ਵਿਸ਼ਵ ਅਮਨ ਦੀ ਸਲਾਮਤੀ ਲਈ ਕਲਮਾਂ, ਬੁਰਸ਼ਾਂ ਸਾਜ਼ਾਂ ਵਾਲਿਆਂ ਦਾ ਮਜਬੂਤ ਕਾਫ਼ਲਾ ਬਣਾਉਣ ਦੀ ਲੋੜ- ਫ਼ਖ਼ਰ ਜ਼ਮਾਂ

ਵਿਸ਼ਵ ਅਮਨ ਦੀ ਸਲਾਮਤੀ ਲਈ ਕਲਮਾਂ, ਬੁਰਸ਼ਾਂ ਸਾਜ਼ਾਂ ਵਾਲਿਆਂ ਦਾ ਮਜਬੂਤ ਕਾਫ਼ਲਾ ਬਣਾਉਣ ਦੀ ਲੋੜ- ਫ਼ਖ਼ਰ ਜ਼ਮਾਂ
ਵਿਸ਼ਵ ਅਮਨ ਦੀ ਸਲਾਮਤੀ ਲਈ ਕਲਮਾਂ, ਬੁਰਸ਼ਾਂ ਸਾਜ਼ਾਂ ਵਾਲਿਆਂ ਦਾ ਮਜਬੂਤ ਕਾਫ਼ਲਾ ਬਣਾਉਣ ਦੀ ਲੋੜ- ਫ਼ਖ਼ਰ ਜ਼ਮਾਂ

Sorry, this news is not available in your requested language. Please see here.

ਲਾਹੌਰ 15 ਮਾਰਚ 2022

ਲਾਹੌਰ ਸਥਿਤ ਡੇਵਿਸ ਰੋਡ ਤੇ ਹੋਟਲ ਪਾਕ ਹੈਰੀਟੇਜ ਵਿੱਚ ਅੱਜ ਸ਼ੁਰੂ ਹੋਈ 31ਵੀਂ ਵਿਸ਼ਵ ਪੰਜਾਬੀ ਅਮਨ ਕਾਨਫਰੰਸ ਦਾ ਉਦਘਾਟਨੀ ਭਾਸ਼ਨ ਦਿੰਦਿਆਂ ਵਿਸ਼ਵ ਪੰਜਾਬੀ ਕਾਂਗਰਸ ਦੇ ਕੌਮਾਂਤਰੀ ਚੇਅਰਮੈਨ ਜਨਾਬ ਫ਼ਖ਼ਰ ਜ਼ਮਾਂ ਨੇ ਕਿਹਾ ਹੈ ਕਿ ਵਿਸ਼ਵ ਅਮਨ ਦੀ ਸਦੀਵੀ ਰਖਵਾਲੀ ਲਈ ਕਲਮਕਾਰਾਂ, ਚਿਤਰਕਾਰਾਂ ਤੇ ਸੰਗੀਤਕਾਰਾਂ ਨੂੰ ਮਜਬੂਤ ਕਾਫ਼ਲੇ ਬਣਾਉਣ ਦੀ ਲੋੜ ਹੈ ਤਾਂ ਜੋ ਪਾਏਦਾਰ ਅਮਨ ਰਾਹੀਂ ਵਿਕਾਸ ਦੇ ਮੌਕੇ ਵਧ ਸਕਣ। ਉਨ੍ਹਾਂ ਕਿਹਾ ਕਿ ਦੱਖਣੀ ਏਸ਼ੀਆ ਦੇ ਦੋਵੇਂ ਮੁਲਕ ਭਾਰਤ ਤੇ ਪਾਕਿਸਤਾਨ ਇਸ ਕਾਫ਼ਲੇ ਦੀ ਅਗਵਾਈ ਕਰਨ ਦੇ ਸਮਰੱਥ ਹਨ। ਉਨ੍ਹਾਂ ਡਾਃ ਦੀਪਕ ਮਨਮੋਹਨ ਸਿੰਘ ਅਤੇ ਸਹਿਜਪ੍ਰੀਤ ਸਿੰਘ ਮਾਂਗਟ ਦੀ ਭਰਵੇਂ ਸਹਿਯੋਗ ਦੀ ਸ਼ਲਾਘਾ ਕੀਤੀ ਜਿਹੜੇ 50 ਡੈਲੀਗੇਟ ਲੈ ਕੇ ਭਾਰਤ ਕੋਂ ਲਾਹੌਰ ਪੁੱਜੇ ਹਨ।

