ਜ਼ਿਲਾ ਪ੍ਰਸ਼ਾਸਨ ਨੇ ਯੋਜਨਾ ਐਪ ਦਾ ਦਾਇਰਾ ਵਧਾਇਆ

ਐਪ ’ਤੇ ਮਿਲੇਗੀ 17 ਵਿਭਾਗਾਂ ਦੀਆਂ ਸਕੀਮਾਂ ਬਾਰੇ ਜਾਣਕਾਰੀ
ਵਧੇਰੇ ਜਾਣਕਾਰੀ ਲਈ ਨੋਡਲ ਅਫਸਰਾਂ ਦੇ ਸੰਪਰਕ ਨੰਬਰ ਵੀ ਕਰਾਏ ਗਏ ਮੁਹੱਈਆ
ਬਰਨਾਲਾ, 1 ਜੁਲਾਈ 2021
ਜ਼ਿਲਾ ਪ੍ਰਸ਼ਾਸਨ ਬਰਨਾਲਾ ਵੱਲੋਂ ਜ਼ਿਲਾ ਵਾਸੀਆਂ ਨੂੰ ਭਲਾਈ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਪਹੁੰਚਾਉਣ ਦੇ ਉਦੇਸ਼ ਨਾਲ ਚਲਾਈ ਯੋਜਨਾ (YOJNA) ਐਪ ਦਾ ਦਾਇਰਾ ਵਧਾ ਦਿੱਤਾ ਗਿਆ ਹੈ। ਡਿਪਟੀ ਕਮਿਸ਼ਨਰ ਬਰਨਾਲਾ ਸ. ਤੇਜ ਪ੍ਰਤਾਪ ਸਿੰਘ ਫੂਲਕਾ ਵੱਲੋਂ ਅੱਜ ਸੋਧੀ ਹੋਈ ਐਪਲੀਕੇਸ਼ਨ ਜਾਰੀ ਕੀਤੀ ਗਈ, ਜਿਸ ਰਾਹੀਂ ਹੁਣ 17 ਵਿਭਾਗਾਂ ਦੀਆਂ ਸਕੀਮਾਂ ਦੀ ਜਾਣਕਾਰੀ ਮਿਲੇਗੀ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਐਪ ਦਾ ਮਕਸਦ ਆਮ ਲੋਕਾਂ ਨੂੰ ਸਰਕਾਰ ਦੀਆਂ ਭਲਾਈ ਸਕੀਮਾਂ ਬਾਰੇ ਵੱਧ ਤੋਂ ਵੱਧ ਜਾਗਰੂਕ ਕਰਨਾ ਹੈ ਤਾਂ ਜੋ ਲੋੜਵੰਦ ਤੇ ਯੋਗ ਲੋਕ ਇਨਾਂ ਸਕੀਮਾਂ ਦਾ ਪੂਰਾ ਲਾਭ ਲੈ ਸਕਣ। ਉਨਾਂ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਆਦਿਤਯ ਡੇਚਲਵਾਲ ਅਤੇ ਜ਼ਿਲਾ ਸੂਚਨਾ ਅਫਸਰ (ਐਨਆਈਸੀ) ਨੀਰਜ ਗਰਗ ਦੀ ਸ਼ਲਾਘਾ ਕੀਤੀ, ਜਿਨਾਂ ਨੇ ਵੱਖ ਵੱਖ ਵਿਭਾਗਾਂ ਨਾਲ ਤਾਲਮੇਲ ਕਰਕੇ ਸਾਰੀ ਜਾਣਕਾਰੀ ਇਕੋ ਪਲੈਟਫਾਰਮ ’ਤੇ ਮੁਹੱਈਆ ਕਰਾਈ ਹੈ।
