ਪੰਜਾਬ ਪੁਲਿਸ ਵਲੋਂ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਤੇ ਨਿਗਰਾਨੀ ਰੱਖਣ ਲਈ ਡਰੋਨ ਦੀ ਵਰਤੋਂ ਸ਼ੁਰੂ

2 ਦਿਨਾਂ ਦੌਰਾਨ 10 ਜਿ਼ਲ੍ਹਿਆਂ  `ਚ ਸ਼ੁਰੂ ਹੋਈ ਡਰੋਨ ਨਾਲ ਨਿਗਰਾਨੀ
ਕਾਲਾ ਬਜ਼ਾਰੀ ਕਰਨ ਵਾਲਿਆਂ ਅਤੇ ਜਮਾਂਖੋਰਾਂ ਤੇ ਸਿ਼ਕੰਜਾ ਕਸਿਆ, 23 ਇਕਾਈਆਂ ਨੂੰ ਕੀਤਾ ਜੁਰਮਾਨਾ ਅਤੇ 5 ਦੇ ਕੱਟੇ ਚਲਾਨ
ਚੰਡੀਗੜ੍ਹ, 3 ਅਪ੍ਰੈਲ:
ਪੰਜਾਬ ਪੁਲਿਸ ਨੇ ਰਾਜ ਵਿਚ ਕਰਫਿਊ  ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਹੋਰ ਸਖ਼ਤਾਈ ਕਰਨ ਦੇ ਮੱਦੇਨਜ਼ਰ ਡਰੋਨ ਨਿਗਰਾਨੀ ਸ਼ੁਰੂ ਕੀਤੀ ਹੈ। ਇਸ ਨਾਲ ਕਾਲਾ ਬਾਜ਼ਾਰੀ ਕਰਨ ਵਾਲਿਆਂ ਅਤੇ ਜਮ੍ਹਾਂਖੋਰਾਂ `ਤੇ ਭਾਰੀ ਰੋਕ ਲਗੇਗੀ ਕਿਉਂਜੋ ਕਰਫਿਊ ਦੌਰਾਨ  ਜ਼ਰੂਰੀ ਚੀਜ਼ਾਂ ਦੀ ਘਾਟ ਹੋਣ ਦੀਆਂ ਖਬਰਾਂ ਮਿਲੀਆਂ ਸਨ।
ਡੀਜੀਪੀ ਦਿਨਕਰ ਗੁਪਤਾ ਨੇ ਸ਼ੁੱਕਰਵਾਰ ਸ਼ਾਮ ਨੂੰ ਦੱਸਿਆ ਕਿ ਸ਼ੁੱਕਰਵਾਰ ਨੂੰ ਕੁੱਲ 62 ਇਕਾਈਆਂ `ਤੇ ਛਾਪੇ ਮਾਰੇ ਗਏ ਅਤੇ ਇਨ੍ਹਾਂ ਵਿਚ 23 ਇਕਾਈਆਂ ਕਾਲਾ ਬਜ਼ਾਰੀ ਤੇ ਜਮ੍ਹਾਂਖੋਰੀ ਵਿਚ ਸ਼ਾਮਲ ਪਾਈਆਂ ਗਈਆਂ। ਜਿਨ੍ਹਾਂ ਵਿਚ ਗੁਰਦਾਸਪੁਰ (10), ਪਠਾਨਕੋਟ (4), ਕਪੂਰਥਲਾ (4) ਅਤੇ ਜਲੰਧਰ ਦੀ 5 ਇਕਾਈਆਂ ਸ਼ਾਮਲ ਹਨ।ਉਨ੍ਹਾਂ ਦੱਸਿਆ ਕਿ ਇਸ ਇਲਾਵਾ  ਫਿਰੋਜ਼ਪੁਰ ਵਿੱਚ ਪੰਜ ਹੋਰ ਚਲਾਨ  ਕੀਤੇ ਗਏ ਅਤੇ ਬਣਦੀ ਕਾਰਵਾਈ ਤੋਂ ਬਾਅਦ ਜ਼ੁਰਮਾਨਾ ਲਗਾਇਆ ਗਿਆ।
ਵੀਰਵਾਰ ਨੂੰ ਸ਼ੁਰੂ ਕੀਤੀ ਡਰੋਨ ਨਿਗਰਾਨੀ ਸਬੰਧੀ ਦੱਸਦਿਆਂ ਡੀਜੀਪੀ ਨੇ ਕਿਹਾ ਕਿ ਡਰੋਨ ਹੁਣ ਤੱਕ ਮੁਹਾਲੀ, ਸੰਗਰੂਰ, ਫਾਜ਼ਿਲਕਾ, ਹੁਸ਼ਿਆਰਪੁਰ, ਐਸ ਬੀ ਐਸ ਨਗਰ, ਬਰਨਾਲਾ, ਜਲੰਧਰ (ਦਿਹਾਤੀ), ਮੋਗਾ, ਰੋਪੜ ਅਤੇ ਫਤਿਹਗੜ ਸਾਹਿਬ ਵਰਗੇ 10 ਜਿ਼ਲ੍ਹਿਆਂ ਵਿੱਚ 34 ਥਾਵਾਂ ‘ਤੇ ਤਾਇਨਾਤ ਕੀਤੇ ਗਏ ਹਨ।