ਹੋਰ ਪੜ੍ਹੋ :-ਹਲਕਾ ਲੁਧਿਆਣਾ ਪੱਛਮੀ ਤੋਂ ਵਿਧਾਇਕ ਗੋਗੀ ਵੱਲੋਂ ਬਿਜਲੀ ਵਿਭਾਗ ਨੂੰ ਨਿਰਦੇਸ਼, ਖ਼ਪਤਕਾਰਾਂ ਦੇ ਕੱਟੇ ਹੋਏ ਬਿਜਲੀ ਕੁਨੈਕਸ਼ਨ ਤੁਰੰਤ ਬਹਾਲ ਕੀਤੇ ਜਾਣ

ਗੁਜਰਾਤ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਤੇ ਉੱਘੇ ਸਿੱਖਿਆ ਸ਼ਾਸਤਰੀ ਡਾਃ ਨਿਜ਼ਾਮੂਦੀਨ  ਨੇ ਮੁੱਖ ਸੁਰ ਭਾਸ਼ਨ ਦਿੰਦਿਆ ਕਿਹਾ ਕਿ ਜ਼ਬਾਨਾਂ ਸਿਰਫ਼ ਸਿਰਜਣਾਤਮਕ ਸਾਹਿੱਤ ਨਾਲ ਹੀ ਵਿਕਾਸ ਨਹੀਂ ਕਰਦੀਆਂ ਸਗੋਂ ਤਕਨੀਕੀ ਗਿਆਨ, ਮੈਡੀਕਸ ਸਿੱਖਿਆ ਅਤੇ ਸਮਾਜ ਵਿਗਿਆਨ ਨੂੰ ਮਾਂ ਬੋਲੀ ਵਿੱਚ ਪੜ੍ਹਨ ਪੜ੍ਹਾਉਣ ਨਾਲ ਹੀ ਵਿਕਾਸ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਸਿੰਧ ਵਿੱਚ ਸਿੰਧੀ , ਪਖਤੂਨਵਾ ਚ ਪਸ਼ਤੋ ਵਾਂਗ ਪੰਜਾਬ ਚ ਪੰਜਾਬੀ ਨੂੰ ਪ੍ਰਾਇਮਰੀ ਪੱਧਰ ਤੋਂ ਸਿੱਖਿਆ ਤੰਤਰ ਦਾ ਹਿੱਸਾ ਬਣਾਉਣ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਨਨਕਾਣਾ ਸਾਹਿਬ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਉਸਾਰੀ ਅਧੀਨ  ਹੈ। ਡਾਃ ਨਿਜ਼ਾਮੁਦੀਨ  ਇਸ ਯੂਨੀਵਰਸਿਟੀ ਦੇ ਸਥਾਪਨਾ ਸਮੇਂ ਤੋਂ ਹੀ ਜੁੜੇ ਹੋਏ ਹਨ।

ਪੰਜਾਬੀ ਅਕਾਡਮੀ ਦਿੱਲੀ ਦੇ ਸਾਬਕਾ ਸਕੱਤਰ ਗੁਰਭੇਜ ਸਿੰਘ ਗੋਰਾਇਆ ਨੇ ਦਿੱਲੀ ਸਰਕਾਰ ਦੇ ਮੁੱਖ ਸਕੱਤਰ ਵਿਜੈ ਦੇਵ ਦਾ ਕਾਨਫਰੰਸ ਦੀ ਕਾਮਯਾਬੀ ਲਈ ਭੇਜਿਆ ਸੰਦੇਸ਼ ਸੁਣਾਇਆ ਅਤੇ ਉਸ ਦੀ ਕਾਪੀ ਫ਼ਖ਼ਰ ਜ਼ਮਾਂ ਜੀ ਨੂੰ ਭੇਂਟ ਕੀਤੀ।

