ਪੰਜਾਬ ਸਰਕਾਰ ਆਪਣੇ ਸਾਰੇ ਵਸਨੀਕਾਂ ਦੇ ਟੀਕਾਕਰਨ ਲਈ ਵਚਨਬੱਧ – ਚੇਅਰਮੈਨ ਸੁਖਵਿੰਦਰ ਸਿੰਘ ਬਿੰਦਰਾ

ਸਾਹਨੇਵਾਲ ਇਲਾਕੇ ‘ਚ ਅੱਜ ਨੌਜਵਾਨਾਂ ਲਈ 4 ਸਪੈਸ਼ਲ ਕੈਂਪ ਆਯੋਜਿਤ
ਲੁਧਿਆਣਾ, 08 ਜੂਨ 2021 ਪੰਜਾਬ ਯੁਵਾ ਵਿਕਾਸ ਬੋਰਡ (ਪੀ.ਵਾਈ.ਡੀ.ਬੀ.) ਦੇ ਚੇਅਰਮੈਨ ਸ੍ਰੀ ਸੁਖਵਿੰਦਰ ਸਿੰਘ ਬਿੰਦਰਾ ਨੇ ਅੱਜ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਆਪਣੇ ਸਾਰੇ ਵਸਨੀਕਾਂ ਦੇ ਟੀਕਾਕਰਨ ਲਈ ਵਚਨਬੱਧ ਹੈ ਅਤੇ ਇਸੇ ਲਈ ਸੂਬੇ ਭਰ ਵਿੱਚ ਮੁਫਤ ਟੀਕਾਕਰਨ ਕੈਂਪ ਲਗਾਏ ਜਾ ਰਹੇ ਹਨ। ਉਨ੍ਹਾਂ ਇਹ ਗੱਲ ਸਾਹਨੇਵਾਲ ਇਲਾਕੇ ਵਿੱਚ 4 ਟੀਕਾਕਰਨ ਕੈਂਪਾਂ ਦਾ ਉਦਘਾਟਨ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੀ।
ਅੱਜ ਦੇ ਕੈਂਪ ਸਰਕਾਰੀ ਪ੍ਰਾਇਮਰੀ ਸਕੂਲ, ਕੂਲੀਏਵਾਲ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਚੰਡੀਗੜ੍ਹ ਰੋਡ, ਮੁੰਡੀਆਂ ਕਲਾਂ, ਸਰਕਾਰੀ ਪ੍ਰਾਇਮਰੀ ਸਕੂਲ, ਪਿੰਡ – ਲਾਟੋ ਦਾਣਾ, ਚੰਡੀਗੜ੍ਹ ਰੋਡ ਅਤੇ ਵਾਲਮੀਕਿ ਧਰਮਸ਼ਾਲਾ ਸਾਹਮਣੇ ਗੁਰੂ ਨਾਨਕ ਦਰਬਾਰ, ਕੁਲੀਏਵਾਲ ਵਿਖੇ ਲਗਾਏ ਗਏ।
ਉਨ੍ਹਾਂ ਕਿਹਾ ਕਿ ਪੀ.ਵਾਈ.ਡੀ.ਬੀ. ਨਾਲ ਜੁੜੇ ਯੂਥ ਕਲੱਬ ਕੋਵਿਡ-19 ਨੂੰ ਇੱਕ ਲੋਕ ਲਹਿਰ ਬਣਾਉਣ ਲਈ ਸਖਤ ਮਿਹਨਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੀ.ਵਾਈ.ਡੀ.ਬੀ. ਵੱਲੋਂ ਪੰਜਾਬ ਭਰ ਵਿੱਚ ਯੂਥ ਕਲੱਬਾਂ ਦੇ ਮੈਂਬਰਾਂ ਅਤੇ ਪੰਜਾਬੀ ਨੌਜਵਾਨਾਂ ਲਈ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਪੰਜਾਬੀ ਨੌਜਵਾਨਾਂ ਨੂੰ ਟੀਕਾਕਰਨ ਲਈ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਯੂਥ ਡਿਵੈਲਪਮੈਂਟ ਬੋਰਡ ਨਾਲ ਜੁੜੇ ਯੂਥ ਕਲੱਬ ਕੋਵਿਡ-19 