ਪਟਿਆਲਾ ਪੁਲਿਸ ਵੱਲੋਂ ਸਿੱਖਸ ਫ਼ਾਰ ਜਸਟਿਸ ਲਈ ਪ੍ਰਚਾਰ ਕਰਨ ਵਾਲੇ ਗਿਰੋਹ ਦੇ ਤਿੰਨ ਮੈਂਬਰ ਪ੍ਰਚਾਰ ਸਮਗਰੀ ਸਮੇਤ ਗ੍ਰਿਫ਼ਤਾਰ

Harcharan Singh Bhullar
ਪਟਿਆਲਾ ਪੁਲਿਸ ਵੱਲੋਂ ਸਿੱਖਸ ਫ਼ਾਰ ਜਸਟਿਸ ਲਈ ਪ੍ਰਚਾਰ ਕਰਨ ਵਾਲੇ ਗਿਰੋਹ ਦੇ ਤਿੰਨ ਮੈਂਬਰ ਪ੍ਰਚਾਰ ਸਮਗਰੀ ਸਮੇਤ ਗ੍ਰਿਫ਼ਤਾਰ

Sorry, this news is not available in your requested language. Please see here.

ਪਟਿਆਲਾ, 28 ਦਸੰਬਰ 2021

ਐਸ.ਐਸ.ਪੀ. ਪਟਿਆਲਾ ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਵਾਪਰੀਆਂ ਘਟਨਾਵਾਂ ਅਤੇ ਅਗਾਮੀ ਚੋਣਾਂ ਦੇ ਮੱਦੇਨਜ਼ਰ ਮਾੜੇ ਅਨਸਰਾਂ ਖ਼ਿਲਾਫ਼ ਵਿੱਢੀ ਗਈ ਮੁਹਿੰਮ ਤਹਿਤ ਪਟਿਆਲਾ ਪੁਲਿਸ ਨੂੰ ਉਸ ਸਮੇਂ ਕਾਮਯਾਬੀ ਮਿਲੀ, ਜਦੋਂ ਮਿਤੀ 26 ਦਸੰਬਰ 2021 ਨੂੰ ਵੱਖ ਵੱਖ ਧਾਰਮਿਕ ਸਥਾਨਾਂ ਅਤੇ ਹੋਰ ਜਨਤਕ ਥਾਵਾਂ ‘ਤੇ ਜਾ ਕੇ ਭੋਲੇ ਭਾਲੇ ਲੋਕਾਂ ਨੂੰ ਖ਼ਾਲਿਸਤਾਨ ਬਣਾਉਣ ਲਈ ਰੈਫਰੈਂਡਮ ਕਰਾਉਣ ਲਈ ਵੋਟਿੰਗ ਲਈ ਉਕਸਾ ਕੇ ਵੋਟਿੰਗ ਲਈ ਰਜਿਸਟ੍ਰੇਸ਼ਨ ਫਾਰਮ ਵੰਡ ਰਹੇ ਦੋ ਵਿਅਕਤੀਆਂ ਨੂੰ ਸਮੇਤ ਇੱਕ ਔਰਤ ਦੇ ਭਾਰੀ ਮਾਤਰਾ ਵਿੱਚ ਖ਼ਾਲਿਸਤਾਨ ਪੱਖੀ ਅਤੇ ਭਾਰਤ ਵਿਰੋਧੀ ਸਮਗਰੀ ਸਮੇਤ ਕਾਬੂ ਕੀਤਾ ਗਿਆ ਹੈ।

ਹੋਰ ਪੜ੍ਹੋ :-ਬ੍ਰਹਮ ਮਹਿੰਦਰਾ ਵੱਲੋਂ ਇੰਪਰੂਵਮੈਂਟ ਟਰਸਟ ਨਾਭਾ ਦੀ ਮਾਤਾ ਚਿੰਤਪੁਰਨੀ ਕਮਰਸ਼ੀਅਲ ਕੰਪਲੈਕਸ ਸਕੀਮ ਦਾ ਆਗਾਜ਼

