ਮਨੋਹਰ ਲਾਲ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਲੜਕੇ ਫਿਰੋਜ਼ਪੁਰ ਛਾਉਣੀ ਵਿਖੇ ਮਨਾਇਆ ਜਾਵੇਗਾ ਗਣਤੰਤਰ ਦਿਵਸ
ਫਿਰੋਜ਼ਪੁਰ, 5 ਜਨਵਰੀ 2023
26 ਜਨਵਰੀ 2023 ਨੂੰ ਗਣਤੰਤਰ ਦਿਵਸ ਮੌਕੇ ਕਰਵਾਏ ਜਾਣ ਵਾਲੇ ਜ਼ਿਲ੍ਹਾ ਪੱਧਰੀ ਸਮਾਰੋਹ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਸਬੰਧੀ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਸਾਗਰ ਸੇਤੀਆ ਆਈ.ਏ.ਐਸ. ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਰੀਵਿਊ ਮੀਟਿੰਗ ਕਰਕੇ ਉਨ੍ਹਾਂ ਨੂੰ ਬਣਦੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਅਤੇ ਸਮਾਗਮ ਦੀ ਸਫਲਤਾ ਲਈ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਉਣ ਦੀ ਹਦਾਇਤ ਕੀਤੀ।
ਹੋਰ ਪੜ੍ਹੋ – ਸਬਸਿਡੀ *ਤੇ ਮਸ਼ੀਨਾਂ ਮੁਹੱਈਆ ਕਰਵਾਉਣ ਦੀ ਮਿਤੀ ਚ 12 ਜਨਵਰੀ 2023 ਤੱਕ ਵਾਧਾ
ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸਾਗਰ ਸੇਤੀਆ ਨੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਰੋਹ ਮਨੋਹਰ ਲਾਲ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਲੜਕੇ ਫਿਰੋਜ਼ਪੁਰ ਛਾਉਣੀ ਦੇ ਗਰਾਊਂਡ ਵਿੱਚ ਮਨਾਇਆ ਜਾਵੇਗਾ। ਰੀਵਿਊ ਮੀਟਿੰਗ ਦੌਰਾਨ ਉਨ੍ਹਾਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਸਮਾਰੋਹ ਸਬੰਧੀ ਲੋੜੀਂਦੇ ਪ੍ਰਬੰਧ ਸਮੇਂ ਸਿਰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੰਦਿਆਂ ਕਿਹਾ ਕਿ ਸਾਫ਼-ਸਫਾਈ, ਪੀਣ ਵਾਲੇ ਪਾਣੀ, ਬਿਜਲੀ, ਮੈਡੀਕਲ ਟੀਮਾਂ ਆਦਿ ਸਮੇਤ ਟ੍ਰੈਫਿਕ ਵਿਵਸਥਾ, ਪਾਰਕਿੰਗ ਦੇ ਪੁਖ਼ਤਾ ਪ੍ਰਬੰਧ ਕੀਤੇ ਜਾਣ ਤਾਂ ਜੋ ਸਮਾਗਮ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕੇ। ਉਨ੍ਹਾਂ ਕਿਹਾ ਕਿ ਸਮੂਹ ਵਿਭਾਗ ਆਪਸੀ ਤਾਲਮੇਲ ਨਾਲ ਪ੍ਰਬੰਧ ਮੁਕੰਮਲ ਕਰਨ ਅਤੇ ਜੇਕਰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਆਉਂਦੀ ਹੈ ਤਾਂ ਉਨ੍ਹਾਂ ਨਾਲ ਰਾਬਤਾ ਕਰ ਸਕਦੇ ਹਨ।
ਉਨ੍ਹਾਂ ਕਿਹਾ ਕਿ ਇਸ ਦਿਹਾੜੇ ਨੂੰ ਪੂਰੇ ਉਤਸ਼ਾਹ ਨਾਲ ਮਨਾਇਆ ਜਾਵੇਗਾ ਅਤੇ ਫੁੱਲ ਡਰੈੱਸ ਰਿਹਰਸਲ 24 ਜਨਵਰੀ ਨੂੰ ਹੋਵੇਗੀ। ਉਨ੍ਹਾਂ ਹਦਾਇਤ ਕੀਤੀ ਕਿ ਗਣਤੰਤਰ ਦਿਵਸ ਸਮਾਰੋਹ ਦੇ ਪ੍ਰਬੰਧਾਂ ਵਿੱਚ ਕਿਸੇ ਕਿਸਮ ਦੀ ਅਣਗਹਿਲੀ ਨਾ ਵਰਤੀ ਜਾਵੇ ਅਤੇ ਵਿਭਾਗਾਂ ਦੇ ਮੁਖੀ ਖੁਦ ਸਮੁੱਚੇ ਪ੍ਰਬੰਧਾਂ ਦੀ ਨਿਗਰਾਨੀ ਨੂੰ ਯਕੀਨੀ ਬਣਾਉਣ।
ਇਸ ਦੌਰਾਨ ਐਸ.ਡੀ.ਐਮ. ਫਿਰੋਜ਼ਪੁਰ ਸ੍ਰੀ ਅਰਵਿੰਦਰ ਪ੍ਰਕਾਸ਼ ਵਰਮਾ, ਡੀ.ਡੀ.ਪੀ.ਓ. ਸ. ਜਸਵੰਤ ਸਿੰਘ ਬੜੈਚ, ਜ਼ਿਲ੍ਹਾ ਸਿੱਖਿਆ ਅਫਸਰ (ਸੀ.ਸੈ.) ਸ. ਕਵਲਜੀਤ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਸ੍ਰੀ ਰਾਜੀਵ ਕੁਮਾਰ, ਆਰ.ਟੀ.ਏ. ਸ. ਕਰਨਵੀਰ ਸਿੰਘ ਛੀਨਾ, ਸਕੱਤਰ ਰੈੱਡ ਕਰਾਸ ਸੁਸਾਇਟੀ ਸ੍ਰੀ ਅਸ਼ੋਕ ਬਹਿਲ, ਸਿਵਲ ਸਰਜਨ ਡਾ. ਰਾਜਿੰਦਰ ਪਾਲ, ਐਸ.ਪੀ. ਸ੍ਰੀ ਸੋਹਨ ਲਾਲ, ਤਹਿਸੀਲਦਾਰ ਸੁਖਬੀਰ ਕੌਰ, ਨਾਇਬ ਤਹਿਸੀਲਦਾਰ ਸ੍ਰੀ ਰਾਕੇਸ਼ ਅਗਰਵਾਲ, ਬੀ.ਐਸ.ਐਫ ਦੇ ਅਧਿਕਾਰੀ ਸ੍ਰੀ ਜੀ.ਐਸ.ਗਿੱਲ, ਸ੍ਰੀ ਜੋਗਿੰਦਰ ਪਾਲ ਸੁਪਰਡੈਂਟ, ਪ੍ਰਿੰਸੀਪਲ ਡਾ. ਸਤਿੰਦਰ ਸਿੰਘ ਨੈਸ਼ਨਲ ਐਵਾਰਡੀ, ਸ੍ਰੀ ਰਵੀਇੰਦਰ ਸਿੰਘ ਸਟੇਟ ਐਵਾਰਡੀ ਅਧਿਆਪਕ ਸਮੇਤ ਵੱਖ-ਵੱਖ ਵਿਭਾਗਾਂ ਦੇ ਮੁੱਖੀ ਹਾਜ਼ਰ ਸਨ।