ਫਿਰੋਜ਼ਪੁਰ 19 ਮਈ :- ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਵਧਦੀ ਹੋਈ ਗਰਮੀ ਤੋਂ ਬਚਾਅ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਜਾਗਰੂਕਤਾ ਸੰਦੇਸ਼ ਦਿੰਦਿਆਂ ਸਿਵਲ ਸਰਜਨ ਡਾ. ਰਾਜਿੰਦਰ ਅਰੋੜਾ ਦੱਸਿਆ ਕਿ ਗਰਮੀਆਂ ਦਾ ਮੌਸਮ ਜਾਰੀ ਹੈ,ਇਸ ਵਧਦੀ ਹੋਈ ਗਰਮੀ ‘ਚ ਬੱਚਿਆਂ ਅਤੇ ਬਜੁਰਗਾਂ ਨੂੰ ਬਾਹਰ ਆਉਣ ਅਤੇ ਜਾਣ ‘ਚ ਲੂ ਲੱਗਣ ਦਾ ਖਤਰਾ ਰਹਿੰਦਾ ਹੈ।ਇਸ ਲਈ ਧੁੱਪ ਕਾਰਨ ਸਰੀਰ ‘ਚੋਂ ਪਸੀਨਾ ਜ਼ਿਆਦਾ ਮਾਤਰਾ ‘ਚ ਬਾਹਰ ਨਿਕਲਣ ਕਾਰਨ ਸਰੀਰ ‘ਚ ਪਾਣੀ ਦੀ ਘਾਟ ਹੋਣ ਦਾ ਡਰ ਰਹਿੰਦਾ ਹੈ। ਜਿਸ ਨਾਲ ਡੀਹਾਈਡ੍ਰੇਸ਼ਨ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ,ਕਮਜ਼ੋਰੀ ਮਹਿਸੂਸ ਹੋਣ ਲੱਗਦੀ ਹੈ, ਸਿਰ ਦਰਦ ਅਤੇ ਉਲਟੀਆਂ ਲੱਗ ਜਾਣਾ, ਮਾਸਪੇਸ਼ੀਆਂ ਵਿੱਚ ਕਮਜ਼ੋਰੀ ਹੋਣਾ,ਥਕਾਵਟ ਮਹਿਸੂਸ ਕਰਨਾ ਅਤੇ ਅਕਸਰ ਬੱਚਿਆਂ ਨੂੰ ਘਬਰਾਹਟ, ਚੱਕਰ ਆਉਣ, ਸਿਰ ਦਰਦ, ਪੇਟ ਦਰਦ, ਭੁੱਖ ਨਾ ਲੱਗਣਾ ਆਦਿ ਸਮੱਸਿਆਵਾਂ ਹੋਣ ਦਾ ਡਰ ਰਹਿੰਦਾ ਹੈ।
ਡਾ.ਰਾਜਿੰਦਰ ਅਰੋੜਾ ਨੇ ਦੱਸਿਆ ਕਿ ਲੂ ਦੇ ਬਚਾਅ ਲਈ ਘਰ ‘ਚੋਂ ਬਾਹਰ ਨਿਕਲਦੇ ਸਮੇਂ ਕੁੱਝ ਜਰੂਰ ਖਾਉ, ਕੋਲਡ ਡਰਿੰਕ ਦੀ ਬਜਾਏ ਨਿੰਬੂ ਪਾਣੀ ਦਾ ਇਸਤੇਮਾਲ ਕਰੋ। ਇਸ ਨਾਲ ਸਰੀਰ ‘ਚ ਪਾਣੀ ਦੀ ਕਮੀ ਦੂਰ ਹੋ ਜਾਂਦੀ ਹੈ। ਗਰਮੀ ‘ਚ ਬਾਹਰ ਦਾ ਖਾਣਾ ਖਾਣ, ਖੁੱਲ੍ਹੇ ‘ਚ ਵਿਕਣ ਵਾਲੇ ਤਲੇ ਹੋਏ ਪਦਾਰਥ ਆਦਿ ਤੋਂ ਬੱਚਿਆਂ ਅਤੇ ਬਜੁਰਗਾਂ ਨੂੰ ਦੂਰ ਰੱਖੋ, ਕਾਟਨ ਦੇ ਕੱਪੜੇ ਪਹਿਣਾਓ ਜਾਂ ਘਰ ਤੋਂ ਬਾਹਰ ਜਾਂਦੇ ਸਮੇਂ ਢਿੱਲੇ ਕੱਪੜੇ ਪਹਿਣਾਓ ਤਾਂ ਕਿ ਸਰੀਰ ਨੂੰ ਹਵਾ ਲੱਗਦੀ ਰਹੇ, ਬੱਚੇ ਨੂੰ ਸਕੂਲ ਤੋਂ ਘਰ ਵਾਪਿਸ ਲਿਆਉਂਦੇ ਸਮੇਂ ਛੱਤਰੀ ਦੀ ਵਰਤੋਂ ਕਰੋ, ਘਰ ਨੂੰ ਠੰਡਾ ਰੱਖਣ ਲਈ ਦਰਵਾਜ਼ੇ ਖਿੜਕੀਆਂ ਤੇ ਪਰਦੇ ਲਗਾ ਕੇ ਰੱਖੋ ,ਬਿਨਾਂ ਕੰਮ ਤੋਂ ਘਰ ਤੋਂ ਧੁੱਪ ਵਿੱਚ ਬਾਹਰ ਨਿਕਲਣ ਤੋਂ ਪਰਹੇਜ਼ ਕਰੋ। ਉਨ੍ਹਾਂ ਕਿਹਾ ਕਿ ਲੂ ਦੇ ਲੱਛਣ ਪ੍ਰਗਟ ਹੋਣ ਤੇ ਓ.ਆਰ.ਐੱਸ. ਦਾ ਘੋਲ ਪਿਲਾਇਆ ਜਾਵੇ ਅਤੇ ਡਾਕਟਰੀ ਸਲਾਹ ਲਈ ਜਾਏ।