ਐਸ.ਐਸ.ਪੀ ਸ. ਭੁੱਲਰ ਨੇ ਇਸ ਸਬੰਧੀ ਵਿਸਥਾਰ ‘ਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੀ.ਐਸ.ਪੀ ਸਰਕਲ ਰਾਜਪੁਰਾ ਗੁਰਬੰਸ ਸਿੰਘ ਬੈਂਸ ਦੀ ਅਗਵਾਈ ਹੇਠ ਮੁੱਖ ਅਫ਼ਸਰ ਥਾਣਾ ਬਨੂੜ ਇੰਸਪੈਕਟਰ ਤੇਜਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਨੇੜੇ ਬੰਨੋ ਮਾਈ ਮੰਦਿਰ ਮੇਨ ਰੋੜ ਬਨੂੜ ਨੇੜੇ ਮੌਜੂਦ ਸੀ ਤਾਂ ਇਤਲਾਹ ਮਿਲੀ ਕਿ ਜਗਮੀਤ ਸਿੰਘ, ਰਵਿੰਦਰ ਸਿੰਘ ਖ਼ਾਲਿਸਤਾਨ ਦੇ ਹੱਕ ਵਿੱਚ ਪ੍ਰਚਾਰ ਕਰ ਰਹੇ ਹਨ। ਵੱਖ-ਵੱਖ ਧਾਰਮਿਕ ਸਥਾਨਾਂ ਅਤੇ ਹੋਰ ਸਰਵਜਨਕ ਥਾਵਾਂ ‘ਤੇ ਜਾ ਕੇ ਭੋਲੇ ਭਾਲੇ ਲੋਕਾਂ ਨੂੰ ਖ਼ਾਲਿਸਤਾਨ ਬਣਾਉਣ ਲਈ ਰੈਫਰੈਂਡਮ ਕਰਾਉਣ ਲਈ ਵੋਟਿੰਗ ਲਈ ਉਕਸਾ ਕੇ ਵੋਟਿੰਗ ਲਈ ਰਜਿਸਟ੍ਰੇਸ਼ਨ ਫਾਰਮ ਵੰਡ ਰਹੇ ਹਨ। ਧਾਰਮਿਕ ਸਥਾਨਾਂ ਅਤੇ ਜਨਤਕ ਥਾਵਾਂ ਤੇ ਖ਼ਾਲਿਸਤਾਨ ਜ਼ਿੰਦਾਬਾਦ ਅਤੇ ਅਜ਼ਾਦੀ ਦਾ ਇੱਕੋ ਹੱਲ ਖ਼ਾਲਿਸਤਾਨ ਆਦਿ ਨਾਅਰੇ ਲਿਖ ਰਹੇ ਹਨ ਅਤੇ ਪੋਸਟਰ ਚਿਪਕਾ ਰਹੇ ਹਨ।

ਇਹਨਾਂ ਨੂੰ ਇਹ ਪੋਸਟਰ ਹੋਰ ਪ੍ਰਿੰਟਿੰਗ ਸਮਗਰੀ ਜਗਮੀਤ ਸਿੰਘ ਦੀ ਮਾਤਾ ਜਸਵੀਰ ਕੌਰ ਮੁਹੱਈਆ ਕਰਵਾ ਰਹੀ ਹੈ। ਜਿਸ ‘ਤੇ ਦੋਸ਼ੀਆਂ ਖ਼ਿਲਾਫ਼ ਮੁਕੱਦਮਾ ਨੰਬਰ 144 ਮਿਤੀ 26-12-2021 ਅਧੀਨ ਧਾਰਾ 153ਏ, 505 (2),505 (3),120ਬੀ-ਆਈ.ਪੀ.ਸੀ. ਥਾਣਾ ਬਨੂੜ ਦਰਜ ਕਰਾਕੇ ਨਾਕਾ ਬੰਦੀ ਕਰਕੇ ਦੋਸ਼ੀਆਂ ਜਗਮੀਤ ਸਿੰਘ ਅਤੇ ਰਵਿੰਦਰ ਸਿੰਘ ਨੂੰ ਬੱਸ ਸਟੈਂਡ ਬਨੂੜ ਨੇੜੇ ਤੋ ਗ੍ਰਿਫ਼ਤਾਰ ਕੀਤਾ ਅਤੇ ਦੋਸ਼ੀਆਂ ਦੇ ਕਬਜ਼ੇ ਵਿੱਚੋਂ ਭਾਰੀ ਮਾਤਰਾ ਵਿੱਚ ਪ੍ਰਿੰਟ ਅਤੇ ਹੋਰ ਪ੍ਰਚਾਰ ਸਮਗਰੀ ਬਰਾਮਦ ਕੀਤੀ। ਉਨ੍ਹਾਂ ਦੱਸਿਆ ਕਿ ਤੀਜੀ ਦੋਸ਼ਣ ਜਸਵੀਰ ਕੌਰ ਜੋ ਦੋਸ਼ੀਆਂ ਉਕਤਾਨ ਨੂੰ ਰਿਫਰੈਂਡਮ ਵੋਟਿੰਗ ਰਜਿਸਟ੍ਰੇਸ਼ਨ ਫਾਰਮ ਦੇਣ ਲਈ ਪੁਰਾਣਾ ਸੇਲ ਟੈਕਸ ਬੈਰੀਅਰ ਖੜੀ ਸੀ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਕਬਜ਼ੇ ਵਿੱਚੋਂ ਪ੍ਰਿੰਟ ਪ੍ਰਚਾਰ ਸਮਗਰੀ ਬਰਾਮਦ ਕੀਤੀ ਗਈ ਹੈ।