ਵਿਰੁੱਧ ਵਿੱਢੀ ਜੰਗ ਵਿਚ ਅਹਿਮ ਭੂਮਿਕਾ ਅਦਾ ਕਰਨਗੇ। ਉਨ੍ਹਾਂ ਕਿਹਾ ਕਿ ਬੋਰਡ ਨਾਲ ਜੁੜੇ ਸਾਰੇ ਯੂਥ ਕਲੱਬਾਂ ਵੱਲੋਂ ਆਪਣੇ-ਆਪਣੇ ਪਿੰਡਾਂ ਦੇ ਵਸਨੀਕਾਂ ਨੂੰ ਵੱਡੀ ਗਿਣਤੀ ਵਿੱਚ ਟੀਕਾਕਰਨ ਕਰਵਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਉਹ ਰਾਜ ਭਰ ਦੇ ਸਾਰੇ ਪੀ.ਵਾਈ.ਡੀ.ਬੀ. ਮੈਂਬਰਾਂ ਅਤੇ ਯੂਥ ਕਲੱਬਾਂ ਨੂੰ ਆਪੋ ਆਪਣੇ ਖੇਤਰਾਂ ਵਿੱਚ ਅਜਿਹੇ ਕੈਂਪ ਲਗਾਉਣ ਲਈ ਪ੍ਰੇਰਿਤ ਕਰ ਰਹੇ ਹਨ ਤਾਂ ਜੋ ਅਸੀਂ ਆਪਣੇ ਸਮਾਜ ਵਿੱਚੋਂ ਕੋਵਿਡ-19 ਨੂੰ ਜੜ੍ਹੋਂ ਖਤਮ ਕਰ ਸਕੀਏ।
ਸੁਖਵਿੰਦਰ ਸਿੰਘ ਬਿੰਦਰਾ ਨੇ ਕਿਹਾ ਕਿ ਰਾਜ ਦੇ ਸਮੂਹ ਨੌਜਵਾਨ ਆਪਣਾ ਟੀਕਾਕਰਨ ਲਈ ਉਤਸਾਹਿਤ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਪੀ.ਵਾਈ.ਡੀ.ਬੀ. ਸਾਰੇ ਯੋਗ ਲੋਕਾਂ ਨੂੰ ਕੋਵਿਡ-19 ਟੀਕੇ ਦੀ ਖੁਰਾਕ ਦਿਵਾਉਣ ਲਈ ਠੋਸ ਯਤਨ ਕਰ ਰਹੀ ਹੈ ਅਤੇ ਪੀ.ਵਾਈ.ਡੀ.ਬੀ. ਜਲਦ ਤੋਂ ਜਲਦ ਯੋਗ ਲੋਕਾਂ ਦੀ ਕਵਰੇਜ ਨੂੰ ਯਕੀਨੀ ਬਣਾਉਣ ਯਤਨਸ਼ੀਲ ਹੈ।
ਚੇਅਰਮੈਨ ਨੇ ਕਿਹਾ ਕਿ ਸਿਰਫ ਤੇਜ਼ ਟੀਕਾਕਰਨ ਮੁਹਿੰਮ ਰਾਹੀ ਵੱਧ ਤੋਂ ਵੱਧ ਲੋਕਾਂ ਨੂੰ ਕਵਚ ਮੁਹੱਈਆ ਕਰਵਾਇਆ ਜਾ ਸਕਦਾ ਹੈ, ਜਿਸ ਦੇ ਨਤੀਜੇ ਵਜੋਂ ਇਸ ਬਿਮਾਰੀ ਦੀ ਪਸਾਰ ਲੜੀ ਤੋੜੀ ਜਾ ਸਕਦੀ ਹੈ।
ਇਸ ਮੌਕੇ ਹਾਜ਼ਰ ਪ੍ਰਮੁੱਖ ਲੋਕਾਂ ਵਿੱਚ ਪਾਲ ਸਿੰਘ ਗਰੇਵਾਲ ਕੌਂਸਲਰ, ਹਰਪ੍ਰੀਤ ਸਿੰਘ, ਹੈਪੀ ਮੁੰਡੀਆਂ, ਇੰਦਰਪਾਲ ਗਰੇਵਾਲ, ਗੁਰਦੀਪ ਕੌਰ ਪ੍ਰਧਾਨ ਮਹਿਲਾ ਕਾਂਗਰਸ, ਹਰਮਿੰਦਰ ਕੁਮਾਰ ਪੱਪੀ, ਹਰਪ੍ਰੀਤ ਕੌਰ ਗਰੇਵਾਲ ਬਲਾਕ ਪ੍ਰਧਾਨ, ਮਨਦੀਪ ਸਿੰਘ ਸਾਹਨੇਵਾਲ, ਬਲਜਿੰਦਰ ਕੌਰ, ਸੁਨੀਤਾ ਤੇਜਾਨੀਆ, ਨਿਤਿਨ ਟੰਡਨ ਅਤੇ ਜਸ਼ਨਜੋਤ ਸਿੰਘ ਸ਼ੇਰਗਿੱਲ ਤੋਂ ਇਲਾਵਾ ਹੋਰ ਵੀ ਸ਼ਾਮਲ ਸਨ।

Spread the love