ਡਾਃ ਫ਼ਾਤਿਮਾ  ਹੁਸੈਨ ਪ੍ਰੋਫੈਸਰ ਦਿੱਲੀ ਯੂਨੀਵਰਸਿਟੀ ਨੇ ਆਪਣੇ ਖੋਜ ਪੱਤਰ ਚ ਕਿਹਾ ਕਿ ਸੂਫ਼ੀ ਸਿਲਸਿਲੇ ਦੇ ਚਿਸ਼ਤੀ ਫ਼ਕੀਰਾਂ ਨੇ ਹਿੰਦੂ ਮੁਸਲਿਮ ਪਾੜੇ ਨੂੰ ਘਟਾਉਣ ਵਿੱਚ ਸਭ ਤੋਂ ਵੱਡਾ ਹਿੱਸਾ ਪਾਇਆ। ਉਨ੍ਹਾ ਇਸ ਗੱਲ ਤੇ ਜ਼ੋਰ ਦਿੱਤਾ ਕਿ  ਦੱਖਣੀ ਏਸ਼ੀਆ ਦੇ ਸਦੀਵੀ ਅਮਨ ਚੈਨ ਨੂੰ ਸਦੀਵੀ ਬਣਾਉਣ ਲਈ ਚਿਸ਼ਤੀ ਫ਼ਕੀਰਾਂ ਨੂੰ ਮੁੜ ਸਮਝਣ ਤੇ ਵਿਚਾਰਨ ਦੀ ਲੋੜ ਹੈ।

ਸ਼੍ਰੀ ਗੁਰੂ ਗਰੰਥ ਸਾਹਿਬ ਯੂਨੀਵਰਸਿਟੀ ਦੇ ਸਾਬਕਾ ਰਜਿਸਟਰਾਰ ਤੇ ਪ੍ਰਸਿੱਧ ਪੰਜਾਬੀ ਆਲੋਚਕ ਡਾਃ ਸ਼ਿੰਦਰਪਾਲ ਸਿੰਘ ਨੇ ਕਿਹਾ ਕਿ ਵਿਸ਼ਵ ਪੰਜਾਬੀ ਕਾਨਫਰੰਸਾਂ ਰਾਹੀਂ ਲੇਖਕਾਂ ,ਬੁੱਧੀਜੀਵੀਆਂ ਤੇ ਕਲਾਕਾਰਾਂ ਨੂੰ ਵਿਸ਼ਵ ਪੱਧਰ ਤੇ ਆਪਣੀ ਗੱਲ ਕਹਿਣ ਦਾ ਆਧਾਰ ਭੂਮੀ ਮਿਲੀ ਹੈ। ਉਨ੍ਹਾਂ ਕਿਹਾ ਕਿ ਨਨਕਾਣਾ ਸਾਹਿਬ ਵਿੱਚ ਉੱਸਰ ਰਹੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਕਰਤਾਰਪੁਰ ਸਾਹਿਬ ਲਾਂਘਾ ਵੀ ਵਿਸ਼ਵ ਪੰਜਾਬੀ ਕਾਨਫਰੰਸਾਂ ਦੀ ਹੀ ਮੰਗ ਸੀ। ਅੱਜ ਦੱਖਣੀ ਏਸ਼ੀਆ ਦੇ ਪਾਏਦਾਰ ਅਮਨ ਲਈ ਭਾਰਤ ਪਾਕਿਸਤਾਨ ਤੇ ਬਾਕੀ ਮੁਲਕਾਂ ਚ ਵੱਸਦੇ ਅਦੀਬਾਂ ਨੂੰ ਅੱਗੇ ਵਧਾਉਣ ਦੀ ਲੋੜ ਹੈ। ਅੱਜ ਯੂਕਰੇਨ ਚ ਹੋ ਰਹੀ ਤਬਾਹੀ ਨੂੰ ਵੀ ਤੀਸਰੀ ਵਿਸ਼ਵ ਜੰਗ ਦੇ ਪ੍ਰਸੰਗ ਚ ਵੇਖਣ ਤੇ ਬੋਲਣ ਦੀ ਜ਼ਰੂਰਤ ਹੈ।

