ਸਰਕਾਰੀ ਸਟੇਟ ਕਾਲਜ ਵਿਖੇ ਜ਼ਿਲ੍ਹਾ ਪੱਧਰੀ ਸਵੀਪ ਯੁਵਕ ਮੇਲਾ ਕਰਵਾਇਆ
ਜ਼ਿਲ੍ਹੇ ਦੇ 15 ਕਾਲਜਾਂ ਦੇ ਵਿਦਿਆਰਥੀਆਂ ਨੇ ਵੋਟਰ ਜਾਗਰੂਕਤਾ ਮੁਹਿੰਮ ‘ਚ ਲਿਆ ਹਿੱਸਾ
ਸਵੀਪ ਮੁਕਾਬਲਿਆਂ ਦਾ ਮੰਤਵ ਨਵੇਂ ਵੋਟਰਾਂ ਨੂੰ ਵੋਟ ਦੇ ਅਧਿਕਾਰ ਦੀ ਵਰਤੋਂ ਸਬੰਧੀ ਜਾਗਰੂਕ ਕਰਨਾ : ਏ.ਡੀ.ਸੀ.
ਨੌਜਵਾਨਾਂ ਦੀ ਚੋਣ ਪ੍ਰਕਿਰਿਆ ‘ਚ ਭਾਗੀਦਾਰੀ ਵਧਾਉਣ ਲਈ ਅਜਿਹੇ ਉਪਰਾਲੇ ਜ਼ਰੂਰੀ : ਸਹਾਇਕ ਕਮਿਸ਼ਨਰ
ਪਟਿਆਲਾ, 19 ਅਕਤੂਬਰ 2021
ਪੰਜਾਬ ਵਿਧਾਨ ਸਭਾ ਚੋਣਾਂ, 2022-ਆਓ ਲੋਕਤੰਤਰ ਦਾ ਜਸ਼ਨ ਮਨਾਈਏ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਟੇਟ ਕਾਲਜ ਪਟਿਆਲਾ ਵਿਖੇ ਜ਼ਿਲ੍ਹਾ ਪੱਧਰੀ ਸਵੀਪ ਯੁਵਕ ਮੇਲਾ ਕਰਵਾਇਆ ਗਿਆ, ਜਿਸ ‘ਚ ਜ਼ਿਲ੍ਹੇ ਦੇ ਕਰੀਬ 15 ਕਾਲਜਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ।
ਹੋਰ ਪੜ੍ਹੋ :-ਪਰਾਲੀ ਦੀ ਸਾਭ-ਸੰਭਾਲ ਵਿੱਚ ਮੋਹਰੀ ਕਿਸਾਨ-ਗੁਰਵਿੰਦਰ ਸਿੰਘ
ਜ਼ਿਲ੍ਹਾ ਸਵੀਪ ਟੀਮ ਵੱਲੋਂ ਆਰਕੀਟੈਕਚਰ ਐਸੋਸੀਏਸ਼ਨ ਪਟਿਆਲਾ ਦੇ ਸਹਿਯੋਗ ਨਾਲ ਕਰਵਾਏ ਸਵੀਪ ਯੁਵਕ ਮੇਲੇ ਦੇ ਉਦਘਾਟਨੀ ਸਮਾਰੋਹ ‘ਚ ਪੁੱਜੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਸ੍ਰੀ ਗੌਤਮ ਜੈਨ ਨੇ ਸਵੀਪ ਟੀਮ ਵੱਲੋਂ ਕੀਤੇ ਗਏ ਉਪਰਾਲੇ ਦੀ ਸ਼ਲਾਘਾ ਕਰਦਿਆ ਕਿਹਾ ਕਿ ਅਜਿਹੇ ਮੁਕਾਬਲਿਆਂ ਦਾ ਮੰਤਵ ਨਵੇਂ ਵੋਟਰਾਂ ਨੂੰ ਵੋਟ ਦੇ ਅਧਿਕਾਰੀ ਦੀ ਵਰਤੋਂ ਕਰਨ ਸਬੰਧੀ ਜਾਗਰੂਕ ਕਰਨਾ ਹੈ। ਉਨ੍ਹਾਂ ਕਿਹਾ ਕਿ ਲੋਕਤੰਤਰ ‘ਚ ਹਰੇਕ ਵੋਟਰ ਦੀ ਸ਼ਮੂਲੀਅਤ ਹੋਣਾ ਜ਼ਰੂਰੀ ਹੈ ਤਾਂ ਹੀ ਅਸੀਂ ਮਜ਼ਬੂਤ ਲੋਕਤੰਤਰ ਬਣਾ ਸਕਦੇ ਹਾਂ। ਏ.ਡੀ.ਸੀ. ਨੇ ਨੌਜਵਾਨਾਂ ਨੂੰ 2022 ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ‘ਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਲਈ ਪ੍ਰੇਰਿਤ ਕੀਤਾ।
ਯੁਵਕ ਮੇਲੇ ਦੇ ਸਮਾਪਤੀ ਸਮਾਰੋਹ ‘ਚ ਪੁੱਜੇ ਸਹਾਇਕ ਕਮਿਸ਼ਨਰ (ਜ) ਜਸਲੀਨ ਕੌਰ ਭੁੱਲਰ ਨੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕਰਨ ਮੌਕੇ ਕਿਹਾ ਕਿ ਅਜਿਹੇ ਉਪਰਾਲੇ ਨੌਜਵਾਨਾਂ ਦੀ ਚੋਣ ਪ੍ਰਕਿਰਿਆਂ ‘ਚ ਭਾਗੀਦਾਰੀ ਵਧਾਉਣ ਲਈ ਬਹੁਤ ਜ਼ਰੂਰੀ ਹਨ।
ਸਟੇਟ ਕਾਲਜ ਦੇ ਪ੍ਰਿੰਸੀਪਲ ਡਾ. ਪਰਮਿੰਦਰ ਸਿੰਘ ਨੇ ਯੁਵਕ ਮੇਲੇ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਅੱਜ ਸਵੀਪ ਯੁਵਕ ਮੇਲੇ ਮੌਕੇ ਲੋਕ-ਨਾਚ, ਲੋਕ-ਗੀਤ, ਨਾਟਕ, ਪੋਸਟਰ, ਸਲੋਗਨ, ਗਰੁੱਪ ਗੀਤ, ਭਾਸ਼ਣ, ਕਵਿਤਾ ਅਤੇ ਲੇਖ ਰਚਨਾ ਦੇ ਮੁਕਾਬਲੇ ਕਰਵਾਏ ਗਏ ਹਨ। ਇਸ ਮੌਕੇ ਰਾਜ ਪੱਧਰੀ ਕੁਇਜ਼ ਮੁਕਾਬਲੇ ਦੇ ਜੇਤੂ ਮੁਲਤਾਨੀ ਮੱਲ ਮੋਦੀ ਕਾਲਜ ਦੇ ਬਖ਼ਬਦੀਪ ਸਿੰਘ ਵਾਲੀਆ ਅਤੇ ਨੋਡਲ ਅਫਸਰ ਕੈਟਾਗਰੀ ਦੇ ਰਾਜ ਪੱਧਰੀ ਜੇਤੂ ਪ੍ਰੋ. ਗੁਰਬਖ਼ਸ਼ੀਸ਼ ਸਿੰਘ ਅੰਟਾਲ ਦਾ ਵੀ ਸਨਮਾਨ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਵਰਿੰਦਰ ਸਿੰਘ ਟਿਵਾਣਾ ਅਤੇ ਜ਼ਿਲ੍ਹਾ ਨੋਡਲ ਅਫ਼ਸਰ ਸਵੀਪ ਪ੍ਰੋ. ਗੁਰਬਖ਼ਸ਼ੀਸ਼ ਸਿੰਘ ਅੰਟਾਲ, ਆਰਕੀਟੈਕਟ ਐਸੋਸੀਏਸ਼ਨ ਦੇ ਪ੍ਰਧਾਨ ਰਜਿੰਦਰ ਸੰਧੂ ਤੇ ਕਾਲਜ ਦੇ ਸਵੀਪ ਦੇ ਨੋਡਲ ਅਫ਼ਸਰ ਰੁਪਿੰਦਰ ਸਿੰਘ ਵੀ ਮੌਜੂਦ ਸਨ।
ਸਵੀਪ ਦੇ ਜ਼ਿਲ੍ਹਾ ਨੋਡਲ ਅਫ਼ਸਰ ਪ੍ਰੋ. ਗੁਰਬਖਸ਼ੀਸ਼ ਸਿੰਘ ਅਨਟਾਲ ਨੇ ਦੱਸਿਆ ਕਿ ਅੱਜ ਹੋਏ ਮੁਕਾਬਲਿਆਂ ‘ਚ ਨਾਟਕ ‘ਚ ਸਰਕਾਰੀ ਆਈ.ਟੀ.ਆਈ, ਰਾਜਪੁਰਾ ਨੇ ਪਹਿਲਾ ਸਥਾਨ ਹਾਸਲ ਕੀਤਾ ਤੇ ਲੋਕ-ਗੀਤ ‘ਚ ਸਰਕਾਰੀ ਸਟੇਟ ਕਾਲਜ ਆਫ਼ ਐਜੂਕੇਸ਼ਨ ਦੇ ਹਰਜੀਤ ਸਿੰਘ ਨੇ ਪਹਿਲਾ ਸਥਾਨ ਤੇ ਸਰਕਾਰੀ ਬਹੁਤਕਨੀਕੀ ਕਾਲਜ ਦੀ ਸਿਮਰਜੀਤ ਕੌਰ ਦੂਸਰੇ ਸਥਾਨ ‘ਤੇ ਰਹੇ ਹਨ।
ਉਨ੍ਹਾਂ ਦੱਸਿਆ ਕਿ ਗਰੁੱਪ ਗਾਇਨ ‘ਚ ਆਈ.ਟੀ.ਆਈ ਰਾਜਪੁਰਾ ਨੇ ਪਹਿਲਾ ਸਥਾਨ ਤੇ ਸਰਕਾਰੀ ਸਟੇਟ ਕਾਲਜ ਆਫ਼ ਐਜੂਕੇਸ਼ਨ ਨੇ ਦੂਜਾ ਸਥਾਨ ਹਾਸਲ ਕੀਤਾ ਹੈ ਤੇ ਇਸੇ ਤਰ੍ਹਾਂ ਭਾਸ਼ਣ ਮੁਕਾਬਲਿਆਂ ‘ਚ ਸਰਕਾਰੀ ਫਿਜ਼ੀਕਲ ਕਾਲਜ ਦੇ ਰਮਨਦੀਪ ਸਿੰਘ ਨੇ ਪਹਿਲਾ ਸਥਾਨ ਤੇ ਮਾਤਾ ਸਾਹਿਬ ਕੌਰ ਕਾਲਜ ਦੇ ਅਲਵੀਰਾ ਸਿੰਘ ਨੇ ਦੂਜਾ ਸਥਾਨ ਤੇ ਸਰਕਾਰੀ ਬਹੁਤਕਨੀਕੀ ਕਾਲਜ ਦੇ ਅਸਰਫਹੂਨ ਨੇ ਤੀਸਰਾ ਸਥਾਨ ਨੇ ਹਾਸਲ ਕੀਤਾ ਹੈ। ਪੋਸਟਰ ਮੁਕਾਬਲਿਆਂ ‘ਚ ਸਰਕਾਰੀ ਸਟੇਟ ਕਾਲਜ ਆਫ਼ ਐਜੂਕੇਸ਼ਨ ਦੇ ਹਰਜੋਤ ਸਿੰਘ ਨੇ ਪਹਿਲਾ ਸਥਾਨ, ਸਰਕਾਰੀ ਮਹਿੰਦਰਾ ਕਾਲਜ ਦੀ ਅਨਮੋਲਪ੍ਰੀਤ ਕੌਰ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ ਹੈ।