ਕਰਫਿਊ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ, ਮਨੁੱਖੀ ਸ਼ਕਤੀ ਦੀ ਕੁਸ਼ਲ ਢੰਗ ਨਾਲ ਵਰਤੋਂ ਕਰਨ ਅਤੇ ਵੱਡੇ ਖੇਤਰਾਂ ਦੀ ਕਵਰੇਜ ਲਈ ਡ੍ਰੋਨ ਨਿਗਰਾਨੀ ਬਹੁਤ ਪ੍ਰਭਾਵਸ਼ਾਲੀ ਪਾਈ ਗਈ, ਸ਼ੁੱਕਰਵਾਰ ਸ਼ਾਮ ਤੱਕ 15 ਐਫ.ਆਈ.ਆਰਜ਼. ਦਰਜ ਕੀਤੀਆਂ ਗਈਆਂ ਅਤੇ ਉਲੰਘਣਾ ਕਰਨ ਵਾਲੇ 20 ਵਾਹਨਾਂ ਨੂੰ ਕਬਜੇ ਵਿੱਚ ਲਿਆ ਗਿਆ।
ਡੀਜੀਪੀ ਨੇ ਕਿਹਾ ਕਿ ਪਿਛਲੇ 48 ਘੰਟਿਆਂ ਵਿੱਚ, ਉਲੰਘਣਾ ਕਰਨ ਵਾਲਿਆਂ ਵਿਰੁੱਧ ਕੁੱਲ 900 ਦੇ ਕਰੀਬ ਐਫਆਈਆਰਜ਼ ਦਰਜ ਕੀਤੀਆਂ ਗਈਆਂ ਜਿਨ੍ਹਾਂ ਵਿੱਚ 1250 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ 800 ਵਾਹਨਾਂ ਨੂੰ ਜ਼ਬਤ ਕੀਤਾ ਗਿਆ। ਜਲੰਧਰ ਸ਼ਹਿਰ ਵਿੱਚ ਸਭ ਤੋਂ ਵੱਧ 119 ਐਫ.ਆਈ.ਆਰਜ਼. ਦਰਜ ਕੀਤੀਆਂ ਗਈਆਂ ਅਤੇ ਇਸ ਤੋਂ ਬਾਅਦ ਅੰਮ੍ਰਿਤਸਰ ਸ਼ਹਿਰ ਵਿੱਚ 93 ਐਫਆਈਆਰਜ਼ ਦਰਜ ਕੀਤੀਆਂ ਗਈਆਂ।
 ਸੂਬੇ ਭਰ ਵਿੱਚ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਲਈ 21 ਖੁੱਲ੍ਹੀਆਂ ਜੇਲ੍ਹਾਂ ਵਿੱਚ ਲਗਭਗ 2000 ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।
ਡੀਜੀਪੀ ਨੇ ਅੱਗੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਕੋਵਿਡ -19 ਦੀ ਰੋਕਥਾਮ ਲਈ ਕੀਤੇ ਯਤਨਾਂ ਦੇ ਹਿੱਸੇ ਵਜੋਂ ਕਰਫਿਊ/ਤਾਲਾਬੰਦੀ ਨੂੰ ਸਖ਼ਤੀ ਨਾਲ ਲਾਗੂ ਕਰਨਾ ਘਰਾਂ ਵਿੱਚ ਰਹਿਣ ਵਾਲੇ ਦੂਸਰੇ ਵਿਅਕਤੀਆਂ ਲਈ ਅੜਿਕਾ ਸਾਬਤ ਹੋਇਆ ਹੈ।
  ਜ਼ਿਕਰਯੋਗ ਹੈ ਕਿ ਪੁਲਿਸ ਨੇ ਹੁਣ ਤੱਕ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ 2592 ਵਿਅਕਤੀਆਂ ਦੀ ਗ੍ਰਿਫਤਾਰੀ ਦੇ ਨਾਲ ਕੁੱਲ 1784 ਐਫ.ਆਈ.ਆਰ. ਵੀ ਦਰਜ ਕੀਤੀਆਂ।
——————-
Spread the love