ਸ. ਭੁੱਲਰ ਨੇ ਹੋਰ ਜਾਣਕਾਰੀ ਦਿੰਦਿਆ ਦੱਸਿਆ ਕਿ ਦੋਸ਼ੀਆਂ ਦੀ ਮੁੱਢਲੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਗਿਰੋਹ ਦੀ ਸਰਗਣਾ ਜਸਵੀਰ ਕੌਰ ਉਕਤ ਹੈ, ਜਿਸ ਦਾ ਪਤੀ ਕੁਲਦੀਪ ਸਿੰਘ ਜੋ ਪੰਜਾਬ ਰੋਡਵੇਜ਼ ਚੰਡੀਗੜ੍ਹ ਵਿਖੇ ਸੁਪਰਡੈਂਟ ਦੀ ਨੌਕਰੀ ਕਰਦਾ ਹੈ। ਇਨ੍ਹਾਂ ਦਾ ਪਿਛੋਕੜ ਜ਼ਿਲ੍ਹਾ ਗੁਰਦਾਸਪੁਰ ਨਾਲ ਹੈ, ਜੋ ਕਿ ਕਰੀਬ 12-13 ਸਾਲ ਪਹਿਲਾਂ ਉੱਥੋਂ ਸ਼ਿਫਟ ਹੋ ਕੇ ਸਨ। ਕੁਲਦੀਪ ਸਿੰਘ ਅਖੰਡ ਕੀਰਤਨੀ ਜਥੇ ਵਿੱਚ ਸੇਵਾ ਕਰਨ ਲਈ ਆਪਣੇ ਪਰਿਵਾਰ ਸਮੇਤ ਗੁਰਦੁਆਰਾ ਸਾਹਿਬ ਸ਼੍ਰੀ ਫ਼ਤਿਹਗੜ੍ਹ ਸਾਹਿਬ ਜਾਂਦਾ ਸੀ, ਜਿੱਥੇ ਦੋਸ਼ੀ ਰਵਿੰਦਰ ਸਿੰਘ ਵੀ ਸੇਵਾ ਕਰਦਾ ਸੀ। ਰਵਿੰਦਰ ਸਿੰਘ ਅਤੇ ਜਗਮੀਤ ਸਿੰਘ ਦੇ ਆਪਸ ਵਿੱਚ ਵਿਚਾਰ ਮਿਲਣ ਕਰਕੇ ਦੋਸਤੀ ਹੋ ਗਈ ਅਤੇ ਦੋਵੇਂ ਹੀ ਇਸ ਗ਼ੈਰਕਨੂੰਨੀ ਗਤੀਵਿਧੀਆਂ ਵਿੱਚ ਸਰਗਰਮ ਹੋ ਗਏ।

ਉਨ੍ਹਾਂ ਦੱਸਿਆ ਕਿ ਦੋਸ਼ਣ ਜਸਵੀਰ ਕੌਰ ਦਾ ਪਰਿਵਾਰਿਕ ਪਿਛੋਕੜ ਵੀ ਅੱਤਵਾਦ ਨਾਲ ਜੁੜਿਆ ਹੋਇਆ ਹੈ। ਜਸਵੀਰ ਕੌਰ ਦਾ ਜੇਠ ਮਨਜੀਤ ਸਿੰਘ ਪੁੱਤਰ ਅਰਜਨ ਸਿੰਘ ਵਾਸੀ ਦਰਗਾਪੁਰ ਜ਼ਿਲ੍ਹਾ ਗੁਰਦਾਸਪੁਰ ਅੱਤਵਾਦ ਦੇ ਸਮੇਂ ਅੱਤਵਾਦੀ ਜਥੇਬੰਦੀ ਬੱਬਰ ਖਾਲਸਾ ਇੰਟਰਨੈਸ਼ਨਲ (ਸੁਖਦੇਵ ਬੱਬਰ ਗਰੁੱਪ) ਦਾ ਏਰੀਆ ਕਮਾਂਡਰ ਰਿਹਾ ਹੈ ਅਤੇ ਅੱਤਵਾਦ ਦੌਰਾਨ ਮਾਰਿਆ ਗਿਆ ਸੀ। ਜਸਵੀਰ ਕੌਰ ਹੁਣ ਆਪਣੇ ਪੁੱਤਰ ਅਤੇ ਹੋਰ ਮੇਲ ਮਿਲਾਪਿਆਂ ਨੂੰ ਭਾਰਤ ਦੇਸ਼ ਦੀ ਪ੍ਰਭੂਸੱਤਾ, ਏਕਤਾ ਅਤੇ ਅਖੰਡਤਾ ਖ਼ਿਲਾਫ਼ ਕੰਮ ਕਰਨ ਲਈ ਪ੍ਰੇਰਿਤ ਕਰ ਰਹੀ ਹੈ।