ਪ੍ਰੋ. ਅਨਟਾਲ ਨੇ ਦੱਸਿਆ ਕਿ ਵਿਸ਼ੇਸ਼ ਲੋੜਾਂ ਵਾਲੇ ਵਰਗ ‘ਚ ਸਰਕਾਰੀ ਬਹੁਤਕਨੀਕੀ ਕਾਲਜ ਦੀ ਬਾਰਬੀ ਵਰਮਾ ਨੂੰ ਵਿਸ਼ੇਸ਼ ਸਨਮਾਨ ਦਿੱਤਾ ਗਿਆ। ਸਲੋਗਨ ਲਿਖਣ ਮੁਕਾਬਲਿਆਂ ‘ਚ ਮਾਤਾ ਸਾਹਿਬ ਕੌਰ ਕਾਲਜ ਦੇ ਜਸਲੀਨ ਕੌਰ ਨੇ ਪਹਿਲਾ ਸਥਾਨ, ਸਰਕਾਰੀ ਸਟੇਟ ਕਾਲਜ ਆਫ਼ ਐਜੂਕੇਸ਼ਨ ਦੀ ਅਰਸ਼ਦੀਪ ਕੌਰ ਨੇ ਦੂਸਰਾ ਸਥਾਨ ਹਾਸਲ ਕੀਤਾ ਹੈ। ਕਵਿਤਾ ਉਚਾਰਣ ‘ਚ ਸਰਕਾਰੀ ਮਹਿੰਦਰਾ ਕਾਲਜ ਦੇ ਅਨਕੁਸ ਨੇ ਪਹਿਲਾ ਸਥਾਨ ਤੇ ਸਰਕਾਰੀ ਬਹੁਤਕਨੀਕੀ ਕਾਲਜ ਦੀ ਸਾਨੀਆ ਮਿਰਜਾ ਨੇ ਦੂਸਰਾ ਸਥਾਨ ਹਾਸਲ ਕੀਤਾ ਹੈ। ਲੇਖ ਰਚਨਾ ‘ਚ ਖ਼ਾਲਸਾ ਕਾਲਜ ਪਟਿਆਲਾ ਮੁਕਲ ਪੁਰੀ ਨੇ ਪਹਿਲਾ ਸਥਾਨ ਤੇ ਸਰਕਾਰੀ ਬਹੁਤਕਨੀਕੀ ਕਾਲਜ ਦੀ ਸਾਕਸੀ ਸ਼ਰਮਾ ਨੇ ਦੂਸਰਾ ਸਥਾਨ ਹਾਸਲ ਕੀਤਾ ਹੈ। ਸੋਲੋ ਡਾਂਸ ‘ਚ ਸਰਕਾਰੀ ਬਹੁਤਕਨੀਕੀ ਕਾਲਜ ਦੀ ਜਸਪ੍ਰੀਤ ਕੌਰ ਨੇ ਪਹਿਲਾਂ ਤੇ ਆਈ.ਟੀ.ਆਈ ਦੀ ਮਮਤਾ ਨੇ ਦੂਸਰਾ ਤੇ ਖਾਲਸਾ ਕਾਲਜ ਦੀ ਨਵਜੋਤ ਨੇ ਤੀਸਰਾ ਸਥਾਨ ਹਾਸਲ ਕੀਤਾ ਹੈ। ਇਸੇ ਤਰ੍ਹਾਂ ਗਰੁੱਪ ਡਾਂਸ ‘ਚ ਆਈ.ਟੀ.ਆਈ ਰਾਜਪੁਰਾ ਨੇ ਪਹਿਲਾਂ, ਸਟੇਟ ਕਾਲਜ ਨੇ ਦੂਸਰਾ ਸਥਾਨ ਹਾਸਲ ਕੀਤਾ ਹੈ।
ਕੈਪਸ਼ਨ : ਏ.ਡੀ.ਸੀ. ਸ੍ਰੀ ਗੌਤਮ ਜੈਨ ਜੇਤੂਆਂ ਨੂੰ ਸਨਮਾਨਤ ਕਰਦੇ ਹੋਏ।