ਫਿਰੋਜ਼ਪੁਰ ਸਹਿਰੀ ਦੇ ਪਿੰਡ ਬੰਡਾਲਾ ਤੋਂ ਆਰਫ ਕੇ ਤੱਕ ਕੱਢੀ ਗਈ ਵੋਟਰ ਜਾਗਰੂਕਤਾ ਟਰੈਕਟਰ ਰੈਲੀ
ਵਧੀਕ ਡਿਪਟੀ ਕਮਿਸ਼ਨਰ (ਜਨ.) ਨੇ ਹਰੀ ਝੰਡੀ ਦੇ ਕੇ ਕੀਤਾ ਰਵਾਨਾ
18-19 ਸਾਲ ਦੇ ਹਰੇਕ ਨੌਜਵਾਨਾਂ ਵੱਲੋਂ ਬਣਾਈਆਂ ਜਾਣ ਵੱਧ ਤੋਂ ਵੱਧ ਵੋਟਾਂ
ਫਿਰੋਜ਼ਪੁਰ 29 ਦਸੰਬਰ 2021
ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸਨਰ ਦਵਿੰਦਰ ਸਿੰਘ ਦੀ ਅਗਵਾਈ ਹੇਠ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ-2022 ਵਿਚ ਫਿਰੋਜ਼ਪੁਰ ਜ਼ਿਲ੍ਹੇ ਨੂੰ ਮਤਦਾਨ ਦੇ ਖੇਤਰ ਵਿੱਚ ਮੋਹਰੀ ਜ਼ਿਲ੍ਹੇ ਵਿਚ ਸਾਮਲ ਕਰਨ ਲਈ ਵੋਟਰ ਜਾਗਰੂਕਤਾ ਪ੍ਰੋਗਰਾਮ ਦੇ ਤਹਿਤ ਬੁੱਧਵਾਰ ਸਵੇਰੇ ਵਿਸ਼ਾਲ ਵੋਟਰ ਜਾਗਰੂਕਤਾ ਟਰੈਕਟਰ ਰੈਲੀ ਕੱਢੀ ਗਈ। ਇਸ ਵੋਟਰ ਜਾਗਰੂਕਤਾ ਟਰੈਕਟਰ ਰੈਲੀ ਵਿੱਚ ਡਿਪਟੀ ਕਮਿਸਨਰ ਦਵਿੰਦਰ ਸਿੰਘ ਨੇ ਖੁਦ ਟਰੈਕਟਰ ਚਲਾ ਲੋਕਾਂ ਨੂੰ ਵੋਟ ਦੇ ਅਧਿਕਾਰ ਦੀ ਵੱਧ ਤੋਂ ਵੱਧ ਵਰਤੋਂ ਕਰਨ ਲਈ ਜਾਗਰੂਕ ਕੀਤਾ। ਇਸ ਰੈਲੀ ਨੂੰ ਵਧੀਕ ਡਿਪਟੀ ਕਮਿਸ਼ਨਰ (ਜਨ.) ਓਮ ਪ੍ਰਕਾਸ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਤੇ ਲੋਕਾਂ ਨੂੰ ਵੱਧ ਤੋਂ ਵੱਧ ਵੋਟਿੰਗ ਪਾਉਣ ਦੀ ਅਪੀਲ ਕੀਤੀ। ਰੈਲੀ ਵਿੱਚ ਸਕੂਲੀ ਬੱਚਿਆਂ ਨੇ ਹੱਥਾਂ ਵਿੱਚ ਵੋਟਰ ਜਾਗਰੂਕਤਾ ਦੀਆਂ ਤਖਤੀਆਂ ਫੜ ਕੇ ਲੋਕਾਂ ਵਿੱਚ ਜਾਗਰੂਕਤਾ ਫੈਲਾਈ। ਇਹ ਵੋਟਰ ਜਾਗਰੂਕਤਾ ਟਰੈਕਟਰ ਰੈਲੀ ਚੋਣ ਹਲਕਾ 076 ਦੇ ਪਿੰਡ ਬੰਡਾਲਾ ਤੋਂ ਸ਼ੁਰੂ ਹੋ ਕੇ ਆਰਫ ਕੇ ਖਤਮ ਹੋਈ।
ਹੋਰ ਪੜ੍ਹੋ :-36 ਉਦਮੀਆਂ ਨੇ ਲਾਭ ਲੈਣ ਲਈ ਉਦਯੋਗ ਵਿਭਾਗ ਦੇ ਪੋਰਟਲ ਤੇ ਕੀਤਾ ਅਪਲਾਈ -ਚੇਅਰਮੈਨ ਜਿਲ੍ਹਾ ਯੋਜਨਾ ਕਮੇਟੀ
