾ ਅਤੇ ਜਲਾਲਾਬਾਦ ਦੇ ਐਸ.ਡੀ.ਐਮ. ਦਫਤਰ ਵਿਖੇ ਸੁਵਿਧਾ ਕੈਂਪ ਲਗਾਇਆ ਗਿਆ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਲੋਕਾਂ ਨੂੰ ਇਕ ਛੱਤ ਹੇਠ ਸੁਵਿਧਾਵਾਂ ਦੇਣ ਲਈ ਇਹ ਸੁਵਿਧਾ ਕੈਂਪ ਆਯੋਜਿਤ ਕੀਤੇ ਗਏ ਹਨ। ਉਨ੍ਹਾਂ ਦਸਿਆ ਕਿ ਸੁਵਿਧਾ ਕੈਂਪਾਂ ਵਿਚ ਪੰਜ ਮਰਲੇ ਪਲਾਟ, ਮਗਨਰੇਗਾ, ਪੈਨਸ਼ਨਾਂ, ਐਲ.ਪੀ.ਜੀ. ਕੁਨੈਕਸ਼ਨ, ਸਰਬਤ ਸਿਹਤ ਬੀਮਾ ਯੋਜਨਾ, ਬਿਜਲੀ ਬਿਲ ਬਕਾਇਆ ਮਾਫੀ, ਬਕਾਇਆ ਇੰਤਕਾਲ, ਆਸ਼ੀਰਵਾਦ ਸਕੀਮ, ਵਜੀਫੇ, ਲੋਨ, ਲੇਬਰ ਭਲਾਈ ਦੀਆਂ ਸਕੀਮਾਂ, ਵਾਟਰ ਸਪਲਾਈ ਤੇ ਸੀਵਰੇਜ਼ ਸਬੰਧੀ , ਸੇਵਾ ਕੇਂਦਰ ਆਦਿ ਨਾਲ ਸਬੰਧਤ ਸੇਵਾਵਾਂ ਤਹਿਤ ਲਾਹਾ ਮੁਹੱਈਆ ਕਰਵਾਇਆ ਗਿਆ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਐਸ.ਡੀ.ਐਮ. ਸ੍ਰੀ ਰਵਿੰਦਰ ਸਿੰਘ ਅਰੋੜਾ ਨੇ ਦੱਸਿਆ ਕਿ ਸੂਬਾ ਸਰਕਾਰ ਲੋਕਾਂ ਦੀ ਭਲਾਈ ਲਈ ਯਤਲਸ਼ੀਲ ਹੈ। ਉਨ੍ਹਾਂ ਦੱਸਿਆ ਕਿ ਕੈਂਪ ਲਗਾਉਣ ਦਾ ਮੰਤਵ ਇਕੋ ਥਾਂ `ਤੇ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਸਕਣ ਤਾਂ ਜ਼ੋ ਲੋਕਾਂ ਨੂੰ ਖਜਲ-ਖੁਆਰੀ ਨਾ ਹੋ ਸਕੇ। ਉਨ੍ਹਾਂ ਕਿਹਾ ਕਿ ਇਸ ਮੌਕੇ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਲੋਕਾਂ ਦੇ ਕੋਰੋਨ ਦੇ ਸੈਂਪਲ ਵੀ ਲਏ ਗਏ ਅਤੇ ਟੀਕਾਕਰਨ ਵੀ ਕੀਤਾ ਗਿਆ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ `ਚ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਹੋਰ ਵੀ ਸੁਵਿਧਾ ਕੈਂਪ ਲਗਾਏ ਜਾਣਗੇ।ਉਨ੍ਹਾਂ ਕਿਹਾ ਕਿ ਕੈਂਪ ਵਿਚ ਆਉਣ ਸਮੇਂ ਆਪਣਾ ਆਧਾਰ ਕਾਰਡ, ਬੈਂਕ ਦੀ ਕਾਪੀ ਤੇ ਉਸਦੀ ਫੋਟੋਕਾਪੀ, ਪਾਸਪੋਰਟ ਸਾਈਜ ਫੋਟੋ ਨਾਲ ਲੈ ਕੇ ਆਉਣੀ ਯਕੀਨੀ ਬਣਾਈ ਜਾਵੇ।
ਇਸ ਮੌਕੇ ਐਸਡੀਐਮ ਨੇ ਦੱਸਿਆ ਕਿ 29 ਅਕਤੂਬਰ 2021 ਨੂੰ ਵੀ ਇਹ ਕੈਂਪ ਐਸ.ਡੀ.ਐਮ. ਦਫਤਰ ਫਾਜ਼ਿਲਕਾ ਅਤੇ ਜਲਾਲਾਬਾਦ ਵਿਖੇ ਜਾਰੀ ਰਹੇਗਾ ਅਤੇ ਜਿਹੜੇ ਲੋਕ ਅੱਜ ਸਰਕਾਰੀ ਸੇਵਾਵਾਂ ਦਾ ਲਾਭ ਲੈਣ ਲਈ ਇਸ ਕੈਂਪ ਵਿਚ ਨਹੀਂ ਪੁੱਜ ਸਕੇ ਉਹ ਸ਼ੁੱਕਰਵਾਰ ਨੂੰ ਇਸ ਕੈਂਪ ਵਿਚ ਪੁੱਜ ਕੇ ਲਾਭ ਲੈ ਸਕਦੇ ਹਨ।