ਚੰਡੀਗੜ੍ਹ ਤੋਂ ਆਏ ਵਿਦਵਾਨ ਲੇਖਕ ਤੇ ਕਵੀ ਹਰਵਿੰਦਰ ਗੁਲਾਬਾਸੀ ਨੇ ਕਿਹਾ ਅੱਜ ਚਿਸ਼ਤੀ ਫਿਰਕੇ ਦੇ ਸੂਫ਼ੀਆਂ ਦੇ ਖ਼ਾਨਗਾਹ ਮਾਡਲ ਨੂੰ ਅੱਗੇ ਵਧਾ ਕੇ ਗਲੋਬਲ ਖ਼ਾਨਗਾਹ ਉਸਾਰਨ ਦੀ ਲੋੜ ਹੈ। ਇਸ ਵੱਡੀ ਬੁੱਕਲ ਚ ਹੀ ਵਿਸ਼ਵ ਅਮਨ ਦੇ ਨੁਕਤੇ ਪਏ ਹਨ।
ਉਰਦੂ ਨਾਵਲਕਾਰ ਤੇ ਵਿਸ਼ਵ ਪੰਜਾਬੀ ਕਾਂਗਰਸ ਦੇ ਸਕੱਤਰ ਜਨਰਲ ਡਾਃ ਅਬਦਾਲ ਬੇਲਾ ਨੇ ਕਿਹਾ ਕਿ ਬਾਬਾ ਫ਼ਰੀਦ, ਬਾਬਾ ਬੁੱਲ੍ਹੇ ਸ਼ਾਹ, ਸ਼ਾਹ ਹੁਸੈਨ, ਸੁਲਤਾਨ ਬਾਹੂ, ਗੁਲਾਮ ਫ਼ਰੀਦ,ਮੀਆਂ ਮੁਹੰਮਦ ਬਖ਼ਸ਼ ਸਾਹਿਬ ਵਰਗੇ ਸੂਫ਼ੀ ਸ਼ਾਇਰਾਂ ਨੇ ਪੰਜਾਬੀ ਕਾਵਿ ਸਿਰਜਣ ਰਾਹੀਂ ਧਰਤੀ ਨੂੰ ਜ਼ਬਾਨ ਦਿੱਤੀ। ਉਨ੍ਹਾ ਆਪਣੇ ਉਰਦੂ ਨਾਵਲ ਦਰਵਾਜ਼ਾ ਖੁਲਤਾ ਦੇ ਹਵਾਲੇ ਨਾਲ ਕਿਹਾ ਕਿ ਇਹ ਨਾਵਲ ਲਿਖਿਆ ਭਾਵੇਂ ਪਾਕਿਸਤਾਨ ਚ ਗਿਆ ਪਰ ਇਸ ਦਾ ਵਿਚਰਨ ਘੇਰਾ ਦੋਰਾਹਾ, ਕਟਾਣੀ ਰਾਮਪੁਰ ਤੇ ਬੇਗੋਵਾਲ ਵਰਗੇ ਭਾਰਤੀ ਪੰਜਾਬ ਦੇ ਪਿੰਡ ਹਨ। ਇਹ ਮੇਰੇ ਪੁਰਖ਼ਿਆਂ ਦੀ ਧਰਤੀ ਹੈ ਜੋ ਮੇਰੇ ਸਾਹਾਂ ਚ ਰਮੀ ਹੋਈ ਹੈ।

ਹੁਣ ਮੈਗਜ਼ੀਨ ਦੇ ਮੁੱਖ ਸੰਪਾਦਕ ਸੁਸ਼ੀਲ ਦੋਸਾਂਝ  ਨੇ ਆਪਣੇ ਪਰਚੇ ‘ਚ ਕਿਹਾ ਕਿ ਸਮਾਂਤਰ ਮੀਡੀਆ ਅਨੇਕ ਦੁਸ਼ਵਾਰੀਆਂ ਦੇ ਬਾਵਜੂਦ ਅਨੇਕਾਂ ਨਵੇਂ ਦਿਸਹੱਦੇ ਸਿਰਜ ਰਿਹਾ ਹੈ। ਉਨ੍ਹਾਂ ਕਿਹਾ ਕਿ ਤੂਫ਼ਾਨ ਨਾਲ ਚਿਰਾਗ ਵੀ ਲੜ ਸਕਦਾ ਹੈ। ਸਾਡੀਆਂ ਕਵਿਤਾਵਾਂ, ਨਾਵਲ ਤੇ ਕਹਾਣੀਆਂ ਵਿਸ਼ਵ ਅਮਨ ਦੀ ਸਲਾਮਤੀ ਲਈ ਚਿਰਾਗ ਮਾਤਰ ਹਨ। ਉਨ੍ਹਾਂ ਕਿਹਾ ਕਿ ਸਾਨੂੰ ਇਹ ਪਰਚਮ ਲੈ ਕੇ ਅੱਗੇ ਵਧਣਾ ਪਵੇਗਾ।