ਦੋਸ਼ੀਆਂ ਦੁਆਰਾ ਰਿਫਰੈਡਮ 2020 ਦੇ ਵੋਟਿੰਗ ਲਈ ਪ੍ਰਚਾਰ ਸਮਗਰੀ ਇਕੱਠੀ ਕਰਨ ਅਤੇ ਸੋਸ਼ਲ ਮੀਡੀਆ ਦੇ ਐਕਟਿਵ ਹੋਣ ਬਾਰੇ ਵੇਰਵਾ :

ਦੋਸ਼ਣ ਜਸਵੀਰ ਕੌਰ ਅਤੇ ਉਸਦਾ ਪੁੱਤਰ ਜਗਮੀਤ ਸਿੰਘ ਸੋਸ਼ਲ ਮੀਡੀਆ ਜਿਵੇਂ ਕਿ ਵੱਟਸਐਪ, ਇੰਸਟਾਗ੍ਰਾਮ ਅਤੇ ਯੂ-ਟਿਊਬ ਰਾਹੀ ਵੱਖ ਵੱਖ ਖ਼ਾਲਿਸਤਾਨ ਬਣਾਉਣ ਸਬੰਧੀ ਰਿਫਰੈਡਮ-2020, ਸਿੱਖ ਫ਼ਾਰ ਜਸਟਿਸ ਵਰਗੀਆਂ ਬੈਨ ਕੀਤੀਆਂ ਹੋਈਆਂ ਆਰਗੇਨਾਈਜ਼ੇਸ਼ਾਂ ਨਾਲ ਜੁੜੇ ਹੋਏ ਸਨ। ਸਿੱਖ ਫ਼ਾਰ ਜਸਟਿਸ ਜੋ ਕਿ ਵਿਦੇਸ਼ ਵਿੱਚ ਬੈਠੇ ਵਿਅਕਤੀ ਇੰਟਰਨੈੱਟ ਰਾਹੀ ਸੋਸ਼ਲ ਮੀਡੀਆ ਚਲਾ ਰਹੇ ਹਨ ਅਤੇ ਭਾਰਤ ਵਿੱਚ ਇਹ ਜਥੇਬੰਦੀ ਬੈਨ ਹੈ ਅਤੇ ਇਹ ਜਥੇਬੰਦੀ ਪੰਜਾਬ ਦੇ ਭੋਲੇ ਭਾਲੇ ਨੌਜਵਾਨਾਂ ਨੂੰ ਗਲਤ ਤਰੀਕੇ ਨਾਲ ਪ੍ਰੇਰਿਤ ਕਰਕੇ ਦੇਸ਼ ਵਿਰੋਧੀ ਗਤੀਵਿਧੀਆਂ ਕਰਨ ਲਈ ਪ੍ਰੇਰਿਤ ਕਰਦੀ ਹੈ ਅਤੇ ਰਿਫਰੈਡਮ-2020 ਲਈ ਵੋਟਿੰਗ ਕਰਨ ਲਈ ਉਤਸ਼ਾਹਿਤ ਕਰਦੀ ਹੈ। ਦੋਸ਼ਣ ਜਸਵੀਰ ਕੌਰ ਨੂੰ ਕੁੱਝ ਫੰਡਿੰਗ ਖ਼ਾਲਿਸਤਾਨ ਦੇ ਪ੍ਰਚਾਰ ਕਰਨ ਸਬੰਧੀ ਆਈ ਸੀ।

ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 06 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ।ਮੁਕੱਦਮਾ ਦੀ ਤਫ਼ਤੀਸ਼ ਜਾਰੀ ਹੈ ਅਤੇ ਆਉਣ ਵਾਲੇ ਸਮੇਂ ਇਨ੍ਹਾਂ ਨਾਲ ਹੋਰ ਕੌਣ-2 ਇਸ ਜੁਰਮ ਵਿੱਚ ਭਾਈਵਾਲ ਹੈ ਅਤੇ ਕੌਣ-2 ਦੇਸ਼ ਅਤੇ ਵਿਦੇਸ਼ ਤੋਂ ਇਨ੍ਹਾਂ ਦੀ ਮਦਦ ਕਰ ਰਿਹਾ ਹੈ, ਬਾਰੇ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।

Spread the love