ਮਾਮਲੇ ਦੀ ਡੂੰਘਾਈ ਵਿਚ ਜਾਂਚ ਕਰਨ ਲਈ ਤਿੰਨ ਮੈਂਬਰੀ ਕਮੇਟੀ ਕੀਤੀ ਗਠਿਤ*
ਕਮੇਟੀ ਨੂੰ 12 ਅਪ੍ਰੈਲ ਤੱਕ ਰਿਪੋਰਟ ਐਸ.ਸੀ ਕਮਿਸ਼ਨ ਨੂੰ ਸੌਂਪਣ ਦੇ ਦਿੱਤੇ ਆਦੇਸ਼*
ਐਸ.ਏ.ਐਸ. ਨਗਰ, 30 ਮਾਰਚ 2022
ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਪਰਮਜੀਤ ਕੌਰ ਅਤੇ ਰਾਜ ਕੁਮਾਰ ਹੰਸ ਨੇ ਅੱਜ ਚੰਡੀਗੜ੍ਹ ਏਅਰਪੋਰਟ ਨੇੜਲੇ ਮੋਹਾਲੀ ਦੇ ਪਿੰਡ ਝਿਊਰਹੇੜੀ ਪੁੱਜਕੇ ਪਿੰਡ ਦੇ ਛੱਪੜ ਦੀ ਦੀਵਾਰ ਦੇ ਮਾਮਲੇ ਵਿੱਚ ਮਿਲੀ ਸ਼ਿਕਾਇਤ ਦੀ ਸੁਣਵਾਈ ਕੀਤੀ । ਉਨ੍ਹਾਂ ਵੱਲੋਂ ਮਾਮਲੇ ਦੀ ਡੂੰਘਾਈ ਵਿਚ ਜਾਂਚ ਕਰਨ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ । ਉਨ੍ਹਾਂ ਕਮੇਟੀ ਨੂੰ ਮਾਮਲੇ ਦੀ ਪੂਰੀ ਛਾਣਬੀਣ ਕਰਨ ਉਪਰੰਤ ਵਿਸਥਾਰਤ ਰਿਪੋਰਟ ਕਮਿਸ਼ਨ ਨੂੰ 12 ਅਪ੍ਰੈਲ ਤੱਕ ਸੌਪਣ ਦੀ ਹਦਾਇਤ ਕੀਤੀ ।
ਹੋਰ ਪੜ੍ਹੋ :-ਡਿਪਟੀ ਕਮਿਸ਼ਨਰ ਬਬੀਤਾ ਕਲੇਰ ਵੱਲੋਂ ਬੈਂਕਾਂ ਦੀ ਕਾਰਗੁਜਾਰੀ ਦੀ ਤਿਮਾਹੀ ਸਮੀਖਿਆ
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇਆਂ ਪੰਜਾਬ ਰਾਜ ਤੇ ਐਸ.ਸੀ. ਕਮਿਸ਼ਨ ਦੇ ਮੈਂਬਰ ਸ੍ਰੀ ਹੰਸ ਨੇ ਦੱਸਿਆ ਕਿ ਪਿੰਡ ਦੀ ਐਸ.ਈ. ਭਾਈਚਾਰੇ ਨਾਲ ਸਬੰਧਤ ਸਰਪੰਚ ਵੱਲੋਂ ਪਿਛਲੇ ਦਿਨੀ ਕਮਿਸ਼ਨ ਨੂੰ ਇਹ ਦਰਖਾਸਤ ਮਿਲੀ ਸੀ ਕਿ ਪਿੰਡ ਦੇ ਛੱਪੜ ਦੀ ਦੀਵਾਰ ਦੇ ਕੰਮ ਨੂੰ ਜਨਰਲ ਜਾਤੀ ਨਾਲ ਸਬੰਧਿਤ ਵਿਅਕਤੀਆ ਵੱਲੋਂ ਜਾਣਬੁੱਝ ਕੇ ਰੁਕਵਾ ਦਿੱਤਾ ਗਿਆ ਹੈ ਅਤੇ ਵਿਕਾਸ ਕਾਰਜਾਂ ਦਾ ਕੰਮ ਕਰ ਰਹੀ ਲੇਬਰ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ ।ਜਿਸ ਕਾਰਨ ਲੇਬਰ ਕੰਮ ਕਰਨ ਤੋਂ ਡਰਦੀ ਹੈ । ਉਨ੍ਹਾਂ ਦੱਸਿਆ ਕਿ ਕਮਿਸ਼ਨ ਨੂੰ ਮਿਲੀ ਸ਼ਿਕਾਇਤ ਤੇ ਅਮਲ ਕਰਦਿਆ ਉਨ੍ਹਾਂ ਵੱਲੋ ਅੱਜ ਇਥੇ ਪਹੁੰਚ ਕਰਕੇ ਮਾਮਲੇ ਬਾਰੇ ਜਾਣਿਆ ਗਿਆ ਹੈ । ਉਨ੍ਹਾਂ ਕਿਹਾ ਐਸ.ਸੀ ਭਾਈਚਾਰੇ ਨਾਲ ਕਿਸੇ ਕਿਸਮ ਦੀ ਵਧੀਕੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਅਨੁਸੂਚਿਤ ਜਾਤੀ ਵਰਗ ਦੇ ਲੋਕਾਂ ਨੂੰ ਬਣਦਾ ਮਾਣ ਸਨਮਾਨ ਦਿਵਾਉਂਣ ਲਈ ਐਸ .ਸੀ ਕਮਿਸ਼ਨ ਵੱਚਨਬੱਧ ਹੈ ।
ਇਸ ਮੌਕੇ ਸ੍ਰੀ ਹੰਸ ਵੱਲੋਂ ਛੱਪੜ ਦੀ ਚਾਰਦੀਵਾਰੀ ਵਾਲੇ ਸਥਾਨ ਤੇ ਪਹੁੰਚ ਕੇ ਜਾਇਜ਼ਾ ਲਿਆ ਗਿਆ । ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਕਰਨ ਲਈ ਤਿੰਨ ਮੈਂਬਰੀ ਕਮੇਟੀ ਗਠਿਤ ਕੀਤੀ ਗਈ ਹੈ । ਇਸ ਦੇ ਮੱਦੇਨਜ਼ਰ ਮੈਂਬਰ ਐਸ.ਸੀ. ਕਮਿਸ਼ਨ ਨੇ ਸਬੰਧਤ ਵਿਭਾਗਾਂ ਨੂੰ ਹਦਾਇਤ ਕੀਤੀ ਹੈ ਕਿ ਇਸ ਨਾਲ ਸਬੰਧ ਜੋ ਵੀ ਕਾਰਵਾਈ ਕਰਨ ਯੋਗ ਹੈ ਉਸ ਨੂੰ ਤੁਰੰਤ ਅਮਲ ਵਿੱਚ ਲਿਆਂਦਾ ਜਾਵੇ । ਇਸ ਦੇ ਨਾਲ ਹੀ ਐਸ.ਸੀ. ਕਮਿਸ਼ਨ ਦੇ ਮੈਂਬਰਾਂ ਦੇ ਵਫਦ ਨੇ ਡੀ.ਡੀ.ਪੀ.ਓ. ਐਸ.ਏ.ਐਸ. ਨਗਰ ਨੂੰ ਕਾਰਵਾਈ ਰਿਪੋਰਟ 12 ਅਪ੍ਰੈਲ ਤਕ ਨਿੱਜੀ ਤੌਰ ਤੇ ਪੇਸ਼ ਹੋ ਕੇ ਕਮਿਸ਼ਨ ਅੱਗੇ ਸੌਪਣ ਦੇ ਆਦੇਸ਼ ਵੀ ਦਿੱਤੇ।