ਆ ਸੋਹਣਿਆ ਅੰਬਰਸਰ ਘੁੰਮੀਏਂ,ਪੈਰਾਂ ‘ਚ ਕਸੂਰੀ ਜੁੱਤੀਆਂ।

ਧੰਨਵਾਦੀ ਸ਼ਬਦ ਬੋਲਦਿਆਂ ਵਿਸ਼ਵ ਪੰਜਾਬੀ ਕਾਂਗਰਸ ਦੀ ਭਾਰਤੀ ਇਕਾਈ ਦੇ ਪ੍ਰਧਾਨ ਡਾਃ ਦੀਪਕ ਮਨਮੋਹਨ ਸਿੰਘ ਨੇ ਕਿਹਾ ਕਿ ਇਸ ਇਕੱਤਵੀਂ ਕਾਨਫ਼ਰੰਸ ਵਿੱਚ ਬਹੁਤ ਮੁੱਲਵਾਨ ਗੱਲਾਂ ਹੋਈਆਂ ਹਨ ਅਤੇ ਅਗਲੇ ਦਿਨਾਂ ਚ ਹੋਰ ਵੀ ਹੋਣਗੀਆਂ। ਉਨ੍ਹਾਂ ਕਿਹਾ ਕਿ ਪੰਜਾਬੀਆਂ ਦੀ ਵੰਨ ਸੁਵੰਨੀ ਫੁਲਕਾਰੀ ਬਚਾਉਣ ਲਈ ਅਸੀਂ ਰੇਸ਼ਮੀ ਧਾਗਿਆਂ ਵਾਲਾ ਯੋਗਦਾਨ ਪਾਉਣਾ ਚਾਹੀਦਾ ਹੈ।
ਭਾਰਤੀ ਵਫ਼ਦ ਦੇ ਮੁੱਖ ਸੰਯੋਜਕ ਸਹਿਜਪ੍ਰੀਤ ਸਿੰਘ ਮਾਂਗਟ ਨੇ ਭਾਰਤ ਤੋਂ ਆਏ ਡੈਲੀਗੇਸ਼ਨ ਦੀ ਜਾਣ ਪਛਾਣ ਕਰਵਾਈ। ਉਨ੍ਹਾਂ ਕਿਹਾ ਕਿ ਅਗਲੇ ਸਾਲ ਇਹ ਕਾਨਫ਼ਰੰਸ ਲੁਧਿਆਣਾ ਜਾਂ ਪਟਿਆਲਾ ਚ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।