ਇਸ ਮੌਕੇ ਸ੍ਰੀ ਡੇਚਲਵਾਲ ਨੇ ਦੱਸਿਆ ਕਿ ਇਸ ਐਪ ’ਤੇ ਹੁਣ 17 ਵਿਭਾਗਾਂ ਦੀਆਂ ਸਕੀਮਾਂ ਬਾਰੇ ਜਾਣਕਾਰੀ ਦੋ ਭਾਸ਼ਾਵਾਂ ਅੰਗਰੇਜ਼ੀ ਅਤੇ ਪੰਜਾਬੀ ਵਿਚ ਮਿਲੇਗੀ। ਡੀਆਈਓ (ਐਨਆਈਸੀ) ਨੀਰਜ ਗਰਗ ਨੇ ਦੱਸਿਆ ਕਿ ਇਹ ਐਂਡਰਾਇਡ ਐਪ ਗੂਗਲ ਪਲੇਅ ਸਟੋਰ ’ਤੇ ਉਪਲੱਬਧ ਹੈ। ਐਪ ’ਤੇ ਸਬੰਧਤ ਨੋਡਲ ਅਫਸਰਾਂ ਦੇ ਸੰਪਰਕ ਨੰਬਰ ਵੀ ਮੁਹੱਈਆ ਕਰਾਏ ਗਏ ਹਨ ਤਾਂ ਜੋ ਕੋਈ ਵੀ ਵਿਅਕਤੀ ਸਿੱਧਾ ਸੰਪਰਕ ਕਰ ਕੇ ਸਕੀਮਾਂ ਬਾਰੇ ਜਾਣਕਾਰੀ ਹਾਸਲ ਕਰ ਸਕੇ। ਇਸ ਮੌਕੇ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਮੈਡਮ ਕਿਰਨ ਸ਼ਰਮਾ ਵੀ ਹਾਜ਼ਰ ਸਨ।
ਕਿਹੜੇ ਵਿਭਾਗਾਂ ਦੀਆਂ ਸਕੀਮਾਂ ਦੀ ਮਿਲੇਗੀ ਜਾਣਕਾਰੀ
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਯੋਜਨਾ ਐਪ ’ਤੇ ਸਿੱਖਿਆ ਵਿਭਾਗ (ਐਲੀਮੈਂਟਰੀ), ਸਿੱਖਿਆ ਵਿਭਾਗ (ਸੈਕੰਡਰੀ), ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ, ਭਲਾਈ ਵਿਭਾਗ, ਸਿਹਤ ਵਿਭਾਗ, ਪੇਂਡੂ ਵਿਕਾਸ ਵਿਭਾਗ, ਖੇਤੀਬਾੜੀ ਵਿਭਾਗ, ਡੇਅਰੀ ਵਿਭਾਗ, ਜ਼ਿਲਾ ਰੋਜ਼ਗਾਰ ਬਿਓਰੋ, ਪਸ਼ੂ ਪਾਲਣ ਵਿਭਾਗ, ਸਥਾਨਕ ਸਰਕਾਰਾਂ ਵਿਭਾਗ, ਕਿਰਤ ਵਿਭਾਗ, ਖੁਰਾਕ ਤੇ ਸਿਵਲ ਸਪਲਾਈ ਵਿਭਾਗ, ਜ਼ਿਲਾ ਮੰਡਲ ਭੂਮੀ ਰੱਖਿਆ, ਜ਼ਿਲਾ ਉਦਯੋਗ ਕੇਂਦਰ, ਬੈਂਕਿੰਗ ਤੇ ਬਾਗਬਾਨੀ ਵਿਭਾਗ ਦੀਆਂ ਸਕੀਮਾਂ ਦੀ ਜਾਣਕਾਰੀ ਉਪਲੱਬਧ ਹੈ। ਉਨਾਂ ਦੱਸਿਆ ਕਿ ਵਿਭਾਗਵਾਰ ਸਕੀਮਾਂ ਤੋਂ ਇਲਾਵਾ ਵੱਖ ਵੱਖ ਸ਼੍ਰੇਣੀਆਂ ਤਹਿਤ ਵੀ ਸਕੀਮਾਂ ਦੀ ਜਾਣਕਾਰੀ ਮੁਹੱਈਆ ਕਰਾਈ ਗਈ ਹੈ।

Spread the love