ਇਸ ਮੌਕੇ ਡਿਪਟੀ ਕਮਿਸ਼ਨਰ ਦਵਿੰਦਰ ਸਿੰਘ ਨੇ ਲੋਕਾਂ ਨੂੰ ਵੋਟ ਦੀ ਤਾਕਤ ਤੋਂ ਜਾਣੂੰ ਕਰਵਾਉਂਦਿਆਂ ਪ੍ਰੇਰਣਾ ਦਿੱਤੀ ਕਿ ਲੋਕਤੰਤਰ ਦੀ ਮਜ਼ਬੂਤੀ ਲਈ 18-19 ਸਾਲ ਦੇ ਹਰੇਕ ਨੌਜਵਾਨ ਨੂੰ ਆਪਣਾ ਨਾਮ ਵੋਟਰ ਸੂਚੀ ਵਿੱਚ ਦਰਜ ਕਰਵਾ ਕੇ ਵੋਟ ਦੇ ਅਧਿਕਾਰ ਦਾ ਜ਼ਰੂਰ ਇਸਤੇਮਾਲ ਕਰਨਾ ਚਾਹੀਦਾ ਹੈ, ਕਿਉਂਕਿ ਇੱਕ-ਇੱਕ ਵੋਟ ਹੀ ਦੇਸ਼ ਦੇ ਨਿਰਮਾਣ ਵਿੱਚ ਯੋਗਦਾਨ ਪਾਉਂਦੀ ਹੈ ਉਨ੍ਹਾਂ ਕਿਹਾ ਕਿ ਵੋਟ ਦੇ ਅਧਿਕਾਰ ਦੀ ਵਰਤੋਂ ਕਰਕੇ ਅਸੀਂ ਆਪਣੇ ਮਨ-ਪਸੰਦ ਦੀ ਸਰਕਾਰ ਚੁਣ ਸਕਦੇ ਹਾਂ, ਇਸ ਲਈ ਸਾਨੂੰ ਆਪਣੀ ਵੋਟ ਬਣਾ ਕੇ ਇਸ ਦਾ ਬਿਨਾਂ ਕਿਸੇ ਡਰ, ਭੈਅ ਜਾਂ ਲਾਲਚ ਤੋਂ ਇਸਤੇਮਾਲ ਕਰਨਾ ਚਾਹੀਦਾ ਹੈ ਅਤੇ ਆਪਣੇ ਦੋਸਤਾਂ ਮਿੱਤਰਾਂ, ਸਕੇ ਸਬੰਧੀਆਂ ਨੂੰ ਵੀ ਵੋਟ ਦਾ ਇਸਤੇਮਾਲ ਕਰਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਵਧੀਕ ਡਿਪਟੀ ਕਮਿਸਨਰ ਓਮ ਪ੍ਰਕਾਸ ਨੇ ਕਿਹਾ ਕਿ ਪੋਲਿੰਗ ਬੂਥਾਂ ਤੇ ਬੀਐੱਲਓ ਵੱਲੋਂ ਬੈਠਕੇ ਲੋਕਾਂ ਦੀਆਂ ਵੋਟਾਂ ਬਣਾਉਣ, ਕੱਟਣ ਅਤੇ ਦੁਰੱਸਤੀ ਕਰਨ ਦਾ ਕੰਮ ਜਾਰੀ ਹੈ ਜੇਕਰ ਕਿਸੇ ਨੇ ਵੀ ਆਪਣੀ ਵੋਟ ਬਣਵਾਉਣੀ ਹੈ ਤਾਂ ਉਹ ਆਪਣੇ ਪਿੰਡ ਤੇ ਸਹਿਰ ਦੇ ਬੀਐੱਲਓ ਨੂੰ ਮਿਲ ਕੇ ਵੋਟ ਬਣਵਾ ਸਕਦਾ ਹੈ।
ਇਸ ਮੌਕੇ ਤਹਿਸੀਲਦਾਰ ਭੁਪਿੰਦਰ ਸਿੰਘ, ਚਾਂਦ ਪ੍ਰਕਾਸ਼ ਇਲੈੱਕਸ਼ਨ ਤਹਿਸੀਲਦਾਰ, ਡਿਪਟੀ ਡੀਈਓ ਕੋਮਲ ਅਰੋੜਾ,ਡਿਪਟੀ ਡੀ ਈ ਓ ਸੁਖਵਿੰਦਰ ਸਿੰਘ , ਜ਼ਿਲ੍ਹਾ ਸਵੀਪ ਕੋਆਰਡੀਨੇਟਰ ਡਾ. ਸਤਿੰਦਰ ਸਿੰਘ ,ਅਸ਼ੋਕ ਬਹਿਲ,ਸੰਦੀਪ ਕੁਮਾਰ ਚੋਣ ਸੈਲ, ਸੋਨੂ ,ਸੰਤੋਖ ਤੱਖੀ ਅਤੇ ਕਮਲ ਸ਼ਰਮਾ, ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ,ਅਧਿਆਪਕ ,ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਅਤੇ ਸਕੂਲੀ ਵਿਦਿਆਰਥੀ ਹਾਜ਼ਰ ਸਨ।