ਇਸ ਕਾਨਫਰੰਸ ਮੌਕੇ ਦਰਸ਼ਨ ਬੁੱਟਰ ਦਾ ਸੱਜਰਾ ਕਾਵਿ ਸੰਗ੍ਰਹਿ ਗੰਠੜੀ ਨੂੰ ਜਨਾਬ ਫ਼ਖਰ ਜਮਾਂ, ਡਾਃਦੀਪਕ ਮਨਮੋਹਨ ਸਿੰਘ, ਗੁਰਭਜਨ ਗਿੱਲ, ਗੁਰਭੇਜ ਸਿੰਘ ਗੋਰਾਇਆ, ਸਤੀਸ਼ ਗੁਲਾਟੀ ਅਤੇ  ਡਾ ਅਬਦਾਲ ਬੇਲਾ ਨੇ ਲੋਕ ਅਰਪਨ ਕੀਤਾ। ਇਸ ਮੌਕੇ ਫਾਰੂਖ਼ ਫਖ਼ਰ ਦੀ ਸੁਲਤਾਨ ਬਾਹੂ ਬਾਰੇ ਬਣਾਈ ਦਸਤਾਵੇਜੀ ਫਿਲਮ ਦਾ ਵੀ ਪ੍ਰਦਰਸ਼ਨ ਕੀਤਾ ਗਿਆ।
ਮੁਹੰਮਦ ਆਸਿਫ਼ ਰਜ਼ਾ ਦੀ ਸ਼ਾਹਮੁਖੀ ਵਿੱਚ ਲਿਪੀਅੰਤਰ ਕੀਤੀ ਗੁਰਭਜਨ ਗਿੱਲ ਦੀ ਸੱਜਰੀ ਗ਼ਜ਼ਲ ਕਿਤਾਬ ਸੁਰਤਾਲ ਕੱਲ੍ਹ ਲੋਕ ਅਰਪਨ ਕੀਤੀ ਜਾਵੇਗੀ।

ਇਸ ਸਮਾਗਮ  ਵਿੱਚ ਪਾਕਿਸਤਾਨ ਦੇ ਪ੍ਰਸਿੱਧ ਸ਼ਾਇਰ ਬਾਬਾ ਨਜਮੀ, ਭਾਰਤੀ ਵਫ਼ਦ ਚ ਆਏ ਕਵੀ ਦਰਸ਼ਨ ਬੁੱਟਰ, ਗੁਰਭਜਨ ਗਿੱਲ ਤੇ ਗੁਰਤੇਜ ਕੋਹਾਰਵਾਲਾ ਨੇ ਆਪੋ ਆਪਣਾ ਕਲਾਮ ਪੇਸ਼ ਕੀਤਾ। ਇਸ ਮੌਕੇ ਡਾਃ ਇਕਬਾਲ ਕੈਸਰ, ਜੁਬੈਰ ਅਹਿਮਦ, ਅੱਬਾਸ ਮਿਰਜ਼ਾ, ਡਾਃ ਕਲਿਆਣ ਸਿੰਘ ਕਲਿਆਣ,ਪੰਜਾਬੀ ਕਵਿੱਤਰੀ ਬੁਸ਼ਰਾ ਐਜ਼ਾਜ਼,ਭੁਲੇਖਾ ਦੇ ਮੁੱਖ ਸੰਪਾਦਕ ਮੁਦੱਸਰ ਬੱਟ,ਮੁਨੀਰ ਹੋਸ਼ਿਆਰਪੁਰੀ, ਨੂਰ ਉਲ ਐਨ ਸਾਦੀਆ, ਜਾਵੇਦ ਰਜ਼ਾ, ਡਾਃਨਬੀਲ ਸ਼ਾਦ, ਅਕਰਮ ਸ਼ੇਖ, ਅਨੀਸ ਅਹਿਮਦ,ਸਰਗੋਧਾ ਤੋਂ ਆਏ ਚਿੰਤਕ ਆਸਿਫ਼ ਖਾਨ,ਇਸਲਾਮਾਬਾਦ ਤੋਂ ਆਏ ਲੇਖਕ ਆਜ਼ਮ ਮਲਿਕ ਤੇ ਸ਼ੇਖੂਪੁਰਾ ਤੋਂ ਆਏ ਕਵੀ ਤੇ ਚਿਤਰਕਾਰ ਮੁਹੰਮਦ ਆਸਿਫ਼ ਰਜ਼ਾ, ਕਵਿੱਤਰੀ ਸਾਨੀਆ ਸ਼ੇਖ, ਬਿਲਾਲ ਬੇਲਾ, ਮੁਹੰਮਦ ਅੱਯਾਜ,ਫ਼ਿਲਮ ਨਾਚ ਡਾਇਰੈਕਟਰ ਪੰਨਾ ਜ਼ਰੀਨ, ਆਸ਼ਿਕ ਰਹੀਲ,ਅਫ਼ਜ਼ਲ ਸਾਹਿਰ ਨੇ ਵੀ ਸ਼ਮੂਲੀਅਤ ਕੀਤੀ।

Spread the love