ਖਾਲਸਾ ਕਾਲਜ ਤੇ ਗਲੋਬਲ ਬਹੁਤਕਨੀਕੀ ਕਾਲਜ ਦੇ ਸਟਾਫ਼ ਅਤੇ ਵਿਦਿਆਰਥੀਆਂ ਨੂੰ ਭ੍ਰਿਸ਼ਟਾਚਾਰ ਵਿਰੁੱਧ ਮਨਾਏ ਜਾ ਰਹੇ ਹਫ਼ਤੇ ਦੌਰਾਨ ਕੀਤਾ ਜਾਗਰੂਕ

-ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਜਾਗਰੂਕਤਾ ਹਫ਼ਤਾ ਜਾਰੀ
ਪਟਿਆਲਾ, 29 ਅਕਤੂਬਰ

ਐਸ.ਐਸ.ਪੀ. ਵਿਜੀਲੈਂਸ ਬਿਊਰੋ ਪਟਿਆਲਾ ਰੇਂਜ ਸ. ਮਨਦੀਪ ਸਿੰਘ ਸਿੱਧੂ ਦੀ ਅਗਵਾਈ ‘ਚ ਮਨਾਏ ਜਾ ਰਹੇ ਭ੍ਰਿਸ਼ਟਾਚਾਰ ਵਿਰੁੱਧ ਜਾਗਰੂਕਤਾ ਹਫ਼ਤੇ ਤਹਿਤ ਅੱਜ ਗਲੋਬਲ ਬਹੁਤਕਨੀਕੀ ਕਾਲਜ ਅਤੇ ਖਾਲਸਾ ਕਾਲਜ ਪਟਿਆਲਾ ਵਿਖੇ ਸੈਮੀਨਾਰ ਕਰਵਾਏ ਗਏ।
ਡੀ.ਐਸ.ਪੀ. ਸਤਪਾਲ ਸਿੰਘ ਤੇ ਇੰਸਪੈਕਟਰ ਰਵੀ ਕੁਮਾਰ ਵੱਲੋਂ ਗਲੋਬਲ ਬਹੁਤਕਨੀਕੀ ਕਾਲਜ ਰੱਖੜਾ ਵਿਖੇ ਕਰਵਾਏ ਸੈਮੀਨਾਰ ਦੌਰਾਨ ਸਟਾਫ਼ ਅਤੇ 80 ਦੇ ਕਰੀਬ ਵਿਦਿਆਰਥੀਆਂ ਨੂੰ ਵਿਜੀਲੈਂਸ ਬਿਊਰੋ ਦੇ ਕੰਮਾਂ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ ਭ੍ਰਿਸ਼ਟਾਚਾਰ ਵਿਰੁੱਧ ਜਾਗਰੂਕਤਾ ਸਬੰਧੀ ਪੈਫ਼ਲੇਟ ਵੰਡੇ ਗਏ।
ਇਸੇ ਤਰ੍ਹਾਂ ਡੀ.ਐਸ.ਪੀ. ਜਤਿੰਦਰਪਾਲ ਸਿੰਘ ਵੱਲੋਂ ਖਾਲਸਾ ਕਾਲਜ ਵਿਖੇ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ, ਪ੍ਰੋ. ਸਰਬਜੀਤ ਸਿੰਘ ਆਹਲੂਵਾਲੀਆ ਤੇ ਡਾ. ਤੇਜਿੰਦਰਪਾਲ ਸਿੰਘ ਦੀ ਹਾਜ਼ਰੀ ‘ਚ 200 ਦੇ ਕਰੀਬ ਆਨਲਾਈਨ ਵਿਦਿਆਰਥੀਆਂ ਨੂੰ ਭ੍ਰਿਸ਼ਟਾਚਾਰ ਵਿਰੁੱਧ ਮਨਾਏ ਜਾ ਰਹੇ ਹਫ਼ਤੇ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਵਿਜੀਲੈਂਸ ਬਿਊਰੋ ਪੰਜਾਬ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਕੀਤੀਆਂ ਜਾਣ ਵਾਲੀਆਂ ਕਾਰਵਾਈਆਂ ਸਬੰਧੀ ਜਾਣੂ ਕਰਵਾਇਆ ਗਿਆ ਅਤੇ ਭ੍ਰਿਸ਼ਟ ਅਧਿਕਾਰੀਆਂ/ਕਰਮਚਾਰੀਆਂ ਵਿਰੁੱਧ ਸੂਚਨਾਵਾਂ ਦੇਣ ਲਈ ਵਿਜੀਲੈਂਸ ਬਿਊਰੋ ਪੰਜਾਬ ਦੀ ਮੇਲ ਆਈਡੀ, ਦਫ਼ਤਰ ਸੀਨੀਅਰ ਕਪਤਾਨ ਪੁਲਿਸ ਵਿਜੀਲੈਂਸ ਬਿਊਰੋ ਪਟਿਆਲਾ ਰੇਂਜ ਪਟਿਆਲਾ ਅਤੇ ਵਿਜੀਲੈਂਸ ਬਿਊਰੋ ਯੂਨਿਟ ਪਟਿਆਲਾ ਦੇ ਟੈਲੀਫੋਨ ਨੰਬਰਾਂ ਸਬੰਧੀ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਸ੍ਰੀ ਕਰਮਜੀਤ ਸਿੰਘ, ਸ੍ਰੀ ਤਰਲੋਚਨ ਸਿੰਘ, ਸ੍ਰੀ ਰਾਜਿੰਦਰ ਬਾਂਸਲ, ਸ੍ਰੀ ਸਤਪਾਲ ਸਿੰਘ ਵੀ ਮੌਜੂਦ ਸਨ।

Spread the love