-ਡੀਸੀ ਦਫ਼ਤਰ ਵਿਚ ਪਲਾਸਟਿਕ ਦੀਆਂ ਬੋਤਲਾਂ ਦੀ ਵਰਤੋਂ ਬੰਦ ਕਰਨ ਦੀਆਂ ਹਦਾਇਤਾਂ ਦਿੱਤੀਆਂ
-ਦਿਵਾਲੀ ਮੌਕੇ ਲੋਕਾਂ ਨੂੰ ਆਪਣੇ ਘਰ ਦੇ ਅੰਦਰ ਇਕ ਇਕ ਪੌਦਾ ਲਗਾਉਣ ਦੀ ਕੀਤੀ ਅਪੀਲ
ਫਾਜਿ਼ਲਕਾ, 28 ਅਕਤੂਬਰ 2021
ਫਾਜਿ਼ਲਕਾ ਦੀ ਡਿਪਟੀ ਕਮਿਸ਼ਨਰ ਸ੍ਰੀਮਤੀ ਬਬੀਤਾ ਕਲੇਰ ਨੇ ਸਕੂਲੀ ਵਿਦਿਆਰਥੀਆਂ ਨੂੰ ਫਾਜਿ਼ਲ਼ਕਾ ਦੀ ਸੱਵਛਤਾ ਅਤੇ ਸਮਾਜਿਕ ਮੁੱਦਿਆਂ ਲਈ ਜਿ਼ਲ੍ਹੇ ਦਾ ਬ੍ਰੈਂਡ ਅੰਬੈਸਡਰ ਬਣਾ ਕੇ ਉਨ੍ਹਾਂ ਦੀ ਭਾਗੀਦਾਰੀ ਨਾਲ ਸਮਾਜਿਕ ਬਦਲਾਅ ਦਾ ਨਿਵੇਕਲਾ ਪ੍ਰੋਜ਼ੈਕਟ ਆਰੰਭਿਆ ਹੈ। ਇਸ ਤਹਿਤ ਸ਼ਹਿਰ ਦੇ ਸਾਰੇ ਸਕੂਲਾਂ ਤੋਂ ਦੋ ਦੋ ਵਿਦਿਆਰਥੀਆਂ ਨੂੰ ਚੁਣਿਆ ਗਿਆ ਹੈ ਅਤੇ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਵੱਲੋਂ ਅੱਜ ਪਲੇਠੀ ਬੈਠਕ ਕੀਤੀ ਗਈ।
ਹੋਰ ਪੜ੍ਹੋ :-ਪਟਾਖਿਆਂ ਦੀ ਵਿਕਰੀ ਲਈ ਆਰਜ਼ੀ ਲਾਇਸੈਂਸਾਂ ਵਾਸਤੇ ਡਰਾਅ ਅੱਜ
ਬੈਠਕ ਵਿਚ ਵਿਦਿਆਰਥੀਆਂ ਤੋਂ ਹੀ ਸ਼ਹਿਰ ਵਿਚ ਕਰਨ ਵਾਲੇ ਕੰਮਾਂ, ਜਿੰਨਾਂ ਦੀ ਉਮੀਦ ਵਿਦਿਆਰਥੀ ਪ੍ਰਸ਼ਾਸਨ ਤੋਂ ਕਰਦੇ ਹਨ ਬਾਰੇ ਉਨ੍ਹਾਂ ਤੋਂ ਜਾਣਕਾਰੀ ਲਈ ਗਈ ਅਤੇ ਉਨ੍ਹਾਂ ਤੋਂ ਪ੍ਰਾਪਤ ਸੁਝਾਵਾਂ ਅਨੁਸਾਰ ਹੀ ਇਸ ਪ੍ਰੋਜ਼ੈਕਟ ਦੀ ਰੂਪ ਰੇਖਾ ਉਲੀਕੀ ਗਈ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬੱਚੇ ਆਪਣੇ ਮਾਪਿਆਂ ਨੂੰ ਪ੍ਰੇਰਿਤ ਕਰਕੇ ਇਕ ਵੱਡੇ ਬਦਲਾਅ ਦੇ ਸੂਤਰਧਾਰ ਹੋ ਸਕਦੇ ਹਨ।
ਬੈਠਕ ਵਿਚ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਪ੍ਰੋਜ਼ੈਕਟ ਦੀ ਪਹਿਲੀ ਸੁ਼ਰੂਆਤ ਆਪਣੇ ਆਪ ਤੋਂ ਕਰਨੀ ਹੈ ਅਤੇ ਇਹ ਬ੍ਰੈਂਡ ਅੰਬੈਸਡਰ ਅਤੇ ਉਨ੍ਹਾਂ ਦੇ ਨੋਡਲ ਅਧਿਆਪਕ ਆਪਣੇ ਆਪਣੇ ਘਰਾਂ ਵਿਚ ਗਿੱਲੇ ਅਤੇ ਸੁੱਕੇ ਕੂੜੇ ਨੂੰ ਅਲਗ ਅਲਗ ਕਰਨਾ ਸ਼ੁਰੂ ਕਰਣਗੇ ਅਤੇ ਪੌਲੀਥੀਨ ਦੀ ਵਰਤੋਂ ਘੱਟ ਕਰਣਗੇ।
ਇਸ ਤੋਂ ਬਿਨ੍ਹਾਂ ਜਿੰਨ੍ਹਾਂ ਦੇ ਘਰ ਵਿਚ ਥਾਂ ਹੈ ਉਹ ਇਸ ਦਿਵਾਲੀ ਮੌਕੇ ਇਕ ਪੌਦਾ ਜਰੂਰ ਲਗਾਉਣ। ਇਸੇ ਤਰਾਂ ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀ ਸਮਾਜ ਨੂੰ ਸਹੀ ਤਰੀਕੇ ਨਾਲ ਸਮਝ ਸਕਨ ਅਤੇ ਉਨ੍ਹਾਂ ਵਿਚ ਆਪਣੇ ਆਲੇ ਦੁਆਲੇ ਪ੍ਰਤੀ ਸਮਝ ਵਿਕਸਤ ਹੋਵੇ ਇਸ ਲਈ ਚੁਣੇ ਹੋਏ ਵਿਦਿਆਰਥੀਆਂ ਨੂੰ ਆਉਣ ਵਾਲੇ ਦਿਨਾਂ ਵਿਚ ਸਿਵਲ ਹਸਪਤਾਲ ਦਾ ਦੌਰਾ ਵੀ ਕਰਵਾਇਆ ਜਾਵੇਗਾ। ਇਸ ਤੋਂ ਬਿਨ੍ਹਾਂ ਇੰਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਗਿਆ ਕਿ ਉਹ ਅਗਲੀ ਬੈਠਕ ਤੋਂ ਪਹਿਲਾਂ ਆਪਣੇ ਦਾਦਾ ਦਾਦੀ ਜਾਂ ਨਾਨਾ ਨਾਨੀ ਤੋਂ ਪਰਿਵਾਰ ਦੀ ਕੋਈ ਵਿਰਾਸਤੀ ਗੱਲ ਸੁਣ ਕੇ ਆਉਣ। ਇਸ ਦਾ ਉਦੇਸ਼ ਬੱਚਿਆਂ ਵਿਚ ਬਜੁਰਗਾਂ ਪ੍ਰਤੀ ਲਗਾਓ ਪੈਦਾ ਕਰਨਾ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀਮਤੀ ਬਬੀਤਾ ਕਲੇਰ ਨੇ ਕਿਹਾ ਕਿ ਡੀਸੀ ਦਫ਼ਤਰ ਵਿਚ ਪਲਾਸਟਿਕ ਦੀਆਂ ਬੋਤਲਾਂ ਦੀ ਵਰਤੋਂ ਬੰਦ ਕੀਤੀ ਜਾਵੇਗੀ ਜਦ ਕਿ ਵਿਦਿਆਰਥੀਆਂ ਨੇ ਵੀ ਕਿਹਾ ਕਿ ਉਹ ਐਤਵਾਰ ਨੂੰ ਆਪਣੇ ਘਰ ਨੂੰ ਪਲਾਸਟਿਕ ਮੁਕਤ ਕਰਦਿਆਂ ਸਾਰਾ ਪਲਾਸਟਿਕ ਇੱਕਤਰ ਕਰਣਗੇ ਅਤੇ ਸੋਮਵਾਰ ਨੂੰ ਇਹ ਪਲਾਸਟਿਕ ਸਕੂਲ ਲਿਆ ਕੇ ਜਮਾ ਕਰਵਾਉਣਗੇ ਜਿੱਥੇ ਨਗਰ ਕੌਂਸਲ ਇਸਦਾ ਨਿਪਟਾਰਾ ਕਰੇਗੀ।
ਬੈਠਕ ਵਿਚ ਜਿ਼ਲ੍ਹਾ ਡਿਵੈਲਪਮੈਂਟ ਫੈਲੋ ਸ੍ਰੀ ਸਿਧਾਰਥ ਤਲਵਾਰ, ਡੀਟੀਸੀ ਸ੍ਰੀ ਮਨੀਸ਼ ਠੁਕਰਾਲ, ਸਿੱਖਿਆ ਵਿਭਾਗ ਤੋਂ ਨੋਡਲ ਅਫ਼ਸਰ ਸ੍ਰੀ ਵਿਜੈ ਪਾਲ, ਨਗਰ ਕੌਂਸਲ ਤੋਂ ਸ੍ਰੀ ਨਰੇਸ਼ ਖੇੜਾ, ਵੱਖ ਵੱਖ ਸਕੂਲਾਂ ਦੇ ਪਿ੍ਰੰਸੀਪਲ ਅਤੇ ਵਿਦਿਆਰਥੀ ਹਾਜਰ ਸਨ।